27.7 C
Toronto
Thursday, September 18, 2025
spot_img
Homeਪੰਜਾਬਕੈਪਟਨ ਵਲੋਂ ਮੰਤਰੀਆਂ ਨੂੰ ਦਿੱਤੀ ਚਿਤਾਵਨੀ ਦਾ ਹੋਵੇਗਾ ਅਸਰ

ਕੈਪਟਨ ਵਲੋਂ ਮੰਤਰੀਆਂ ਨੂੰ ਦਿੱਤੀ ਚਿਤਾਵਨੀ ਦਾ ਹੋਵੇਗਾ ਅਸਰ

ਕਾਂਗਰਸੀ ਉਮੀਦਵਾਰ ਨੂੰ ਨਾ ਜਿਤਾ ਸਕਣ ਵਾਲੇ ਮੰਤਰੀਆਂ ਦੀ ਜਾ ਸਕਦੀ ਹੈ ਕੁਰਸੀ
ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੀ ਗਈ ਚਿਤਾਵਨੀ ‘ਤੇ ਅਮਲ ਸ਼ੁਰੂ ਹੋਣ ਜਾ ਰਿਹਾ ਹੈ। ਦਿੱਲੀ ਦਰਬਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸੂਬੇ ਦੇ ਤਿੰਨ ਮੰਤਰੀਆਂ ‘ਤੇ ਗਾਜ ਡਿੱਗਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਜਿਹੜੇ ਮੰਤਰੀ ਆਪਣੇ ਹਲਕੇ ਵਿਚ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਵਿਚ ਅਸਫਲ ਰਹੇ, ਉਨ੍ਹਾਂ ਦੀ ਕੁਰਸੀ ਵੀ ਜਾ ਸਕਦੀ ਹੈ। ਜਿਨ੍ਹਾਂ ਤਿੰਨ ਮੰਤਰੀਆਂ ‘ਤੇ ਗਾਜ ਡਿੱਗ ਸਕਦੀ ਹੈ, ਉਨ੍ਹਾਂ ਵਿਚ ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ ਅਤੇ ਸੁੰਦਰ ਸ਼ਾਮ ਅਰੋੜਾ ਦਾ ਨਾਮ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਸਲੇ ‘ਤੇ ਪੰਜਾਬ ਦੇ ਕਈ ਸੀਨੀਅਰ ਨੇਤਾਵਾਂ ਨੇ ਵੀ ਹਾਈਕਮਾਂਡ ‘ਤੇ ਦਬਾਅ ਬਣਾ ਕੇ ਕਿਹਾ ਹੈ ਕਿ ਪਾਰਟੀ ਵਲੋਂ ਦਿੱਤੀ ਚਿਤਾਵਨੀ ਨੂੰ ਜੇਕਰ ਸਖ਼ਤੀ ਨਾਲ ਲਾਗੂ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਵੀ ਪਾਰਟੀ ਵਿਚ ਨਾ ਅਨੁਸ਼ਾਸਨ ਰਹੇਗਾ ਨਾ ਹੀ ਕੋਈ ਪਾਰਟੀ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲਵੇਗਾ। ਇਸ ਗੱਲ ‘ਤੇ ਕੈਪਟਨ ਵਲੋਂ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਜੋ ਸੰਗਰੂਰ ਵਿਧਾਨ ਸਭਾ ਸੀਟ ਨਾਲ ਸਬੰਧਿਤ ਹਨ, ਦੇ ਹਲਕੇ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਸੀਟ ‘ਤੇ ਕੈਪਟਨ ਵਲੋਂ ਵਿਸ਼ੇਸ਼ ਤੌਰ ‘ਤੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਜਿਤਾਉਣ ਲਈ ਧਿਆਨ ਦੇਣ ਲਈ ਕਿਹਾ ਗਿਆ ਸੀ ਕਿਉਂਕਿ ਢਿੱਲੋਂ ਨਾਲ ਕੈਪਟਨ ਦੇ ਕਰੀਬੀ ਸਬੰਧ ਹਨ, ਪਰ ਇੱਥੋਂ ਪਾਰਟੀ ਦੇ ਉਮੀਦਵਾਰ ਨੂੰ ਜਿਤਾਇਆ ਨਹੀਂ ਜਾ ਸਕਿਆ। ਦੂਜੇ ਪਾਸੇ ਟਰਾਂਸਪੋਰਟ ਮੰਤਰੀ ਬੀਬੀ ਅਰੁਣਾ ਚੌਧਰੀ ਪਠਾਨਕੋਟ ਦੇ ਦੀਨਾਨਗਰ ਹਲਕੇ ਤੋਂ ਵਿਧਾਇਕ ਹਨ ਅਤੇ ਗੁਰਦਾਸਪੁਰ ਸੰਸਦੀ ਸੀਟ ਤੋਂ ਚੋਣ ਮੈਦਾਨ ਵਿਚ ਉੱਤਰੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਹਲਕੇ ਤੋਂ ਉਮੀਦ ਕੀਤੀ ਵੋਟ ਨਾ ਦਵਾ ਸਕੇ। ਉੱਧਰ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਜੋ ਹੁਸ਼ਿਆਰਪੁਰ ਹਲਕੇ ਤੋਂ ਵਿਧਾਇਕ ਹਨ, ਜਿੱਥੇ ਕਾਂਗਰਸ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਨੂੰ ਲੋਕ ਸਭਾ ਚੋਣ ਵਿਚ ਹਾਰ ਦਾ ਮੂੰਹ ਵੇਖਣਾ ਪਿਆ। ਇਸ ਮੰਤਰੀ ‘ਤੇ ਵੀ ਗਾਜ ਡਿੱਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਪ੍ਰੈੱਸ ਕਾਨਫ਼ਰੰਸ ਵਿਚ ਵੀ ਸੰਕੇਤ ਦਿੱਤੇ ਗਏ ਸਨ ਕਿ ਜਿਨ੍ਹਾਂ ਮੰਤਰੀਆਂ ਦਾ ਪ੍ਰਦਰਸ਼ਨ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਵਧੀਆ ਨਾ ਰਿਹਾ, ਉਨ੍ਹਾਂ ‘ਤੇ ਕਾਰਵਾਈ ਕਰਨ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਜੇਕਰ 3 ਮੰਤਰੀਆਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਂਦਾ ਹੈ ਤਾਂ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਦਾ ਅਹੁਦਾ ਮਿਲਣ ਦੀ ਸੰਭਾਵਨਾ ਹੈ ਉਨ੍ਹਾਂ ਨਾਵਾਂ ‘ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਇਸ ਚਰਚਾ ਵਿਚ ਸਭ ਤੋਂ ਮੂਹਰਲਾ ਨਾਮ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਹੈ।

RELATED ARTICLES
POPULAR POSTS