Breaking News
Home / ਸੰਪਾਦਕੀ / ਦਿੱਲੀ ਚੋਣਾਂ ਵਿਚ ਆਪ ਦੀ ਜਿੱਤ ਅਤੇ ਪੰਜਾਬ ‘ਤੇ ਪੈਣ ਵਾਲੇ ਭਵਿੱਖੀ ਅਸਰ

ਦਿੱਲੀ ਚੋਣਾਂ ਵਿਚ ਆਪ ਦੀ ਜਿੱਤ ਅਤੇ ਪੰਜਾਬ ‘ਤੇ ਪੈਣ ਵਾਲੇ ਭਵਿੱਖੀ ਅਸਰ

ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਉਤਸ਼ਾਹਿਤ ਕੀਤਾ ਹੈ, ਉਥੇ ਭਾਜਪਾ ਨੂੰ ਵੀ ਆਤਮ ਚਿੰਤਨ ਲਈ ਮਜਬੂਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਚੋਣਾਂ ‘ਚ ਤਕੜੀ ਹਾਰ ਨੇ ਇਕ ਤਰ੍ਹਾਂ ਨਾਲ ਭਾਰਤ ਅੰਦਰ ਫ਼ਿਰਕੂ ਰਾਜਨੀਤੀ ਦੇ ਵਰਤਾਰੇ ਨੂੰ ਥੰਮ ਕੇ ਰੱਖ ਦਿੱਤਾ ਹੈ। ਭਾਵੇਂਕਿ 70 ਵਿਚੋਂ ਭਾਰਤੀ ਜਨਤਾ ਪਾਰਟੀ ਨੂੰ 8 ਸੀਟਾਂ ਹੀ ਮਿਲੀਆਂ ਹਨ ਅਤੇ ਇਹ ਇਸ ਗੱਲ ਦਾ ਧਰਵਾਸ ਵੀ ਜਤਾ ਰਹੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਸਿਰਫ 3 ਸੀਟਾਂ ਹੀ ਮਿਲੀਆਂ ਸਨ ਅਤੇ ਇਸ ਵਾਰ ਉਸ ਦਾ ਵੋਟ ਫ਼ੀਸਦੀ ਵੀ 32.3 ਤੋਂ ਵੱਧ ਕੇ 38.52 ਫ਼ੀਸਦੀ ਹੋ ਗਿਆ ਹੈ। ਪਰ ਇਸ ਦੇ ਨਾਲ ਹੀ ਜਿੰਨੀ ਸਿਆਸੀ ਦੁਰਗਤੀ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦੀ ਹੋਈ ਹੈ, ਉਸ ਨਾਲ ਇਸ ਪਾਰਟੀ ਦੇ ਹੋਰ ਵੀ ਢਹਿੰਦੀਆਂ ਕਲਾ ਵਿਚ ਜਾਣ ਦੀ ਸੰਭਾਵਨਾ ਬਣ ਗਈ ਹੈ। ਪਿਛਲੀ ਵਿਧਾਨ ਸਭਾ ਵਿਚ ਵੀ ਕਾਂਗਰਸ ਨੂੰ ਕੋਈ ਸੀਟ ਪ੍ਰਾਪਤ ਨਹੀਂ ਸੀ ਹੋਈ। ਇਸ ਵਾਰ ਵੀ ਉਸ ਨੂੰ ਕੋਈ ਸੀਟ ਨਹੀਂ ਮਿਲੀ। ਇਸ ਦਾ ਵੋਟ ਫ਼ੀਸਦੀ ਵੀ 9.7 ਫ਼ੀਸਦੀ ਤੋਂ ਘੱਟ ਕੇ 4.25 ਫ਼ੀਸਦੀ ਰਹਿ ਗਿਆ ਹੈ।
ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਕਾਰਨ ਪਿਛਲੇ 5 ਸਾਲਾਂ ਵਿਚ ਕੇਜਰੀਵਾਲ ਸਰਕਾਰ ਵਲੋਂ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵਿਚ ਕੀਤਾ ਗਿਆ ਵਾਧਾ ਹੈ। ਇਸ ਵਿਚ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣਾ, ਸਿਹਤ ਸਹੂਲਤਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ, ਪਾਣੀ ਦੀ ਸਪਲਾਈ ਵਿਚ ਸੁਧਾਰ ਅਤੇ ਬਿਜਲੀ ਦੀਆਂ ਦਰਾਂ ਵਿਚ ਕਮੀ ਕਰਨਾ ਆਦਿ ਸੀ। ਇਸ ਤੋਂ ਇਲਾਵਾ ਕੇਜਰੀਵਾਲ ਨੇ ਦੂਜੀਆਂ ਸਿਆਸੀ ਪਾਰਟੀਆਂ ਵਾਂਗ ਪਾਣੀ ਅਤੇ ਬਿਜਲੀ ਦੇ ਬਿੱਲਾਂ ਵਿਚ ਇਕ ਪੱਧਰ ਤੱਕ ਛੋਟ ਦੇਣ ਅਤੇ ਤਿੰਨ ਕੁ ਮਹੀਨੇ ਪਹਿਲਾਂ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਦੇ ਮੁਕਾਬਲੇ ਵਿਚ ਭਾਰਤੀ ਜਨਤਾ ਪਾਰਟੀ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਮ ਮੰਦਰ ਦੀ ਉਸਾਰੀ ਤੋਂ ਲੈ ਕੇ ਇਕ ਫ਼ਿਰਕੇ ਨੂੰ ਭਰਮਾਉਣ ਲਈ ਪੂਰੀ ਵਾਹ ਲਾਈ ਪਰ ਅਖੀਰ ਵਿਚ ਉਸ ਵਲੋਂ ਖੇਡਿਆ ਗਿਆ ਇਹ ਫ਼ਿਰਕੂ ਪੱਤਾ ਬਹੁਤਾ ਕੰਮ ਨਹੀਂ ਆ ਸਕਿਆ। ਇਸ ਤੋਂ ਇਲਾਵਾ ਨਾਗਰਿਕਤਾ ਸੋਧ ਕਾਨੂੰਨ ਵਿਚ ਮੁਸਲਮਾਨ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੇ ਅਮਲ ਵਿਚੋਂ ਬਾਹਰ ਰੱਖਣ ਨਾਲ ਜੋ ਵਿਵਾਦ ਪੈਦਾ ਹੋਇਆ ਅਤੇ ਜਿਸ ਤਰ੍ਹਾਂ ਭਾਜਪਾ ਦੀ ਇਸ ਨੀਤੀ ਵਿਰੁੱਧ ਆਮ ਲੋਕਾਂ ਨੇ ਪ੍ਰਤੀਕਰਮ ਪ੍ਰਗਟਾਇਆ, ਉਸ ਦਾ ਖਮਿਆਜ਼ਾ ਵੀ ਪਾਰਟੀ ਨੂੰ ਭੁਗਤਣਾ ਪਿਆ। ਚਾਹੇ ਇਸੇ ਦੌਰਾਨ ਸ਼ਾਹੀਨ ਬਾਗ਼ ਵਰਗੇ ਲੰਮੇ ਧਰਨਿਆਂ ਵਿਰੁੱਧ ਪ੍ਰਚਾਰ ਕਰਕੇ ਭਾਜਪਾ ਇਹ ਉਮੀਦ ਕਰਦੀ ਸੀ ਕਿ ਇਸ ਨਾਲ ਹਿੰਦੂ ਭਾਈਚਾਰਾ ਉਸ ਵੱਲ ਝੁਕੇਗਾ, ਪਰ ਉਸ ਦਾ ਲੋਕ ਮਨਾਂ ‘ਤੇ ਬਹੁਤਾ ਅਸਰ ਨਹੀਂ ਹੋਇਆ।
ਸਾਲ 2014 ਵਿਚ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਜਦੋਂ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਨੂੰ ਇਸ ਤੋਂ ਵੱਡਾ ਹੁੰਗਾਰਾ ਮਿਲਿਆ ਸੀ ਤਾਂ ਇਸ ਚਕਾਚੌਂਧ ਵਿਚ ਕੇਜਰੀਵਾਲ ਬੁਰੀ ਤਰ੍ਹਾਂ ਫੈਲਦਾ ਨਜ਼ਰ ਆਇਆ ਸੀ। ਉਸ ਨੇ ਦੇਸ਼ ਭਰ ਵਿਚ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ ਪਰ ਪੰਜਾਬ ਤੋਂ ਬਿਨਾਂ ਉਸ ਨੂੰ ਕਿਤੇ ਵੀ ਕੋਈ ਹੁੰਗਾਰਾ ਨਹੀਂ ਸੀ ਮਿਲਿਆ। ਜਿਸ ਤਰ੍ਹਾਂ ਦੀ ਸਿਆਸਤ ਉਸ ਨੇ ਪਾਰਟੀ ਦੇ ਨਾਂਅ ‘ਤੇ ਪੰਜਾਬ ਵਿਚ ਕੀਤੀ ਸੀ, ਉਸ ਨੇ ਵੀ ਅਖ਼ੀਰ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ ਸੀ। ਪਾਰਟੀ ਦੀ ਪੰਜਾਬ ਇਕਾਈ ਤਿੜਕਣ ਲੱਗੀ ਸੀ ਅਤੇ ਅੰਦਰੂਨੀ ਪਾਟੋਧਾੜ ਦਾ ਸ਼ਿਕਾਰ ਹੋ ਗਈ ਸੀ। ਐਚ.ਐਸ. ਫੂਲਕਾ, ਸੁਖਪਾਲ ਸਿੰਘ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਹਾ ਵਲੋਂ ਪਾਰਟੀ ਨੂੰ ਅਲਵਿਦਾ ਕਹਿਣ ‘ਤੇ ਇਹ ਪਾਰਟੀ ਹੋਰ ਵੀ ਕਮਜ਼ੋਰ ਦਿਖਾਈ ਦਿੱਤੀ ਸੀ। ਪਰ ਹੁਣ ਦਿੱਲੀ ਦੀ ਜਿੱਤ ਤੋਂ ਬਾਅਦ ਇਸ ਦੀ ਪੰਜਾਬ ਇਕਾਈ ਵਿਚ ਫਿਰ ਤੋਂ ਉਤਸ਼ਾਹ ਪੈਦਾ ਹੋਣਾ ਕੁਦਰਤੀ ਹੈ। ਪਰ ਇਹ ਗੱਲ ਯਕੀਨੀ ਹੈ ਕਿ ਜੇਕਰ ਇਸ ਨੇ ਪਹਿਲਾਂ ਵਰਗੀਆਂ ਹੀ ਆਪਣੀਆਂ ਕਾਰਵਾਈਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਤਾਂ ਇਸ ਦਾ ਉਤਸ਼ਾਹ ਮੱਠਾ ਪੈ ਜਾਏਗਾ, ਕਿਉਂਕਿ ਪਿਛਲੇ ਅਰਸੇ ਵਿਚ ਪਰਵਾਸੀ ਪੰਜਾਬੀਆਂ ਦੇ ਨਾਲ-ਨਾਲ ਆਮ ਲੋਕ ਵੀ ਇਸ ਤੋਂ ਨਿਰਾਸ਼ ਹੋ ਗਏ ਸਨ। ਇਸ ਸਮੇਂ ਪੰਜਾਬ ਸਿਆਸੀ ਨਿਰਾਸ਼ਾ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਕਾਂਗਰਸ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਵਫ਼ਾ ਨਹੀਂ ਹੋ ਸਕੇ। ਲੋਕਾਂ ਦੀਆਂ ਜਾਗੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ।
ਇਸ ਵਿਚ ਸ਼ੱਕ ਨਹੀਂ ਕਿ ਪਿਛਲੇ ਕਈ ਸਾਲਾਂ ਦੇ ਤਜਰਬੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਵਿਚ ਵੱਡਾ ਬਦਲਾਅ ਆਇਆ ਦੇਖਿਆ ਜਾ ਸਕਦਾ ਹੈ। ਉਸ ਦੀ ਪਹੁੰਚ ਅਤੇ ਸੋਚ ਵਿਚ ਵੀ ਉਸਾਰੂਪਣ ਦਿਖਾਈ ਦਿੰਦਾ ਹੈ। ਇਸ ਗੱਲ ਤੋਂ ਥੋੜ੍ਹਾ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਇਸ ਵਾਰ ਸ਼ਾਇਦ ਉਹ ਪੰਜਾਬ ਵਿਚ ਵੀ ਪਿਛਲੇ ਸਮੇਂ ਵਰਗੀਆਂ ਗ਼ਲਤੀਆਂ ਨਹੀਂ ਦੁਹਰਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਲੀਹਾਂ ‘ਤੇ ਲਿਜਾਣ ਲਈ ਯਤਨਸ਼ੀਲ ਹੋਣਗੇ। ਅਜਿਹੀ ਆਸ ਦੀ ਕਿਰਨ ਅੱਜ ਪੰਜਾਬ ਵਿਚ ਉਸ ਦੀ ਬਚੀ-ਖੁਚੀ ਪਾਰਟੀ ਦੇ ਆਗੂਆਂ ਨੂੰ ਦਿਖਾਈ ਦਿੰਦੀ ਹੈ। ਪਰ ਆਉਣ ਵਾਲੇ ਸਮੇਂ ਵਿਚ ਪਾਰਟੀ ਪੰਜਾਬ ‘ਚ ਕਿਸ ਤਰ੍ਹਾਂ ਵਿਚਰਦੀ ਹੈ, ਬਹੁਤਾ ਕੁਝ ਇਸ ਗੱਲ ‘ਤੇ ਹੀ ਨਿਰਭਰ ਕਰੇਗਾ।
ਕੇਜਰੀਵਾਲ ਨੂੰ ਦਿੱਲੀ ਦੀ ਤਰ੍ਹਾਂ ਹੀ ਪੰਜਾਬ ਨੂੰ ਲੈ ਕੇ ਵੀ ਆਪਣੀ ਰਾਜਨੀਤੀ ਬਦਲਣ ਦੀ ਜ਼ਰੂਰਤ ਹੋਵੇਗੀ। ਜਿਸ ਤਰ੍ਹਾਂ ਦਿੱਲੀ ਵਿਚ ਕੇਜਰੀਵਾਲ ਨੇ ਆਪਣੀਆਂ ਨੀਤੀਆਂ ਵਿਚ ਵੱਡੀ ਤਬਦੀਲੀ ਲਿਆਂਦੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਉਸ ਨੂੰ ਆਪਣੀਆਂ ਨੀਤੀਆਂ ਅਤੇ ਤਰਜੀਹਾਂ ਬਦਲਣੀਆਂ ਪੈਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਇਹ ਗੱਲ ਵੀ ਪ੍ਰਮਾਣਿਤ ਹੋ ਜਾਂਦੀ ਹੈ ਕਿ ਲੋਕ ਮਸਲਿਆਂ ਨਾਲ ਜੁੜਨ ਵਾਲੀਆਂ ਪਾਰਟੀਆਂ ਨੂੰ ਹੀ ਅਖ਼ੀਰ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲਦਾ ਹੈ। ਆਉਂਦੇ ਸਮੇਂ ਵਿਚ ਕੇਜਰੀਵਾਲ ਦੀ ਦਿੱਲੀ ਸਰਕਾਰ ‘ਤੇ ਲੋਕਾਂ ਵਲੋਂ ਹੋਰ ਵੀ ਵਧੇਰੇ ਉਮੀਦਾਂ ਲਾਈਆਂ ਜਾਣਗੀਆਂ, ਜਿਸ ਕਾਰਨ ਉਸ ਦੀ ਜ਼ਿੰਮੇਵਾਰੀ ਵਿਚ ਹੋਰ ਵੀ ਵੱਡਾ ਵਾਧਾ ਹੋ ਜਾਏਗਾ। ਆਉਂਦੇ ਦਿਨਾਂ ਵਿਚ ਪੰਜਾਬ ਅੰਦਰ ਇਹ ਪਾਰਟੀ ਕਿਸ ਢੰਗ ਨਾਲ ਵਿਚਰਦੀ ਹੈ, ਉਸ ਨੂੰ ਵੀ ਵੱਡੀ ਦਿਲਚਸਪੀ ਨਾਲ ਵੇਖਿਆ ਜਾਏਗਾ, ਕਿਉਂਕਿ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਵੱਡਾ ਨਿਘਾਰ ਆਇਆ ਦੇਖਿਆ ਜਾ ਰਿਹਾ ਹੈ। ਇਸ ਵਿਚੋਂ ਨਿਕਲਣ ਲਈ ਸਿਆਸਤਦਾਨਾਂ ਨੂੰ ਲੋਕਾਂ ਵਿਚ ਮੁੜ ਉਤਸ਼ਾਹ ਅਤੇ ਵਿਸ਼ਵਾਸਯੋਗਤਾ ਪੈਦਾ ਕਰਨੀ ਪਵੇਗੀ।

Check Also

ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ

ਪਾਕਿ ਦੇ ਕਬਜ਼ੇ ਕਸ਼ਮੀਰ ਦੇ ਹਾਲਾਤ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ, …