Breaking News
Home / ਭਾਰਤ / ਪਿਊਸ਼ ਗੋਇਲ ਨੇ ਮੋਦੀ ਸਰਕਾਰ ਦਾ ਪੇਸ਼ ਕੀਤਾ ਅੰਤਰਿਮ ਬਜਟ

ਪਿਊਸ਼ ਗੋਇਲ ਨੇ ਮੋਦੀ ਸਰਕਾਰ ਦਾ ਪੇਸ਼ ਕੀਤਾ ਅੰਤਰਿਮ ਬਜਟ

ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਪੇਸ਼ ਕਰੇਗੀ ਪੂਰਨ ਬਜਟ
ਹਰ ਕਿਸਾਨ ਦੇ ਖਾਤੇ ਵਿਚ ਸਾਲ ਦਾ 6 ਹਜ਼ਾਰ ਰੁਪਏ ਦੇਣ ਦੀ ਵੀ ਬਜਟ ਵਿਚ ਤਜਵੀਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਅੱਜ ਆਖਰੀ ਬਜਟ ਪਿਊਸ਼ ਗੋਇਲ ਨੇ ਪੇਸ਼ ਕੀਤਾ। ਅਰੁਣ ਜੇਤਲੀ ਦੀ ਗੈਰਹਾਜ਼ਰੀ ਵਿਚ ਪਿਊਸ਼ ਗੋਇਲ ਨੇ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕੀਤਾ। ਲੋਕ ਸਭਾ ਚੋਣਾਂ ਕਰਕੇ ਇਸ ਵਾਰ ਅੰਤਰਿਮ ਬਜਟ ਪੇਸ਼ ਕੀਤਾ ਗਿਆ ਹੈ। ਇਸ ਨਾਲ ਨਵੇਂ ਵਿੱਤੀ ਸਾਲ ਦੇ ਸ਼ੁਰੂਆਤੀ ਚਾਰ ਮਹੀਨੇ ਦੇ ਖਰਚ ਲਈ ਸੰਸਦ ਕੋਲੋਂ ਮਨਜੂਰੀ ਲਈ ਗਈ ਹੈ। 1948 ਤੋਂ ਚੁਣਾਵੀ ਸਾਲ ਵਿਚ ਅੰਤਰਿਮ ਬਜਟ ਦੀ ਪਰੰਪਰਾ ਜਾਰੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਜੁਲਾਈ ਵਿਚ ਪੂਰਨ ਬਜਟ ਪੇਸ਼ ਕਰੇਗੀ। ਜਦੋਂ ਪਿਊਸ਼ ਗੋਇਲ ਵਲੋਂ ਬਜਟ ਪੇਸ਼ ਕੀਤਾ ਗਿਆ, ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਜੈਕਟ ਵਿਚ ਨਜ਼ਰ ਆਏ ਅਤੇ ਖੇਤੀ ਮੰਤਰੀ ਰਾਧਾਮੋਹਨ ਨੇ ਵੀ ਹਰੀ ਜੈਕਟ ਹੀ ਪਾਈ ਸੀ, ਜਿਸ ਨੂੰ ਮੀਡੀਆ ਨੇ ਕਿਸਾਨਾਂ ਨਾਲ ਜੋੜ ਕੇ ਦੇਖਿਆ ਕਿ ਕਿਸਾਨਾਂ ਲਈ ਵੱਡੇ ਐਲਾਨ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਨੂੰ 6 ਹਜ਼ਾਰ ਰੁਪਏ ਸਲਾਨਾ ਦੇਣ ਦੀ ਯੋਜਨਾ ਪੇਸ਼ ਕੀਤੀ ਹੈ। ਇਸ ਯੋਜਨਾ ਦਾ 12 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਗ੍ਰੈਚੂਟੀ ਦੀ ਸੀਮਾ 10 ਲੱਖ ਤੋਂ ਵਧਾ ਕੇ 30 ਲੱਖ ਰੁਪਏ ਕੀਤੀ ਗਈ ਹੈ। ਕਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਪਿਊਸ਼ ਗੋਇਲ ਨੇ ਦੱਸਿਆ ਕਿ 6 ਕਰੋੜ ਲੋਕਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਗਏ ਅਤੇ 2 ਕਰੋੜ ਲੋਕਾਂ ਨੂੰ ਹੋਰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਨਵੀਂ ਯੋਜਨਾ ਤਹਿਤ ਨਵਾਂ ਘਰ ਬਣਾਉਣ ਵਾਲਿਆਂ ਨੂੰ ਆਮਦਨ ਟੈਕਸ ਵਿਚ ਵੀ ਛੋਟ ਮਿਲੇਗੀ। ਬਜਟ ਦੌਰਾਨ ਸੰਸਦ ਵਿਚ ਮੋਦੀ-ਮੋਦੀ ਦੇ ਨਾਅਰੇ ਵੀ ਲੱਗੇ। ਗੋਇਲ ਨੇ ਕਿਹਾ ਕਿ ਨੋਟਬੰਦੀ ਨਾਲ ਭ੍ਰਿਸ਼ਟਾਚਾਰ ਦਾ ਲੱਕ ਲੁੱਟਿਆ ਹੈ ਅਤੇ ਕਾਲੇਧਨ ਨੂੰ ਖਤਮ ਕਰਕੇ ਹੀ ਸਰਕਾਰ ਸਾਹ ਲਵੇਗੀ।

Check Also

ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗਿ੍ਰਫ਼ਤਾਰ

24 ਜਨਵਰੀ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ ਮੁੰਬਈ/ਬਿਊਰੋ ਨਿਊਜ਼ : ਮੁੰਬਈ ਪੁਲੀਸ ਨੇ ਬੌਲੀਵੁੱਡ ਅਦਾਕਾਰ …