Breaking News
Home / ਪੰਜਾਬ / ਪੰਜਾਬ ‘ਚ ਪਾਣੀ ਦੇ ਸੰਕਟ ਦੀ ਵਿਦੇਸ਼ਾਂ ਤੱਕ ਗੂੰਜ

ਪੰਜਾਬ ‘ਚ ਪਾਣੀ ਦੇ ਸੰਕਟ ਦੀ ਵਿਦੇਸ਼ਾਂ ਤੱਕ ਗੂੰਜ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਪੈਦਾ ਹੋਏ ਜਲ ਸੰਕਟ ਦੀਆਂ ਖਬਰਾਂ ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਨੂੰ ਸਤਾਉਣ ਲੱਗ ਪਈਆਂ ਹਨ। ਕੈਨੇਡਾ ਰਹਿੰਦੇ ਪੰਜਾਬੀਆਂ ਨੇ ਆਪਣੇ ਘਰਦਿਆਂ ਨੂੰ ਫੋਨ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਵਿਚ ਤਾਂ ਪਾਣੀ ਮੁੱਕ ਗਿਆ ਹੈ ਤੁਸੀਂ ਕੈਨੇਡਾ ਨੂੰ ਉੱਡ ਆਓ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਵੀ ਜਲੰਧਰ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਕੈਨੇਡਾ ਗਈ ਧੀ ਨੇ ਟੈਲੀਫੋਨ ਕਰਕੇ ਕਿਹਾ ਕਿ ਪਾਪਾ ਤੁਸੀਂ ਕੈਨੇਡਾ ਆ ਜਾਓ ਤੁਹਾਡੇ ਇਥੇ ਤਾਂ ਪਾਣੀ ਮੁੱਕ ਗਿਆ ਹੈ। ਕੈਨੇਡਾ ਫੇਰੀ ‘ਤੇ ਗਏ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਕੈਨੇਡਾ ਤੋਂ ਗੱਲਬਾਤ ਦੌਰਾਨ ਦੱਸਿਆ ਕਿ ਉਥੇ ਰਹਿੰਦੇ ਪਰਵਾਸੀ ਪੰਜਾਬੀ ਇਸ ਗੱਲ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ ਕਿ ਪੰਜਾਬ ਵਿਚੋਂ ਤਾਂ ਪਾਣੀ ਮੁੱਕ ਚੱਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਵਿਚ ਪੰਜਾਬ ਦੇ ਚੱਲਦੇ ਟੀਵੀ ਚੈਨਲਾਂ ਤੇ ਰੇਡੀਓ ਸਟੇਸ਼ਨਾਂ ‘ਤੇ ਜਿੰਨੀ ਵਾਰ ਵੀ ਉਹ ਇੰਟਰਵਿਊ ਦੇਣ ਗਏ ਤਾਂ ਸਭ ਨੇ ਇਹੋ ਸਵਾਲ ਪ੍ਰਮੁੱਖਤਾ ਨਾਲ ਪੁੱਛਿਆ ਕਿ ਪੰਜਾਬ ਵਿਚ ਤਾਂ ਪਾਣੀ ਹੀ ਮੁੱਕ ਚੱਲਿਆ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਮੰਚ ਤੋਂ ਇਸ ਗੱਲ ਨੂੰ ਉਭਾਰ ਕੇ ਪੇਸ਼ ਕੀਤਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਸੁੱਕ ਰਹੇ ਦਰਿਆ ਅਤੇ ਧਰਤੀ ਹੇਠਲੇ ਮੁੱਕ ਰਹੇ ਪਾਣੀ ਬਾਰੇ ਹੀ ਹੋਕਾ ਦੇ ਰਹੇ ਹਨ। ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਸੂਬੇ ਵਿਚੋਂ ਪਾਣੀ ਮੁੱਕਣ ਦੀਆਂ ਖਬਰਾਂ ਸੁਣ ਕੇ ਪਰੇਸ਼ਾਨ ਹੋ ਰਹੇ ਹਨ। ਖਾਸ ਕਰਕੇ ਤਾਮਿਲਨਾਡੂ ਦੀਆਂ ਜਿਹੜੀਆਂ ਖਬਰਾਂ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਥੇ ਆ ਰਹੀਆਂ ਹਨ ਉਹ ਸੱਚਮੁੱਚ ਹੀ ਡਰਾਉਣੀਆਂ ਹਨ। ਕੁਦਰਤ ਦੀ ਅਨਮੋਲ ਦਾਤ ਪਾਣੀ ਨੂੰ ਸੰਭਾਲਣ ਵਿਚ ਨਾ ਤਾਂ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਫਿਕਰਮੰਦ ਰਹੀਆਂ ਹਨ ਤੇ ਸਨਅਤਕਾਰਾਂ ਨੇ ਵੀ ਪਾਣੀ ਨੂੰ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਭ੍ਰਿਸ਼ਟ ਅਫ਼ਸਰਾਂ ਨੇ ਰਿਸ਼ਵਤਾਂ ਲੈ ਕੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਤਬਾਹ ਹੋਣ ਦਿੱਤਾ। ਅਮਰੀਕਾ ਦੇ ਸ਼ਹਿਰ ਹਿਊਸਟਨ ਤੋਂ ਮਾਸਟਰ ਸਤਨਾਮ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਤੋਂ ਏਧਰ ਪੰਜਾਬੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਜਿੰਨੀ ਤੇਜ਼ੀ ਨਾਲ ਪਾਣੀ ਮੁੱਕਣ ਦੀਆਂ ਖਬਰਾਂ ਵਿਦੇਸ਼ਾਂ ਵਿਚ ਫੈਲ ਰਹੀਆਂ ਹਨ ਉਸ ਕਰਕੇ ਚਿੰਤਤ ਹੋਣਾ ਸੁਭਾਵਿਕ ਹੈ। ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੇ ਸਕੇ ਸਬੰਧੀ ਹੁਣ ਸੁੱਕ ਰਹੇ ਪੰਜਾਬ ਦਾ ਖਹਿੜਾ ਛੱਡ ਕੇ ਏਧਰ ਉਡਾਰੀਆਂ ਮਾਰ ਆਉਣ। ਜ਼ਿਕਰਯੋਗ ਹੈ ਕਿ ਨੌਜਵਾਨ ਪੀੜ੍ਹੀ ਤੇ ਖਾਸ ਕਰਕੇ ਵਿਦਿਆਰਥੀਆਂ ਨੇ ਪਹਿਲਾਂ ਹੀ ਕੈਨੇਡਾ ਵੱਲ ਨੂੰ ਰੁਖ਼ ਕੀਤਾ ਹੋਇਆ ਹੈ। ਇਸੇ ਕਰਕੇ ਸੂਬੇ ਦੇ ਕਾਲਜਾਂ ਵਿਚ ਵੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਤੇ ਬਾਰ੍ਹਵੀਂ ਜਮਾਤ ਕਰਨ ਤੋਂ ਬਾਅਦ ਜਿਹੜੇ ਵਿਦਿਆਰਥੀ ਨੇ ਆਈਲੈਟਸ ਵਿਚੋਂ ਆਪਣੇ ਬੈਂਡ ਪ੍ਰਾਪਤ ਕਰ ਲਏ ਹਨ ਉਨ੍ਹਾਂ ਦੀ ਅੱਡੀ ਹੁਣ ਆਪਣੀ ਜਨਮ ਭੂਮੀ ਤੋਂ ਚੁੱਕ ਹੋ ਰਹੀ ਹੈ।

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …