Home / ਪੰਜਾਬ / ਲੌਂਗੋਵਾਲ ‘ਚ ਦਰਦਨਾਕ ਹਾਦਸਾ

ਲੌਂਗੋਵਾਲ ‘ਚ ਦਰਦਨਾਕ ਹਾਦਸਾ

ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ
ਇਕ ਦਿਨ ਪਹਿਲਾਂ ਹੀ 25 ਹਜ਼ਾਰ ਰੁਪਏ ‘ਚ ਕਬਾੜ ਦੀ ਦੁਕਾਨ ਤੋਂ ਖਰੀਦੀ ਸੀ ਸਕੂਲ ਵੈਨ
ਲੌਂਗੋਵਾਲ/ਬਿਊਰੋ ਨਿਊਜ਼ : ਲੌਂਗੋਵਾਲ ਵਿਚ ਸ਼ਨੀਵਾਰ ਨੂੰ ਸਕੂਲ ਵਿੱਚੋਂ ਨਿਕਲਣ ਸਾਰ ਹੀ ਸਿੱਧਸਰ ਰੋਡ ਉੱਤੇ ਮਾਰੂਤੀ ਸਕੂਲ ਵੈਨ ਜੋ ਬੱਚਿਆਂ ਨਾਲ ਭਰੀ ਹੋਈ ਸੀ, ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਦਰਦਨਾਕ ਹਾਦਸੇ ਵਿੱਚ ਚਾਰ ਬੱਚੇ ਜਿਊਂਦੇ ਸੜ ਗਏ। ਮ੍ਰਿਤਕਾਂ ਵਿੱਚ ਤਿੰਨ ਸਾਲ ਦੀ ਬੱਚੀ ਵੀ ਸ਼ਾਮਲ ਹੈ। ਇਹ ਵੈਨ ਸਿਮਰਨ ਪਬਲਿਕ ਸਕੂਲ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦੀ ਸੀ, ਜੋ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਟਰਾਂਸਪੋਰਟ ਤੇ ਟਰੈਫਿਕ ਨਿਯਮਾਂ ਦੀ ਉਡਾਈਆਂ ਜਾ ਰਹੀਆਂ ਧੱਜੀਆਂ ਅਤੇ ਸਰਕਾਰੀ ਮਹਿਕਮਿਆਂ ਦੀ ਕਾਰਗੁਜ਼ਾਰੀ ‘ਤੇ ਚਰਚਾ ਛਿੜ ਗਈ। ਪੁਲਿਸ ਨੇ ਲੋਕ ਰੋਹ ਅੱਗੇ ਝੁਕਦਿਆਂ ਸਕੂਲ ਮਾਲਕ ਅਤੇ ਵੈਨ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਪਤਾ ਲੱਗਾ ਹੈ ਕਿ ਇਸ ਵੈਨ ਨੂੰ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਕਬਾੜ ਦੀ ਦੁਕਾਨ ਤੋਂ 25 ਹਜ਼ਾਰ ਰੁਪਏ ਖਰੀਦਿਆ ਗਿਆ ਸੀ ਅਤੇ ਪਹਿਲੇ ਦਿਨ ਹੀ ਇਹ ਵੈਨ ਬੱਚਿਆਂ ਨੂੰ ਘਰੀਂ ਛੱਡਣ ਜਾ ਰਹੀ ਸੀ।
ਸਿਮਰਨ ਪਬਲਿਕ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਜੋ ਇਸ ਵੈਨ ਵਿੱਚ ਸਵਾਰ ਸੀ, ਨੇ ਦੱਸਿਆ ਕਿ ਜਦੋਂ ਛੁੱਟੀ ਤੋ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਵੈਨ ਨੂੰ ਅਚਾਨਕ ਅੱਗ ਲੱਗ ਗਈ। ਰਾਹਗੀਰਾਂ ਦੀ ਮਦਦ ਨਾਲ ਵੈਨ ਵਿਚੋਂ ਅੱਠ ਬੱਚਿਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਵੈਨ ਦੀ ਤਾਕੀ ਨਾ ਖੁੱਲ੍ਹਣ ਕਾਰਨ ਚਾਰ ਬੱਚੇ ਵੈਨ ਦੇ ਵਿੱਚ ਹੀ ਸੜ ਗਏ ਕਿਉਂਕਿ ਵੈਨ ਦੀਆਂ ਤਾਕੀਆਂ ਨਹੀਂ ਖੁੱਲ੍ਹ ਸਕੀਆਂ। ਮ੍ਰਿਤਕ ਬੱਚਿਆਂ ਵਿੱਚ ਕਮਲਪ੍ਰੀਤ ਕੌਰ, ਸਿਮਰਜੀਤ ਸਿੰਘ, ਨਵਜੋਤ ਕੌਰ ਤੇ ਅਰਾਧਿਆ ਸ਼ਾਮਲ ਹੈ।
ਮ੍ਰਿਤਕਾਂ ‘ਚ ਸਿਮਰਨਜੀਤ ਸਿੰਘ, ਕਮਲਪ੍ਰੀਤ ਕੌਰ ਅਤੇ ਨਵਜੋਤ ਕੌਰ ਇਕੋ ਪਰਿਵਾਰ ਨਾਲ ਸਬੰਧਤ ਸਨ। ਇਸ ਮੌਕੇ ਪੰਚ ਸੁਰਿੰਦਰ ਸਿੰਘ ਪਿੰਡੀ ਅਮਰ ਸਿੰਘ ਵਾਲੀ ਨੇ ਦੱਸਿਆ ਕਿ ਇਸ ਵੈਨ ਵਿੱਚ ਗੈਸ ਸਿਲੰਡਰ ਫਿੱਟ ਸੀ ਤੇ ਵੈਨ ਵੀ ਬਹੁਤ ਪੁਰਾਣੀ ਸੀ। ਘਟਨਾ ਦਾ ਪਤਾ ਲੱਗਦਿਆਂ ਸਾਰ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਘਟਨਾ ਸਥਾਨ ਉੱਤੇ ਪੁੱਜੇ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਪੁਲਿਸ ਨੇ ਆਈਪੀਸੀ ਦੀ ਧਾਰਾ 303 ਤਹਿਤ ਸਕੂਲ ਦੇ ਪ੍ਰਿੰਸੀਪਲ, ਪ੍ਰਬੰਧਕਾਂ ਵੈਨ ਦੇ ਮਾਲਕ ਅਤੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਵੈਨ 1990 ਮਾਡਲ ਸੀ। ਵੈਨ ਵਿੱਚ ਗੈਸ ਸਿਲੰਡਰ ਫਿੱਟ ਸੀ। ਇਸ ਦੌਰਾਨ ਹੀ ਘਟਨਾ ਸਥਾਨ ਉੱਤੇ ਹਾਜ਼ਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਜੋ ਕਿ ਸੰਗਰੂਰ ਤੋਂ ਵਿਧਾਇਕ ਹਨ, ਨੇ ਦੱਸਿਆ ਕਿ ਪ੍ਰਾਈਵੇਟ ਸਿਮਰਨ ਸਕੂਲ ਨੇ ਸ਼ੁੱਕਰਵਾਰ ਨੂੰ ਹੀ ਵੈਨ ਖਰੀਦੀ ਸੀ ਅਤੇ ਇਹ ਬਹੁਤ ਹੀ ਪੁਰਾਣੀ ਸੀ।
ਉਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਆਸ਼ਰਿਤਾਂ ਨੂੰ ਸਵਾ ਸੱਤ-ਸੱਤ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਐਲਾਨੀ ਹੈ। ਇਸ ਦੌਰਾਨ ਹੀ ਘਟਨਾ ਸਥਾਨ ਉੱਤੇ ਪੁੱਜੇ ਹਲਕੇ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਕਿ ਸਕੂਲ ਦੇ ਪ੍ਰਬੰਧਕਾਂ ਅਤੇ ਵੈਨ ਦੇ ਮਾਲਕ ਵਿਰੁੱਧ ਕਤਲ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਨ ਵਿੱਚ ਇੱਕ ਤਿੰਨ ਸਾਲ ਦੀ ਵਿਦਿਆਰਥਣ ਸੀ ਜੋ ਕਿ ਪਹਿਲੇ ਦਿਨ ਹੀ ਸਕੂਲ ਗਈ ਸੀ। ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਟਵੀਟ ਕਰਕੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਹਰੇਕ ਪੀੜਤ ਪਰਿਵਾਰ ਲਈ 7.25 ਲੱਖ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਲੌਂਗੋਵਾਲ ਨੇੜੇ ਸਕੂਲ ਵੈਨ ਨੂੰ ਅੱਗ ਲੱਗਣ ਦੀ ਘਟਨਾ ‘ਚ ਚਾਰ ਬੱਚਿਆਂ ਦੀ ਦਰਦਨਾਕ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਹਰੇਕ ਪੀੜਤ ਪਰਿਵਾਰ ਨੂੰ 7.25 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਸਾਰੀਆਂ ਸਕੂਲ ਬੱਸਾਂ ਦੀ ਸੂਬਾ ਪੱਧਰੀ ਚੈਕਿੰਗ ਤੁਰੰਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਤਾਂ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਵਿੱਖ ‘ਚ ਅਜਿਹੇ ਦੁਖਦਾਇਕ ਹਾਦਸਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰਾਂ ਨੂੰ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ ‘ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਿਦਿਆਰਥੀਆਂ ਦੇ ਆਉਣ-ਜਾਣ ਲਈ ਵਰਤੇ ਜਾਂਦੇ ਖਰਾਬ ਵਾਹਨਾਂ ਦੀ ਵਰਤੋਂ ਕਰਨ ‘ਤੇ ਸਕੂਲ ਪ੍ਰਬੰਧਕਾਂ ‘ਤੇ ਵੀ ਨਜ਼ਰ ਰੱਖਣ ਲਈ ਆਖਿਆ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਹੁਕਮ ਦਿੱਤੇ ਕਿ ਮੋਟਰ ਵਹੀਕਲ ਐਕਟ ਦੇ ਵੱਖ-ਵੱਖ ਉਪਬੰਧਾਂ ਤਹਿਤ ਤੈਅ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੇ ਜਾਣ ‘ਤੇ ਜ਼ਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।
ਵੈਨ ਹਾਦਸਾ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਨਤੀਜਾ : ਭਗਵੰਤ ਮਾਨ
ਸੰਗਰੂਰ ਤੋਂ ਮੈਂਬਰ ਲੋਕ ਸਭਾ ਭਗਵੰਤ ਮਾਨ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ। ਮਾਨ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਨੀਤੀ ਲਿਆਉਣੀ ਚਾਹੀਦੀ ਹੈ, ਜਿਸ ਤਹਿਤ ਲੜੀਵਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਨਾਲ ਇਸ ਮੌਕੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੀ ਮੌਜੂਦ ਸਨ।
ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ : ਢੀਂਡਸਾ
ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਮੌਕੇ ‘ਤੇ ਪਹੁੰਚ ਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …