Breaking News
Home / ਭਾਰਤ / ਟਾਇਲਟ ਮੈਟ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ

ਟਾਇਲਟ ਮੈਟ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ

ਸੰਗਤਾਂ ‘ਚ ਰੋਸ, ਸ਼੍ਰੋਮਣੀ ਕਮੇਟੀ ਨੇ ਐਮਾਜ਼ੋਨ ਨੂੰ ਭੇਜਿਆ ਨੋਟਿਸ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਐਮਾਜ਼ੋਨ ਕੰਪਨੀ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਕ ਮਾਮਲੇ ਵਿਚ ਸਖਤ ਨੋਟਿਸ ਲਿਆ ਹੈ। ਇਹ ਮਾਮਲਾ ਕੰਪਨੀ ਵਲੋਂ ਆਪਣੀ ਵੈਬਸਾਈਟ ‘ਤੇ ਫਿਲੀਫੋਮ ਯੂਨੀਵਰਸਲ ਟਾਇਲਟ ਸੀਟ ਦੀ ਵਿਕਰੀ ਲਈ ਨਸ਼ਰ ਕੀਤੀ। ਇਕ ਤਸਵੀਰ ‘ਚ ਸੀਟ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਮੈਟ ਦਿਖਾਉਣ ਨਾਲ ਸਬੰਧਤ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ‘ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵਲੋਂ ਐਮਾਜ਼ੋਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਐਮਾਜ਼ੋਨ ਕੰਪਨੀ ਦੀ ਇਹ ਹਰਕਤ ਸਿੱਖ ਹਿਰਦਿਆਂ ਨੂੰ ਸੱਟ ਮਾਰਨ ਵਾਲੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਧਿਆਤਮਕ ਸ਼ਕਤੀ ਦਾ ਅਮੁੱਕ ਸੋਮਾ ਹੈ, ਜਿੱਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਆਪਣੀਆਂ ਆਤਮਿਕ, ਸੰਸਾਰਕ ਮਨੋਕਾਮਨਾਵਾਂ ਦੀ ਪੂਰਤੀ ਲਈ ਆਉਂਦੇ ਹਨ। ਐਮਾਜ਼ੋਨ ਕੰਪਨੀ ਦੀ ਇਸ ਘਿਨਾਉਣੀ ਹਰਕਤ ਨੂੰ ਵਿਸ਼ਵ ਭਰ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੀ ਕੇਵਲ ਠੇਸ ਨਹੀਂ ਪਹੁੰਚਾਈ, ਬਲਕਿ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਠੇਸ ਪਹੁੰਚੀ ਹੈ। ਕੰਪਨੀ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਪਰਚਾ ਵੀ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਕਾਨੂੰਨੀ ਨੋਟਿਸ ਦੇ ਦਿੱਤਾ ਗਿਆ ਹੈ, ਜਿਸ ਵਿਚ ਇਹ ਵਿਵਾਦਤ ਉਤਪਾਦ ਹਟਾਉਣ ਲਈ ਅਤੇ ਸਿੱਖ ਜਗਤ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਅਜਿਹਾ ਨਹੀਂ ਕਰਦੀ ਤਾਂ ਸ਼੍ਰੋਮਣੀ ਕਮੇਟੀ ਵਲੋਂ ਕੰਪਨੀ ਵਿਰੁੱਧ ਸਿਵਲ ਅਤੇ ਫੌਜਦਾਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਦੱਸਿਆ ਕਿ ਉਕਤ ਕੰਪਨੀ ਵਿਰੁੱਧ ਕਾਰਵਾਈ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਗਟਾਈ ਨਰਾਜ਼ਗੀ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਾਇਲਟ ਸੀਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਲਗਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਸਿੱਖ ਜਗਤ ਲਈ ਪਵਿੱਤਰ ਸਥਾਨ ਹੈ ਤੇ ਫਿਲੀਫੋਮ ਯੂਨੀਵਰਸਲ ਕੰਪਨੀ ਨੇ ਦਰਬਾਰ ਸਾਹਿਬ ਦੀ ਫੋਟੋ ਟਾਇਲਟ ਸੀਟ ‘ਤੇ ਲਗਾ ਕੇ ਭਾਰੀ ਗਲਤੀ ਕੀਤੀ ਹੈ। ਉਨ੍ਹਾਂ ਇਸ ਨੂੰ ਵਾਪਸ ਲੈਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੰਪਨੀ ਆਪਣੀ ਇਸ ਹਰਕਤ ਲਈ ਮਾਫੀ ਮੰਗੇ।
ਕਿਰਪਾਨ ਪਾਈ ਨਜ਼ਰ ਨਹੀਂ ਆਉਣਗੇ ਸ਼ਾਹਰੁਖ ਖਾਨ
ਮੁੰਬਈ : ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜ਼ੀਰੋ’ ਦੇ ਉਸ ਦ੍ਰਿਸ਼ ਨੂੰ ਹਟਾ ਦਿੱਤਾ ਗਿਆ ਹੈ, ਜਿਸ ਵਿਚ ਕਥਿਤ ਤੌਰ ‘ਤੇ ਅਦਾਕਾਰ ਨੂੰ ਕਿਰਪਾਨ ਪਾਈ ਵਿਖਾਇਆ ਗਿਆ ਹੈ। ਅਦਾਲਤ ਵਿਚ ਫਿਲਮ ਨਿਰਮਾਤਾ ਵਲੋਂ ਬੁੱਧਵਾਰ ਨੂੰ ਹਲਫਨਾਮਾ ਦਾਇਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਖਾਲਸਾ ਵਲੋਂ ਦਾਇਰ ਪਟੀਸ਼ਨ ਵਿਚ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਨੂੰ ਉਸ ਦ੍ਰਿਸ਼ ਨੂੰ ਹਟਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ, ਜਿਸ ਵਿਚ ਸ਼ਾਹਰੁਖ ਖਾਨ ਨੂੰ ਕਥਿਤ ਤੌਰ ‘ਤੇ ਕਿਰਪਾਨ ਪਹਿਨੀ ਦਿਖਾਇਆ ਗਿਆ ਸੀ। ਖਾਲਸਾ ਨੇ ਇਸ ਦ੍ਰਿਸ਼ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਦੀ ਗੱਲ ਕਹੀ ਗਈ ਸੀ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …