ਸਪੀਕਰ ਨੂੰ ਮਿਲ ਕੇ ਫਿਰ ਸੌਂਪਿਆ ਆਪਣਾ ਅਸਤੀਫਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਅੱਜ ਫਿਰ ਆਪਣੇ ਅਸਤੀਫੇ ‘ਤੇ ਕਾਇਮ ਰਹਿਣ ਦੀ ਗੱਲ ਕਹੀ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਵਿਅਕਤੀਗਤ ਰੂਪ ਵਿਚ ਵਿਧਾਨ ਸਭਾ ਦੇ ਸਪੀਕਰ ਨੂੰ ਇਕ ਵਾਰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਫੂਲਕਾ ਨੇ ਲੰਘੀ 12 ਅਕਤੂਬਰ ਨੂੰ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਸੀ, ਪਰ ਇਸ ‘ਤੇ ਕੋਈ ਜਵਾਬ ਨਹੀਂ ਸੀ ਆਇਆ। ਹੁਣ ਫੂਲਕਾ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲੋਂ ਸਮਾਂ ਲੈ ਕੇ ਖੁਦ ਆਪਣਾ ਅਸਤੀਫਾ ਉਨ੍ਹਾਂ ਨੂੰ ਸੌਂਪਿਆ ਹੈ। ਫੂਲਕਾ ਨੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਕੇ 13 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਨੂੰ ਵੀ ਇਸ ਬਾਰੇ ਸੂਚਿਤ ਵੀ ਕਰ ਦਿੱਤਾ ਜਾਵੇ। ਧਿਆਨ ਰਹੇ ਕਿ ਕੈਪਟਨ ਸਰਕਾਰ ਦੇ ਮੰਤਰੀਆਂ ਨੇ ਵਾਅਦਾ ਕੀਤਾ ਸੀ ਕਿ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਾਂਵਾਂਗੇ, ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਕੇਸ ਦਰਜ ਨਹੀਂ ਹੋਏ। ਇਸ ਤੋਂ ਨਰਾਜ਼ ਹੋ ਕੇ ਫੂਲਕਾ ਨੇ ਵਿਧਾਇਕੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …