ਨੀਲਮ ਨੇ ਪ੍ਰੀਤੀ ਨੂੰ ਆਪਣੇ ਨਾਲ ਲਿਜਾਣ ਦਾ ਕੀਤਾ ਫੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਪਿੰਗਲਵਾੜੇ ਵਿਚ ਲਗਪਗ ਦਸ ਸਾਲ ਬਾਅਦ ਦੋ ਸਕੀਆਂ ਭੈਣਾਂ ਦਾ ਮੇਲ ਹੋਇਆ ਹੈ। ਇਕ ਭੈਣ ਪਿਛਲੇ ਲਗਪਗ 8 ਸਾਲਾਂ ਤੋਂ ਇਥੇ ਮਰੀਜ਼ ਵਜੋਂ ਦਾਖਲ ਸੀ ਜਦੋਂਕਿ ਦੂਜੀ ਹੁਣ ਆਪਣੇ ਪਰਿਵਾਰ ਸਮੇਤ ਪਿੰਗਲਵਾੜਾ ਦੇਖਣ ਆਈ ਸੀ। ਬਚਪਨ ਵਿਚ ਮਾਂ ਦੀ ਮੌਤ ਹੋਣ ਮਗਰੋਂ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। 26 ਵਰ੍ਹਿਆਂ ਦੀ ਪ੍ਰੀਤੀ ਪਿਛਲੇ ਅੱਠ ਵਰ੍ਹਿਆਂ ਤੋਂ ਇੱਥੇ ਪਿੰਗਲਵਾੜਾ ਵਿਚ ਦਾਖਲ ਹੈ। 27 ਜੁਲਾਈ 2011 ਵਿਚ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਲਾਵਾਰਸ ਹੋਣ ਕਾਰਨ ਪਿੰਗਲਵਾੜਾ ਭੇਜ ਦਿੱਤਾ ਗਿਆ ਸੀ। ਉਸ ਵੇਲੇ ਉਹ ਤੁਰਨ ਫਿਰਨ ਤੋਂ ਅਸਮਰਥ ਸੀ ਅਤੇ ਮਿਰਗੀ ਦੇ ਦੌਰੇ ਵੀ ਪੈਂਦੇ ਸਨ।
ਪ੍ਰੀਤੀ ਦੀ ਵੱਡੀ ਭੈਣ ਨੀਲਮ ਆਪਣੇ ਪਤੀ ਦੀਪਕ ਵਾਸੀ ਪੱਟੀ ਨਾਲ ਪਿੰਗਲਵਾੜਾ ਦੀ ਮਾਨਾਂਵਾਲਾ ਬਰਾਂਚ ਆਏ ਸਨ। ਪਿੰਗਲਵਾੜੇ ਨੂੰ ਦੇਖਦਿਆਂ ਇਕ ਵਾਰਡ ਵਿਚ ਨੀਲਮ ਨੇ ਆਪਣੀ ਭੈਣ ਪ੍ਰੀਤੀ ਨੂੰ ਦੇਖਿਆ ਤੇ ਦੋਵਾਂ ਨੇ ਇਕ ਦੂਜੇ ਨੂੰ ਪਛਾਣ ਲਿਆ। ਨੀਲਮ ਤੇ ਉਸ ਦੇ ਪਤੀ ਨੇ ਤੁਰੰਤ ਪਿੰਗਲਵਾੜੇ ਦੇ ਪ੍ਰਬੰਧਕਾਂ ਕੋਲ ਪਹੁੰਚ ਕੀਤੀ ਅਤੇ ਪ੍ਰਬੰਧਕਾਂ ਦੀ ਸਹਿਮਤੀ ਨਾਲ ਪ੍ਰੀਤੀ ਨੂੰ ਆਪਣੇ ਨਾਲ ਲੈ ਜਾਣ ਦਾ ਫੈਸਲਾ ਕੀਤਾ ਹੈ। ਨੀਲਮ ਨੇ ਦੱਸਿਆ ਕਿ ਉਸ ਦੇ ਪਿਤਾ ਸਕੂਟਰ ਰਿਪੇਅਰ ਦਾ ਕੰਮ ਕਰਦੇ ਸਨ, ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ। ਉਨ੍ਹਾਂ ਦੀ ਮਾਂ ਬਚਪਨ ਵਿਚ ਹੀ ਚਲ ਵੱਸੀ ਸੀ। ਪਿਤਾ ਨੇ ਮੁੜ ਵਿਆਹ ਕਰਵਾ ਲਿਆ। ਨਵੀਂ ਮਾਂ ਦੇ ਘਰ ਵਿਚ ਆਉਣ ਮਗਰੋਂ ਪਿਤਾ ਨੇ ਦੋਵਾਂ ਧੀਆਂ ਨੂੰ ਛੋਟੀ ਉਮਰੇ ਹੀ ਵਿਆਹ ਕੇ ਘਰੋਂ ਤੋਰ ਦਿੱਤਾ।
ਪ੍ਰੀਤੀ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ ਅਤੇ ਉਸ ਦੇ ਸਿਰ ਵਿਚ ਸੱਟ ਲਗੀ ਸੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸੀ। ਇਸ ਤੋਂ ਬਾਅਦ ਉਹ ਕਦੇ ਵੀ ਆਪਣੇ ਪਤੀ ਨੂੰ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੇ ਉਸ ਦੀ ਪੁੱਛਗਿੱਛ ਕੀਤੀ। ਉਹ ਆਪਣੇ ਪਰਿਵਾਰ ਨੂੰ ਮੁੜ ਮਿਲਣ ਬਾਰੇ ਭੁੱਲ ਹੀ ਚੁੱਕੀ ਸੀ ਕਿ ਅਚਨਚੇਤੀ ਉਸ ਦੀ ਵੱਡੀ ਭੈਣ ਮਿਲ ਗਈ। ਨੀਲਮ ਨੇ ਦੱਸਿਆ ਕਿ ਉਸ ਨੂੰ ਪ੍ਰੀਤੀ ਦੇ ਵਿਆਹ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਸਗੋਂ ਇਹ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪ੍ਰੀਤੀ ਨੇ ਕਦੇ ਵੀ ਆਪਣੇ ਮਾਪਿਆਂ ਜਾਂ ਵਾਰਸਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਸ ਦੇ ਘਰ ਦਾ ਪਤਾ ਨਹੀਂ ਲੱਗ ਸਕਿਆ।
Check Also
ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਵਾਪਸ ਲੈਣ ਦਾ ਫੈਸਲਾ
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਦੀਆਂ ਸਹੂਲਤਾਂ ਵਾਪਸ ਲੈਣ ਦੇ ਵੀ ਹੁਕਮ ਅੰਮਿ੍ਰ੍ਰਤਸਰ/ਬਿਊਰੋ ਨਿਊਜ਼ …