Breaking News
Home / ਪੰਜਾਬ / ਸਿੱਖ ਕਤਲੇਆਮ ਦੇ 52 ਮਾਮਲਿਆਂ ਦੀ ਫਿਰ ਹੋਵੇਗੀ ਜਾਂਚ

ਸਿੱਖ ਕਤਲੇਆਮ ਦੇ 52 ਮਾਮਲਿਆਂ ਦੀ ਫਿਰ ਹੋਵੇਗੀ ਜਾਂਚ

ਕਾਂਗਰਸੀ ਆਗੂਆਂ ਦੀਆਂ ਵਧਣਗੀਆਂ ਮੁਸ਼ਕਲਾਂ
ਨਵੀਂ ਦਿੱਲੀ : 1984 ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 34 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਮਿਲੀ ਹੈ। ਹੁਣ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਕਿਉਂਕਿ ਤਿੰਨ ਸਾਲ ਪਹਿਲਾਂ ਗਠਿਤ ਕੀਤੀ ਗਈ ਨਵੀਂ ਐਸ.ਆਈ.ਟੀ ਸਿੱਖ ਕਤਲੇਆਮ ਸਬੰਧੀ 52 ਮਾਮਲਿਆਂ ਦੀ ਫਿਰ ਤੋਂ ਜਾਂਚ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਸ.ਆਈ.ਟੀ. ਤਿੰਨ ਮਾਮਲਿਆਂ ਦੀ ਜਾਂਚ ਪੂਰੀ ਕਰ ਚੁੱਕੀ ਹੈ, ਜਿਸਦੀ ਰਿਪੋਰਟ ਜਲਦ ਹੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਜਾ ਸਕਦੀ ਹੈ।
ਦਿੱਲੀ ਹਾਈਕੋਰਟ ਵਿਚ ਆਏ ਇਨ੍ਹਾਂ ਮਾਮਲਿਆਂ ਵਿਚ ਵੀ ਸੱਜਣ ਕੁਮਾਰ ਨੂੰ ਸਖਤ ਸਜ਼ਾ ਮਿਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਅੱਗੇ ਵਧੀ ਤਾਂ ਇਸ ਮਾਮਲੇ ਵਿਚ ਜਗਦੀਸ਼ ਟਾਈਟਲਰ ਅਤੇ ਕਈ ਹੋਰ ਕਾਂਗਰਸੀ ਆਗੂ ਫਸ ਸਕਦੇ ਹਨ। ‘ਆਪ’ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਮੰਗ ਕੀਤੀ ਹੈ ਕਿ ਐਸ.ਆਈ.ਟੀ. ਸਿੱਖ ਕਤਲੇਆਮ ਨਾਲ ਜੁੜੇ 232 ਮਾਮਲਿਆਂ ਦੀ ਮੁੜ ਤੋਂ ਜਾਂਚ ਕਰੇ। ਇਸੇ ਦੌਰਾਨ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋਸ਼ੀ ਯਸ਼ਪਾਲ ਸਿੰਘ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਦਿੱਲੀ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਨੂੰ ਅਦਾਲਤ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ।
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਿਆਂ ਦਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਵੇਗਾ ਸਨਮਾਨ
ਕੋਰ ਕਮੇਟੀ ਦੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਲਿਆ ਫੈਸਲਾ
ਚੰਡੀਗੜ੍ਹ : 1984 ਦੇ ਸਿੱਖ ਕਤਲੇਆਮ ਮਾਮਲੇ ਵਿਚ 34 ਸਾਲ ਲੰਬੀ ਲੜਾਈ ਲੜਨ ਵਾਲੇ ਗਵਾਹਾਂ ਅਤੇ ਵਕੀਲਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ 26 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨ ਕੀਤਾ ਜਾਵੇਗਾ। ਇਸ ਦਾ ਫ਼ੈਸਲਾ ਕੋਰ ਕਮੇਟੀ ਦੀ ਬੈਠਕ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਲੌਂਗੋਵਾਲ ਨੇ ਕਿਹਾ ਕਿ ਵਕੀਲਾਂ ਵਿਚੋਂ ਆਰ. ਐਸ. ਚੀਮਾ ਤੇ ਹਰਵਿੰਦਰ ਸਿੰਘ ਫੂਲਕਾ ਦਾ ਖਾਸ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਮਾਮਲਿਆਂ ਵਿੱਚ ਵਕੀਲਾਂ ਤੇ ਗਵਾਹਾਂ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਪਵੇਗੀ, ਸ਼੍ਰੋਮਣੀ ਕਮੇਟੀ ਹਰ ਮਦਦ ਮੁਹੱਈਆ ਕਰਵਾਏਗੀ। ਲੌਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਆਈ.ਐਸ.ਆਈ. ਦੀ ਸਾਜ਼ਿਸ਼ ਦੱਸਣ ਵਾਲੇ ਬਿਆਨ ਦੀ ਨਿੰਦਾ ਵੀ ਕੀਤੀ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …