ਬਰਨਾਲਾ : ਬਰਨਾਲਾ ਵਿਚ ਪੰਜਾਬ ਪੁਲਿਸ ਦਾ ਅਣਮਨੁੱਖੀ ਚਿਹਰਾ ਇੱਕ ਵਾਰ ਫੇਰ ਸਾਹਮਣੇ ਆਇਆ ਹੈ। ਇੱਥੋਂ ਦੇ ਕਸਬਾ ਹੰਢਿਆਇਆ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੰਨਾ ਜਲੀਲ ਕੀਤਾ ਕਿ ਉਸ ਨੇ ਚੌਕੀ ਦੀ ਹਵਾਲਾਤ ਵਿਚ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਹੰਢਿਆਇਆ ਚੌਕੀ ਨੇੜੇ ਨਾਕਾ ਲਾਇਆ ਹੋਇਆ ਸੀ। ਇਕ ਬਲਦੇਵ ਸਿੰਘ ਨਾਮ ਦਾ ਨੌਜਵਾਨ ਮੋਟਰਸਾਈਕਲ ‘ਤੇ ਆ ਰਿਹਾ ਸੀ।
ਪੁਲਿਸ ਨੇ ਉਸ ਨੂੰ ਕਾਗਜ਼ ਦਿਖਾਉਣ ਲਈ ਕਿਹਾ ਤੇ ਇਸੇ ਦਰਮਿਆਨ ਆਪਸ ਵਿਚ ਤਕਰਾਰਬਾਜ਼ੀ ਹੋ ਗਈ। ਜਾਣਕਾਰੀ ਮੁਤਾਬਕ ਪੁਲਿਸ ਉਸ ਦੀ ਕੁੱਟਮਾਰ ਕਰਦੀ ਹੋਈ, ਉਸ ਨੂੰ ਚੌਕੀ ਲੈ ਗਈ ਤੇ ਚੌਕੀ ਵਿਚ ਉਸ ਨੇ ਪੁਲਿਸ ਤੋਂ ਡਰਦਿਆਂ ਸਲਫਾਸ ਨਿਗਲ ਲਈ। ਪੁਲਿਸ ਵੱਲੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਬਲਦੇਵ ਸਿੰਘ ਦੀ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ । ਬਾਅਦ ਵਿਚ ਉਸ ਦੀ ਰਸਤੇ ਵਿਚ ਜਾਂਦਿਆਂ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ‘ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਲਈ ਜੁੰਮੇਵਾਰ ਦੋ ਪੁਲਿਸ ਮੁਲਾਜ਼ਮਾਂ ਚੌਂਕੀ ਇੰਚਾਰਜ ਏ.ਐਸ.ਆਈ. ਚਰਨਜੀਤ ਸਿੰਘ ਅਤੇ ਮੁਨਸ਼ੀ ਸੁਦਾਗਰ ਸਿੰਘ ਖਿਲਾਫ਼ ਕਤਲ ਦਾ ਮੁਕੱਦਮਾ ਦਰਜ਼ ਕੀਤਾ ਗਿਆ ਹੈ।

