Breaking News
Home / ਪੰਜਾਬ / ਗੁਰੂ ਨਾਨਕ ਦੇ ਫਲਸਫੇ ‘ਤੇ ਚੱਲ ਕੇ ਹੀ ਧਰਤੀ ਨੂੰ ਆਲਮੀ ਤਪਸ਼ ਤੋਂ ਬਚਾਇਆ ਜਾ ਸਕਦਾ : ਡਾ. ਸਵਰਾਜ ਸਿੰਘ

ਗੁਰੂ ਨਾਨਕ ਦੇ ਫਲਸਫੇ ‘ਤੇ ਚੱਲ ਕੇ ਹੀ ਧਰਤੀ ਨੂੰ ਆਲਮੀ ਤਪਸ਼ ਤੋਂ ਬਚਾਇਆ ਜਾ ਸਕਦਾ : ਡਾ. ਸਵਰਾਜ ਸਿੰਘ

ਕੁਦਰਤ ਦਾ ਸਭ ਤੋਂ ਵੱਧ ਨੁਕਸਾਨ ਮਨੁੱਖ ਨੇ ਕੀਤਾ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਨੂੰ ਸਮਰਪਿਤ ਦੋ ਰੋਜ਼ਾ ਵਿਸ਼ਵ ਵਾਤਾਵਰਨ ਕਾਨਫਰੰਸ ਦੌਰਾਨ ਬੁਲਾਰਿਆਂ ਨੇ ਸੰਸਾਰ ਨੂੰ ਆਲਮੀ ਤਪਸ਼ ਤੋਂ ਬਚਾਉਣ ਲਈ ਗੁਰੂ ਨਾਨਕ ਦੇ ਫਲਸਫੇ ‘ਤੇ ਚੱਲਣ ਦਾ ਸੱਦਾ ਦਿੱਤਾ। ਅਮਰੀਕਾ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਡਾ. ਸਵਰਾਜ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਵਿਚ ਵਾਤਾਵਰਨ ਨੂੰ ਬਚਾਉਣ ਦੇ ਸੰਕਲਪ ‘ਤੇ ਬੋਲਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਗੁਰੂ ਨਾਨਕ ਦੇਵ ਜੀ ਦਾ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸਰਵੋਤਮ ਸੰਕਲਪ ਹੈ। ਇਹ ਮਨੁੱਖ ਨੂੰ ਕੁਦਰਤ ਨਾਲ ਜੋੜਦਾ ਹੈ ਅਤੇ ਉਸ ਵਿੱਚ ਅਹਿਸਾਸ ਜਗਾਉਂਦਾ ਹੈ ਕਿ ਉਹ ਕੁਦਰਤ ਦਾ ਹੀ ਅੰਗ ਹੈ। ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤ ਦਾ ਨੁਕਸਾਨ ਜਿੰਨਾ ਮਨੁੱਖ ਕਰ ਰਿਹਾ ਹੈ ਓਨਾ ਹੋਰ ਕੋਈ ਨਹੀਂ ਕਰ ਰਿਹਾ। ਇਸ ਮੌਕੇ ਪਰਾਲੀ ਨਾ ਸਾੜਨ ਵਾਲੇ ਪੰਜ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਹੜੇ ਚਾਰ-ਪੰਜ ਸਾਲਾਂ ਤੋਂ ਪਰਾਲੀ ਖੇਤਾਂ ਵਿੱਚ ਵਾਹ ਰਹੇ ਹਨ। ਇਨ੍ਹਾਂ ਕਿਸਾਨਾਂ ਵਿੱਚ ਤੇਗਾ ਸਿੰਘ, ਅਮਰਜੀਤ ਸਿੰਘ ਭੰਗੂ, ਜਗਮੋਹਣ ਸਿੰਘ ਜੈਸਿੰਘ ਵਾਲਾ ਅਤੇ ਸਤਨਾਮ ਸਿੰਘ ਫਾਜ਼ਲਵਾਲਾ ਸ਼ਾਮਿਲ ਸਨ। ਇਸ ਮੌਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਅਤੇ ਮੈਂਬਰ ਬਾਬੂ ਰਾਮ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਦਇਆ ਸਿੰਘ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਸੁਖਜੀਤ ਸਿੰਘ ਸੀਚੇਵਾਲ, ਨਰਪਾਲ ਸਿੰਘ ਸ਼ੇਰਗਿੱਲ, ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਆਦਿ ਹਾਜ਼ਰ ਸਨ।
ਰਾਜਸਥਾਨ ਵੱਲੋਂ ਸਤਲੁਜ ਦਾ ਪਾਣੀ ਗੰਧਲਾ ਨਾ ਕਰਨ ਦੀ ਅਪੀਲ
ਇਸ ਮੌਕੇ ਰਾਜਸਥਾਨ ਤੋਂ ਬੀਬੀ ਸ਼ਬਨਮ ਗੋਦਾਰਾ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਲੀਤ ਪਾਣੀ ਰਾਜਸਥਾਨ ਦੇ 8 ਜ਼ਿਲ੍ਹਿਆਂ ਵਿੱਚ ਰਹਿੰਦੇ 2 ਕਰੋੜ ਲੋਕ ਪੀ ਰਹੇ ਹਨ। ਉਥੋਂ ਦੇ ਲੋਕ ਇਹ ਪਾਣੀ ਪੀ ਕੇ ਕੈਂਸਰ ਨਾਲ ਪੀੜਤ ਹੋ ਰਹੇ ਹਨ। ਸ਼ਬਨਮ ਗੋਦਾਰਾ ਨੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਲੋਕਾਂ ਕੋਲੋਂ ਨੂੰ ਮੰਗ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਸਤਲੁਜ ਨੂੰ ਪਲੀਤ ਕਰਨਾ ਬੰਦ ਕਰ ਦੇਣ ਤਾਂ ਜੋ ਰਾਜਸਥਾਨ ਦੇ ਲੋਕ ਵੀ ਸਾਫ਼ ਤੇ ਸ਼ੁੱਧ ਪਾਣੀ ਪੀ ਸਕਣ।
ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਿਆ ਜਾਵੇ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਮ : ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ਦਾ ਨਾਂ ‘ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਰਾਸ਼ਟਰੀ ਹਵਾਈ ਅੱਡਾ’ ਰੱਖਣ ਦੀ ਮੰਗ ਉਠਾਈ ਹੈ। ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਹਵਾਈ ਅੱਡੇ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਪਰ ਰੱਖਣ ਦਾ ਐਲਾਨ ਕਰਨਗੇ ਤਾਂ ਸਮੁੱਚੇ ਸੰਸਾਰ ਭਰ ਦੇ ਨਾਨਕ ਨਾਮਲੇਵਾ ਸੰਗਤਾਂ ਲਈ ਖੁਸ਼ੀ ਦੀ ਘੜੀ ਹੋਵੇਗੀ।
ਕੇਦਾਰ ਅਦਬੀ ਟਰੱਸਟ ਵੱਲੋਂ ਕਵੀ ਦੀਪਕ ਚਨਾਰਥਲ ਦਾ ਸਨਮਾਨ
ਚੰਡੀਗੜ੍ਹ : ਟ੍ਰਾਈਸਿਟੀ ਦੀ ਨਾਮਚਿੰਨ੍ਹ ਸਾਹਿਤਕ ਸੰਸਥਾ ਕੇਦਾਰ ਅਦਬੀ ਟਰੱਸਟ ਵੱਲੋਂ ਕਵੀ ਦੀਪਕ ਸ਼ਰਮਾ ਚਨਾਰਥਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੇਦਾਰ ਅਦਬੀ ਟਰੱਸਟ ਦੇ ਉਚੇਚੇ ਸਾਹਿਤਕ ਸਮਾਗਮ ਦੌਰਾਨ ਇਕ ਵਿਸ਼ਾਲ ਤ੍ਰੈਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਤੇ ਨੌਜਵਾਨਾਂ ਖਾਤਰ ਹੀ ਡੀਸੀ ਦਾ ਅਹੁਦਾ ਤਿਆਗ ਦੇਣ ਵਾਲੇ ਉਘੇ ਲੇਖਕ ਵਿਵੇਕ ਅੱਤਰੇ ਹੁਰਾਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਨਾਮਚਿੰਨ੍ਹ ਲੇਖਕ ਪ੍ਰੇਮ ਵਿੱਜ ਤੇ ਸਮਾਗਮ ਦੀ ਪ੍ਰਧਾਨਗੀ ਉਘੇ ਸ਼ਾਇਰ ਬੀ ਡੀ ਕਾਲੀਆ ਹਮਦਮ ਨੇ ਕੀਤੀ। ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਤੇ ਕਵੀਆਂ ਦਾ ਸਵਾਗਤ ਕੇਦਾਰ ਅਦਬੀ ਟਰੱਸਟ ਦੇ ਸਿਰਜਣਹਾਰ ਤੇ ਮੁਖੀ ਕੇਦਾਰ ਨਾਥ ਕੇਦਾਰ ਹੁਰਾਂ ਨੇ ਕੀਤਾ। ਫਿਰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੰਜਾਬੀ ਦੇ ਪ੍ਰਮਾਣਿਤ ਕਵੀ ਅਤੇ ਨੌਜਵਾਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਖਾਤਰ ਸਨਮਾਨਿਤ ਕੀਤਾ ਗਿਆ। ਕੇਦਾਰ ਅਦਬੀ ਟਰੱਸਟ ਵੱਲੋਂ ਦੀਪਕ ਚਨਾਰਥਲ ਨੂੰ ਸਨਮਾਨ ਵਜੋਂ ਸ਼ਾਲ, ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ ਤੇ ਤਮਗਾ ਭੇਂਟ ਕੀਤਾ ਗਿਆ। ਇਸ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਕੇਦਾਰ ਅਦਬੀ ਟਰੱਸਟ ਅਤੇ ਉਸ ਦੇ ਪ੍ਰਧਾਨਗੀ ਮੰਡਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸਨਮਾਨ ਨਾਲ ਮੇਰੀ ਸਾਹਿਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਮੁੱਖ ਮਹਿਮਾਨ ਵਜੋਂ ਆਪਣੀ ਤਕਰੀਰ ਰੱਖਦਿਆਂ ਵਿਵੇਕ ਅੱਤਰੇ ਹੁਰਾਂ ਨੇ ਜਿੱਥੇ ਦੀਪਕ ਸ਼ਰਮਾ ਚਨਾਰਥਲ ਨੂੰ ਵਧਾਈ ਦਿੱਤੀ, ਉਥੇ ਹੀ ਕੇਦਾਰ ਅਦਬੀ ਟਰੱਸਟ ਦੇ ਕਾਰਜ ਨੂੰ ਵੀ ਸਹਿਲਾਇਆ।
ਇਸ ਤ੍ਰੈਭਾਸ਼ੀ ਕਾਵਿ ਮਹਿਫ਼ਲ ਵਿਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਦੋ ਦਰਜਨ ਤੋਂ ਜ਼ਿਆਦਾ ਸ਼ਾਇਰਾਂ, ਕਵੀਆਂ ਨੇ ਆਪਣੀ-ਆਪਣੀ ਸ਼ਾਇਰੀ ਪੇਸ਼ ਕੀਤੀ ਜਿਨ੍ਹਾਂ ਵਿਚ ਕੇਦਾਰ ਨਾਥ ਕੇਦਾਰ, ਸਮਸ਼ ਤਬਰੇਜੀ, ਪ੍ਰੇਮ ਵਿੱਜ, ਬੀ.ਡੀ. ਕਾਲੀਆ ਹਮਦਮ, ਦੀਪਕ ਸ਼ਰਮਾ ਚਨਾਰਥਲ , ਪ੍ਰਗਿਆ ਸ਼ਾਰਦਾ, ਸੁਸ਼ੀਲ ਹਸਰਤ ਨਰੇਲਵੀ, ਇੰਦਰ ਵਰਸ਼ਾ, ਕਮਲ ਧਵਨ, ਅਮਰਜੀਤ ਅਮਰ, ਸੰਤੋਸ਼ ਗਰਗ, ਸ਼ਾਮ ਸਿੰਘ ਅੰਗ-ਸੰਗ, ਜੇ. ਕੇ. ਸੋਨੀ, ਅਸ਼ਵਨੀ ਕੁਮਾਰ, ਸੁਰਜੀਤ ਸਿੰਘ ਆਦਿ ਨੇ ਗ਼ਜ਼ਲ, ਗੀਤ ਅਤੇ ਕਵਿਤਾਵਾਂ ਨਾਲ ਪਹੁੰਚੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਆਖਰ ਵਿਚ ਸਭਨਾਂ ਦਾ ਧੰਨਵਾਦ ਪ੍ਰੇਮ ਵਿੱਜ ਹੁਰਾਂ ਵੱਲੋਂ ਕੀਤਾ ਗਿਆ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …