Breaking News
Home / ਨਜ਼ਰੀਆ / ਬੁਰਾਰੀ (ਦਿੱਲੀ) ਵਿਖੇ ਭੈਅ ਦੇ ਮਾਹੌਲ ਦੀ ਸਿਰਜਣਾ ਕਿਵੇਂ ਹੋਈ?

ਬੁਰਾਰੀ (ਦਿੱਲੀ) ਵਿਖੇ ਭੈਅ ਦੇ ਮਾਹੌਲ ਦੀ ਸਿਰਜਣਾ ਕਿਵੇਂ ਹੋਈ?

ਮੇਘ ਰਾਜ ਮਿੱਤਰ
ਪਰਿਵਾਰ ਦੀ ਜਾਣ-ਪਹਿਚਾਣ : ਦਿੱਲੀ ਦਾ ਬੁਰਾਰੀ ਕਿਸੇ ਸਮੇਂ ਇੱਕ ਪਿੰਡ ਹੁੰਦਾ ਸੀ। ਪਰ ਅੱਜ ਦਿੱਲੀ ਵਿੱਚ ਇਹ ਇੱਕ ਸ਼ਹਿਰ ਬਣ ਗਿਆ ਹੈ। ਇੱਥੇ ਰਾਜਸਥਾਨ ਤੋਂ ਆ ਕੇ ਭਾਟੀਆ ਪਰਿਵਾਰ ਰਹਿੰਦਾ ਸੀ। ਪਰਿਵਾਰ ਦੀ ਮੁਖੀ ਨਰਾਇਣੀ ਜੀ ਦੇ ਦੋ ਬੇਟੇ ਭੁਪਿੰਦਰ ਅਤੇ ਲਲਿਤ ਆਪਣੀਆਂ ਪਤਨੀਆਂ ਅਤੇ ਪੰਜ ਬੱਚਿਆਂ ਸਮੇਤ ਇੱਕੋ ਘਰ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਇੱਕ ਵਿਧਵਾ ਭੈਣ ਵੀ ਰਹਿੰਦੀ ਸੀ। ਇਹ ਪਰਿਵਾਰ ਬਹੁਤ ਚੰਗਾ ਪਰਿਵਾਰ ਸੀ। ਗਲੀ-ਗੁਆਂਢ ਵਿੱਚ ਕਦੇ ਕਿਸੇ ਨੂੰ ਉੱਚਾ ਨਹੀਂ ਸੀ ਬੋਲਿਆ। ਬੁਰਾਰੀ ਦੇ ਲੋਕ ਦਸਦੇ ਹਨ ਕਿ ਇਹਨਾਂ ਦਾ ਵੱਡਾ ਬੇਟਾ ਭੁਪਿੰਦਰ ਆਪਣੀ ਦੁਕਾਨ ‘ਤੇ ਇੱਕ ਫੱਟਾ ਲਟਕਾ ਕੇ ਰੱਖਦਾ ਸੀ ਅਤੇ ਉਸ ਉੱਪਰ ਰੋਜ਼ ਨਵਾਂ ਵਿਚਾਰ ਲਿਖਦਾ ਸੀ। ਪਰਿਵਾਰ ਦੇ ਦੋ ਮੈਂਬਰ ਵਿਦਿਆਰਥੀਆਂ ਨੂੰ ਟਿਊਸ਼ਨਾਂ ਵੀ ਪੜ੍ਹਾਉਂਦੇ ਸਨ। ਇੱਕ ਬੇਟੀ ਮਲਟੀਨੈਸ਼ਨਲ ਕੰਪਨੀ ਵਿੱਚ ਮੁਲਾਜ਼ਮ ਸੀ। ਪਰਿਵਾਰ ਨੂੰ ਇਸ ਕਰਕੇ ਚੰਗਾ ਮੰਨਿਆਂ ਜਾਂਦਾ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਪਿਛਲੇ 30 ਵਰ੍ਹਿਆਂ ਤੋਂ ਸਾਰਾ ਪਰਿਵਾਰ ਇਕੱਠਾ ਰਹਿ ਰਿਹਾ ਸੀ। ਇਸ ਪਰਿਵਾਰ ਦੇ 11 ਮੈਂਬਰਾਂ ਨੇ ਛੱਤ ਦੀਆਂ ਗਰਿੱਲਾਂ ਨਾਲ ਲਮਕਾਈਆਂ ਰੱਸੀਆਂ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ।
ਇਹ ਘਟਨਾ ਕਿਵੇਂ ਵਾਪਰੀ? : ਪਰਿਵਾਰ ਦੇ 45 ਸਾਲਾ ਬੇਟੇ ਲਲਿਤ ਨੂੰ ‘ਆਕਾਸ਼ਬਾਣੀ’ ਹੁੰਦੀ ਸੀ। ਉਸ ਦਾ 10 ਸਾਲ ਪਹਿਲਾਂ ਮਰਿਆ ਪਿਤਾ ਉਸ ਵਿੱਚ ਆ ਕੇ ਉਸ ਨੂੰ ਕੁੱਝ ਆਦੇਸ਼ ਦਿੰਦਾ ਸੀ। ਇਹਨਾਂ ਆਦੇਸ਼ਾਂ ਅਧੀਨ ਪਰਿਵਾਰ ਦੇ ਮੈਂਬਰ ਲਲਿਤ ਦਾ ਕਹਿਣਾ ਮੰਨਦੇ ਸਨ। ਕੋਈ ਵੀ ਪਰਿਵਾਰਕ ਮੈਂਬਰ ਕਿੰਤੂ-ਪ੍ਰੰਤੂ ਨਹੀਂ ਸੀ ਕਰਦਾ। ਕੁੱਝ ਸਮੇਂ ਤੋਂ ਲਲਿਤ ਪਰਿਵਾਰ ਵਿੱਚ ਇਹ ਕਹਿ ਰਿਹਾ ਸੀ ਕਿ ਮੈਨੂੰ ਆਕਾਸ਼ਬਾਣੀ ਹੋਈ ਹੈ। ਪਰਿਵਾਰ ਦੇ ਸਾਰੇ ਜੀਆਂ ਨੇ ਗਲਾਂ ਵਿੱਚ ਰੱਸੇ ਪਾ ਕੇ ਲਟਕ ਜਾਣਾ ਹੈ। ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਮੁਕਤੀ ਮਿਲ ਜਾਵੇਗੀ। ਨਿਸਚਿਤ ਸਮੇਂ ‘ਤੇ ਆ ਕੇ ਪਿਤਾ ਜੀ ਨੇ ਸਾਡੀਆਂ ਰੱਸੀਆਂਾ ਖੋਲ੍ਹ ਦੇਣੀਆਂ ਹਨ ਅਤੇ ਅਸੀਂ ਮੁੜ ਜੀਵਿਤ ਹੋ ਜਾਵਾਂਗੇ। ਪਹਿਲੀ ਜੁਲਾਈ 2018 ਦੀ ਰਾਤ ਨੂੰ ਠੀਕ ਅਜਿਹਾ ਹੀ ਵਾਪਰ ਗਿਆ।
ਇਹ ਘਟਨਾ ਕਿਉਂ ਵਾਪਰੀ? : ਤਰਕਸ਼ੀਲ ਲਹਿਰ ਵਿੱਚ ਕੰਮ ਕਰਦਿਆਂ ਖ਼ੁਦਕੁਸ਼ੀ ਜਾਂ ਕਤਲਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਧਾਰਮਿਕ ਪ੍ਰਭਾਵ ਹੇਠ ਵਾਪਰੀਆਂ ਵੇਖੀਆਂ ਹਨ। ਜਦੋਂ ਕੋਈ ਵਿਅਕਤੀ ਜ਼ਿਆਦਾ ਧਾਰਮਿਕ ਹੋ ਜਾਵੇ ਤਾਂ ਧਰਮ ਦਾ ਇਹ ਨਸ਼ਾ ਉਸ ਦੇ ਦਿਮਾਗ ਨੂੰ ਚੜ੍ਹ ਜਾਂਦਾ ਹੈ। ਉਸ ਨੂੰ ਆਲੇઠ-ਦੁਆਲੇ ਦੀ ਸੁਧ ਨਹੀਂ ਰਹਿੰਦੀ। ਕੁੱਝ ਹਾਲਤਾਂ ਵਿੱਚ ਉਹ ਮਾਨਸਿਕ ਤਵਾਜ਼ਨ ਵੀ ਖੋ ਬੈਠਦੇ ਹਨ। ਜਿਵੇਂ ਕੋਈ ਵਿਅਕਤੀ ਸੁੱਖਾ ਖਾ ਲੈਂਦਾ ਹੈ, ਉਸਨੂੰ ਆਪਣਾ ਸਰੀਰ ਹਵਾ ਵਿੱਚ ਉੱਡਦਾ ਨਜ਼ਰ ਆਉਂਦਾ ਹੈ ਅਤੇ ਉਸਨੂੰ ਹੋਰ ਵਿਚਾਰ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿੱਚ ਵੀ ਅਸੀਂ ਦੇਖਿਆ ਹੈ ਕਿ ਮਾਨਸਿਕ ਰੋਗੀਆਂ ਨੂੰ ਅਕਸਰ ਹੀ ਅਜਿਹੇ ਭਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਕਿਸੇ ਨੂੰ ਕੋਈ ਚੀਜ਼ ਵਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਨੂੰ ਉਲਟੀਆਂ ਸਿੱਧੀਆਂ ਗੱਲਾਂ ਵਿਚਾਰਾਂ ਰਾਹੀਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਠੀਕ ਇਸ ਤਰ੍ਹਾਂ ਹੀ ਬੁਰਾਰੀ ਦੇ 45 ਸਾਲਾ ਲਲਿਤ ਨਾਲ ਹੋਇਆ। ਉਸ ਵਿੱਚ ਉਸ ਦੇ ਮ੍ਰਿਤਕ ਪਿਤਾ ਦੀ ‘ਆਤਮਾ’ ਆਉਣੀ ਸ਼ੁਰੂ ਹੋ ਗਈ। ਉਹ ਪਰਿਵਾਰਿਕ ਜੀਆਂ ਨੂੰ ਆਦੇਸ਼ ਦੇਣ ਲੱਗ ਪਿਆ। ਕਿਉਂਕਿ ਇਹ ਸਿਲਸਿਲਾ ਪਿਛਲੇ ਦਸ ਸਾਲ ਤੋਂ ਚੱਲ ਰਿਹਾ ਸੀ। ਹੌਲੀ-ਹੌਲੀ ਪਰਿਵਾਰਕ ਮੈਂਬਰਾਂ ਨੇ ਲਲਿਤ ਨੂੰ ਕਿੰਤੂ ਪ੍ਰੰਤੂ ਕਰਨਾ ਛੱਡ ਦਿੱਤਾ। ਘਰ ਵਿੱਚ ਤੰਗ ਨਜ਼ਰੀ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਤੋਂ ਕੁੱਝ ਦਿਨ ਪਹਿਲਾਂ ਲਲਿਤ ਨੇ ਆਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਰੱਸੀਆਂ ਅਤੇ ਸਟੂਲ ਖਰੀਦ ਕੇ ਲਿਆਉਣ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇੱਕ-ਦੂਜੇ ਦੇ ਹੱਥ ਬੰਨ੍ਹਣ ਲਈ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਕਿਸੇ ਹੀਲ-ਹੁੱਜਤ ਤੋਂ ਵਗੈਰ ਪਰਿਵਾਰ ਦੇ ਸਾਰੇ ਮੈਂਬਰ ਰੱਸੀਆਂ ਪਾ ਕੇ ਲਟਕ ਗਏ।
ਇਹ ਘਟਨਾਵਾਂ ਕਿਵੇਂ ਰੁਕ ਸਕਦੀਆਂ ਸਨ? : ਬਿਨਾਂ ਸ਼ੱਕ ਇਹ ਪਰਿਵਾਰ ਬਹੁਤ ਚੰਗਾ ਸੀ। ਪਰ ਇਸ ਪਰਿਵਾਰ ਵਿੱਚ ਇੱਕ ਵੱਡਾ ਨੁਕਸ਼ ਸੀ। ੳਹ ਨੁਕਸ ਇਹ ਸੀ ਕਿ ਇਸ ਪਰਿਵਾਰ ਨੇ ਆਪਣੇ ਪਰਿਵਾਰਕ ਜੀਆਂ ਨੂੰ ਘਰ ਵਿੱਚ ਵਿਚਾਰ ਚਰਚਾ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਵਿਗਿਆਨਕ ਨਜ਼ਰੀਏ ਦੀ ਘਾਟ ਸੀ। ਸਕੂਲੀ ਸਿਲੇਬਸਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਜਾਂਦੀ ਵਿਗਿਆਨ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣ ਦੀ ਸਿੱਖਿਆ ਨਾ ਹੀ ਦਿੱਤੀ ਗਈ ਅਤੇ ਨਾ ਹੀ ਘਰ ਵਿੱਚ ਪੁੱਜੀ। ਵਿਦਿਆਰਥੀਆਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਲਾਈਲੱਗ ਬਣ ਕੇ ਇੱਕ ਵਿਅਕਤੀ ਦੇ ਪਿੱਛੇ ਚੱਲਣ ਦੀ ਸਿੱਖਿਆ ਦਿੱਤੀ ਗਈ। ਅਜਿਹੇ ਤੰਗ ਨਜ਼ਰੀਏ ਮਾਹੌਲ ਵਿੱਚ ਅਜਿਹਾ ਕੁੱਝ ਵਾਪਰ ਜਾਣਾ ਸੁਭਾਵਿਕ ਹੀ ਹੁੰਦਾ ਹੈ। ਜੇ ਤੁਹਾਡੇ ਘਰ ਵਿੱਚ ਕਿਸੇ ਨੁਕਤੇ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਨਹੀਂ ਹੁੰਦਾ ਤਾਂ ਮੈਂ ਸਮਝਦਾ ਹਾਂ ਤਾਂ ਉਹ ਘਰ ਕਿਸੇ ਨਰਕ ਤੋਂ ਘੱਟ ਨਹੀਂ ਹੈ।
ਹੋਰ ਘਟਨਾਵਾਂ ਕਿੱਥੇ-ਕਿੱਥੇ ਵਾਪਰੀਆਂ : ਅਮਰੀਕਾ ਵਿੱਚ ਇੱਕ ਅਜਿਹੀ ਧਾਰਮਿਕ ਸੰਸਥਾ ਪੀਪਲਜ਼ ਟੈਂਪਲ ਸੀ, ਜਿਸ ਦੇ 918 ਮੈਂਬਰਾਂ ਨੇ ਸਾਇਆਨਾਈਡ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤਰ੍ਹਾਂ ਸੋਲ੍ਹਰ ਟੈਂਪਲ ਨਾਂ ਦੀ ਇੱਕ ਸੰਸਥਾ ਦੇ 78 ਮੈਂਬਰਾਂ ਨੇ ਆਪਣੇ ਆਪ ਨੂੰ ਮਾਰ ਮੁਕਾ ਲਿਆ। ਕੁੱਝ ਦਿਨ ਪਹਿਲਾਂ ਹੀ ਜਾਪਾਨ ਵਿੱਚ ਇੱਕ ਧਾਰਮਿਕ ਆਗੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਰੇਲਗੱਡੀ ਅਤੇ ਚੌਰਸਤਿਆਂ ਵਿੱਚ ਗੈਸ ਛੱਡ ਕੇ ਲੋਕਾਂ ਨੂੰ ਮਾਰ ਮੁਕਾਉਣ ਦਾ ਯਤਨ ਕੀਤਾ ਸੀ। ਸਾਡੇ ਦੇਸ਼ ਵਿੱਚ ਅਜਿਹੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੀਆਂ ਕਹਿੰਦੀਆਂ ਹਨ ਕਿ ਦੁਨੀਆਂ ਨਸ਼ਟ ਹੋ ਜਾਵੇਗੀ, ਇਸ ਤਾਰੀਕ ਨੂੰ ਮੁਰਦੇ ਜਿਉਂਦੇ ਹੋ ਜਾਣਗੇ। ਅਜਿਹੀਆਂ ਸੰਸਥਾਵਾਂ ਆਪਣੇ ਵਿਚਾਰਾਂ ਨੂੰ ਹਕੀਕੀ ਰੂਪ ਦੇਣ ਲਈ ਕਈ ਵਾਰ ਯਤਨ ਵੀ ਕਰਦੀਆਂ ਹਨ।
ਬੁਰਾਰੀ ਵਿੱਚ ਡਰ ਦਾ ਮਾਹੌਲ ਕਿਵੇਂ ਸਿਰਜਿਆ ਗਿਆ? : ਦਿੱਲੀ ਵਿੱਚ ਕੰਮ ਕਰਦੇ ਬਹੁਤ ਸਾਰੇ ਨਿੱਜੀ ਚੈਨਲਾਂ ਨੇ ਲੋਕਾਂ ਨੂੰ ਵਾਰ-ਵਾਰ ਉਹੀ ਘਰ ਵਿਖਾਇਆ ਕਿ ਇਸ ਘਰ ਵਿੱਚ ਕੁੱਝ ਬੁਰੀਆਂ ਆਤਮਾਵਾਂ ਅੱਜ ਵੀ ਮੌਜੂਦ ਨੇ। ਉਹ ਆਤਮਾਵਾਂ ਬਾਰੇ ਕਲਪਿਤ ਕਿੱਸੇ ਕਹਾਣੀਆਂ ਵਾਰ-ਵਾਰ ਸੁਣਾ-ਸੁਣਾ ਕੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਗੈਰਵਿਗਿਆਨਕ ਘਟਨਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ‘ਤੇ ਇਸ ਦੇਸ਼ ਵਿੱਚ ਕੋਈ ਪਾਬੰਦੀ ਨਹੀਂ। ਲੱਖਾਂ-ਕਰੋੜਾਂ ਲੋਕਾਂ ਨੂੰ ਅੰਧਵਿਸ਼ਵਾਸ਼ ਦੀ ਦਲਦਲ ਵਿੱਚ ਧੱਕਣ ਵਾਲੇ ਅਪਰਾਧੀਆਂ ਨੂੰ ਅਪਰਾਧੀ ਮੇਰੇ ਦੇਸ਼ ਵਿੱਚ ਨਹੀਂ ਗਿਣਿਆਂ ਜਾਂਦਾ। ਇੱਕ ਨਵੀ ਕਿਸਮ ਦੇ ਬਾਬਿਆਂ ਨੂੰ ਚੈਨਲਾਂ ਤੇ ਵਾਰ-ਵਾਰ ਵਿਖਾਇਆ ਜਾਂਦਾ ਹੈ। ਵਾਰ-ਵਾਰ ਦਿਖਾਈਆਂ ਗਈਆਂ ਅਜਿਹੀਆਂ ਘਟਨਾਵਾਂ ਲੋਕਾਂ ਵਿੱਚ ਡਰ ਦਾ ਮਾਹੌਲ ਸਿਰਜ ਹੀ ਦਿੰਦੀਆਂ ਹਨ। ਇਸ ਲਈ ਦਿੱਲੀ ਦੇ ਲੋਕਾਂ ਨੂੰ ਮੁਜ਼ਾਹਰੇ ਵੀ ਕਰਨੇ ਪਏ। ਪਰ ਸਰਕਾਰ ਦੇ ਕੰਨ੍ਹਾਂ ਉੱਪਰ ਜੂੰ ਤੱਕ ਨਹੀਂ ਸਰਕੀ। ਇਸ ਭੈਅ ਦੇ ਮਾਹੌਲ ਨੂੰ ਦੂਰ ਕਰਨ ਲਈ ਸਾਨੂੰ ਤਰਕਸ਼ੀਲਾਂ ਨੂੰ ਵੀ ਦਿੱਲੀ ਬੁਲਾਇਆ ਗਿਆ। ਇੱਕ ਚੈਨਲ ਤੇ ਮੇਰਾ ਵਿਚਾਰ-ਵਟਾਂਦਰਾਂ ਇੱਕ ਨਵੀਂ ਕਿਸਮ ਦੇ ਬਾਬੇ ਨਾਲ ਹੋ ਗਿਆ। ਇਹ ਅਖੌਤੀ ਬਾਬਾ ਭਾਵੇਂ ਇੱਕ ਨੌਜਵਾਨ ਲੜਕਾ ਹੀ ਸੀ। ਉਹ ਇੱਕ ਪੈਰਾਨਾਰਮਲ ਨਾਂ ਦੀ ਸੰਸਥਾ ਦਾ ਕਰਤਾ-ਧਰਤਾ ਸੀ। ਇਨ੍ਹਾਂ ਨਾਲ ਸਾਡਾ ਵਾਹ ਪਹਿਲਾਂ ਵੀ ਪਿਆ ਹੈ। ਗੌਰਵ ਤਿਵਾੜੀ ਨਾਂ ਦਾ ਵਿਅਕਤੀ ਇਸ ਸੰਸਥਾ ਦਾ ਮੋਢੀ ਸੀ। ਕੁੱਝ ਸਮਾਂ ਪਹਿਲਾਂ ਕਿਸੇ ਚੈਨਲ ਤੇ ਹੋਏ ਬਹਿਸ-ਵਟਾਦਰੇ ਵਿੱਚ ਉਹ ਆਪਣੇ ਦੁਆਰਾ ਲਿਆਂਦੇ ਗਏ ਯੰਤਰਾਂ ਨੂੰ ਆਤਮਾਵਾਂ ਦੀ ਹੋਂਦ ਮਾਪਣ ਵਾਲੇ ਨੂੰ ਵਿਗਿਆਨਕ ਯੰਤਰ ਸਿੱਧ ਨਾ ਕਰ ਸਕਿਆ। ਆਪਣੀਆਂ ਪਰਿਵਾਰਕ ਉਲਝਣਾਂ ਵਿੱਚ ਉਲਝ ਕੇ ਇਸ ਵਿਅਕਤੀ ਨੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਮੈਂ ਪੈਰਾਨਾਰਮਲ ਸੁਸਾਇਟੀ ਦੇ ਮੌਜੂਦਾ ਕਰਤਾ-ਧਰਤਾ ਨੂੰ ਪੁੱਛਿਆ ਕਿ ਤੇਰੇ ਯੰਤਰ ਭੂਤਾਂ ਵਾਲੇ ਘਰਾਂ ਵਿੱਚੋਂ ਭੂਤਾਂ ਨੂੰ ਕਿਵੇਂ ਤਲਾਸ਼ਦੇ ਹਨ? ਉਹ ਕਹਿਣ ਲੱਗਿਆ ਕਿ ਭੂਤਾਂ-ਪ੍ਰੇਤਾਂ ਦੀਆਂ ਆਤਮਾਵਾਂ ਜਿਸ ਥਾਂ ‘ਤੇ ਰਹਿੰਦੀਆਂ ਹਨ, ਤਾਂ ਉਹ ‘ਵੇਵਜ ਸਿਗਨਲਜ’ ਛੱਡਦੀਆਂ ਹਨ। ਮੇਰੇ ਯੰਤਰ ਉਨ੍ਹਾਂ ਨੂੰ ਮਾਪ ਕੇ ਦੱਸ ਸਕਦੇ ਹਨ ਕਿ ਕਿਹੜੇ ਘਰ ਵਿੱਚ ਭੂਤਾਂ ਦਾ ਵਾਸਾ ਹੈ। ਬੁਰਾਰੀ ਕਾਂਡ ਤੋਂ ਪਿੱਛੋਂ 30 ਦੇ ਕਰੀਬ ਚੈਨਲਾਂ ਨੇ ਇਸ ਪੈਰਾਨਾਰਮਲ ਸੁਸਾਇਟੀ ਵਾਲਿਆਂ ਨੂੰ ਖਾਸ ਤੌਰ ‘ਤੇ ਬੁਲਾਇਆ ਗਿਆ। ਮੇਰਾ ਅਗਲਾ ਸੁਆਲ ਉਸ ਨੂੰ ਇਹ ਸੀ ਕਿ ਕੀ ਭੂਤ-ਪ੍ਰੇਤ ਹੁੰਦੇ ਹਨ? ਉਹ ਕਹਿਣ ਲੱਗਿਆ ਕਿ ”ਉਂਝ ਤਾਂ ਮੈਂ ਭੂਤਾਂ-ਪ੍ਰੇਤਾਂ ਅਤੇ ਅੰਧਵਿਸ਼ਵਾਸ਼ਾਂ ਦਾ ਵਿਰੋਧੀ ਹਾਂ। 96 ਪ੍ਰਤੀਸ਼ਤ ਕੇਸਾਂ ਵਿੱਚ ਸਾਨੂੰ ਮਿਲਦਾ ਵੀ ਕੁੱਝ ਨਹੀਂ। ਪਰ 4 ਚਾਰ ਪ੍ਰਤੀਸ਼ਤ ਕੇਸਾਂ ਵਿੱਚ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ।” ਇਸ ਤਰ੍ਹਾਂ ਕਹਿਣ ਨੂੰ ਅਜਿਹੇ ਲੋਕ ਅੰਧਵਿਸ਼ਵਾਸ਼ਾਂ ਦੇ ਵਿਰੋਧੀ ਹੁੰਦੀ ਹਨ ਪਰ ਇਹ ਅੰਧਵਿਸ਼ਵਾਸ਼ ਪੈਦਾ ਕਰਨ ਦਾ ਵੱਡਾ ਵਸੀਲਾ ਬਣਦੇ ਹਨ। ਅਸੀਂ ਜਾਣਦੇ ਹਾਂ ਕਿ ਜਿਸ ਧਰਤੀ ‘ਤੇ ਅਸੀਂ ਰਹਿੰਦੇ ਹਾਂ, ਇਸ ਧਰਤ ਦੇ ਅੰਦਰ ਖਰਬਾਂ ਟਨ ਲੋਹਾ ਅਤੇ ਹੋਰ ਪਦਾਰਥ ਪਿਘਲੀ ਹੋਈ ਹਾਲਤ ਵਿੱਚ ਹਨ। ਧਰਤੀ ਦੀਆਂ ਗਤੀਆਂ ਕਾਰਨ ਇਸ ਵਿੱਚੋਂ ਕੁੱਝ ਤਰਲ ਪਦਾਰਥ ਇੱਧਰ-ਉੱਧਰ ਦੀ ਗਤੀ ਕਰਦਾ ਰਹਿੰਦਾ ਹੈ। ਇਸ ਗਤੀ ਕਾਰਨ ਕੁੱਝ ਬਿਜਲੀ ਚੁੰਬਕੀ ਤਰੰਗਾਂ ਅਤੇ ਧੁਨੀ ਤਰੰਗਾਂ ਪੈਦਾ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਬ੍ਰਹਿਮੰਡ ਵਿੱਚੋਂ ਅਤੇ ਸਾਡੇ ਸੂਰਜ ਵਿੱਚੋਂ ਕਦੇ ਨਾ ਕਦੇ ਕੁੱਝ ਆਵਾਜ਼ਾਂ ਵਿਗਿਆਨਕਾਂ ਦੁਆਰਾ ਬਣਾਏ ਯੰਤਰਾਂ ਦੀ ਪਕੜ ਵਿੱਚ ਆ ਜਾਂਦੀਆਂ ਹਨ। ਇਨ੍ਹਾਂ ਤਰੰਗਾਂ ਦੇ ਨਾਂ ‘ਤੇ ਇਹ ਪੈਰਾਨਾਰਮਲ ਸੁਸਾਇਟੀ ਵਾਲੇ ਲੋਕਾਂ ਨੂੰ ਭਰਮ-ਭੁਲੇਖਿਆਂ ਵਿੱਚ ਪਾ ਰਹੇ ਹਨ। ਸਧਾਰਨ ਲੋਕਾਂ ਨੂੰ ਇਹ ਨਹੀਂ ਪਤਾ ਕਿ ਧਰਤੀ ‘ਤੇ ਹਰ ਸਮੇਂ ਕਿਸੇ ਨਾ ਕਿਸੇ ਕੋਨੇ ਵਿੱਚ ਭੂਚਾਲ ਆਉਂਦਾ ਹੀ ਰਹਿੰਦਾ ਹੈ। ਇਨ੍ਹਾਂ ਦੁਆਰਾ ਛੱਡੀਆਂ ਕੁੱਝ ਆਵਾਜ਼ਾਂ ਜਾਂ ਵੇਵਜ਼ ਸਿਗਨਲਜ਼ ਵਿਗਿਆਨਕ ਯੰਤਰਾਂ ਦੀ ਪਕੜ ਵਿੱਚ ਆ ਹੀ ਜਾਂਦੇ ਹਨ। ਪਰ ਇਸ ਚੈਨਲ ‘ਤੇ ਮੇਰਾ ਜ਼ੋਰ ਇਹ ਸਿੱਧ ਕਰਨ ‘ਤੇ ਹੀ ਸੀ ਕਿ ਸਰੀਰ ਵਿੱਚ ਆਤਮਾ ਦੀ ਕੋਈ ਹੋਂਦ ਨਹੀਂ ਹੁੰਦੀ। ਇਹ ਸਿੱਧ ਵੀ ਹੋ ਚੁੱਕਿਆ ਹੈ ਕਿ ਆਤਮਾ ਨਾ ਤਾਂ ਪੂਰੇ ਸਰੀਰ ਵਿੱਚ ਰਹਿੰਦੀ ਹੈ। ਕਿਉਂਕਿ ਜਿੰਨ੍ਹਾਂ ਵਿਅਕਤੀਆਂ ਦੇ ਅੰਗ ਪੈਰ ਕਟ ਜਾਂਦੇ ਹਨ ਤਾਂ ਕੀ ਉਨ੍ਹਾਂ ਦੀ ਆਤਮਾ ਕੱਟਵੱਢ ਹੋ ਜਾਂਦੀ ਹੈ? ਧਰਤੀ ‘ਤੇ ਲੱਖਾਂ ਵਿਅਕਤੀਆਂ ਦੇ ਦਿਲਾਂ ਦੇ ਆਪਰੇਸ਼ਨ ਹਰ ਰੋਜ਼ ਹੁੰਦੇ ਹਨ। ਪੁਰਾਣੇ ਦਿਲ ਕੱਢਕੇ ਹੋਰ ਦਿਲ ਪਾ ਦਿੱਤੇ ਜਾਂਦੇ ਹਨ, ਤਾਂ ਕੀ ਉਨ੍ਹਾਂ ਦੀਆਂ ਆਤਮਾਵਾਂ ਬਦਲ ਜਾਂਦੀਆਂ ਹਨ। ਇਸ ਤਰ੍ਹਾਂ ਹੀ ਦਿਮਾਗਾਂ ਦਾ ਹੁੰਦਾ ਹੈ। ਦਿਮਾਗਾਂ ਵਿੱਚ ਵੀ ਇਹ ਨਹੀਂ ਹੁੰਦੀਆਂ। ਲੱਖਾਂ ਵਿਅਕਤੀਆਂ ਦੇ ਦਿਮਾਗਾਂ ਦੇ ਆਪਰੇਸ਼ਨ ਹਰ ਰੋਜ਼ ਕੀਤੇ ਜਾਂਦੇ ਹਨ। ਕਿਸੇ ਡਾਕਟਰ ਨੂੰ ਕਿਸੇ ਆਤਮਾ ਦੇ ਕਦੇ ਵੀ ਦਰਸ਼ਨ ਨਹੀਂ ਹੋਏ। ਜੇ ਆਤਮਾ ਕੋਈ ਪਦਾਰਥ ਹੁੰਦੀ ਤਾਂ ਡਾਕਟਰਾਂ ਨੇ ਇਸ ਨੂੰ ਨਿਕਲਣ ਸਮੇਂ ਹੀ ਪਕੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਪਾ ਦਿੱਤਾ ਹੁੰਦਾ। ਕਿਸੇ ਡਾਕਟਰ ਨੇ ਅੱਜ ਤੱਕ ਇਸ ਦਾ ਭਾਰ ਨਹੀਂ ਦੱਸਿਆ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਤਮਾ ਦੀ ਕੋਈ ਹੋਂਦ ਨਹੀਂ ਹੁੰਦੀ। ਜਿਸ ਤਰ੍ਹਾਂ ਟੈਲੀਵਿਜ਼ਨਾਂ ਦੀਆਂ ਵੱਖ-ਵੱਖ ਪ੍ਰਣਾਲੀਆਂ ਕੰਮ ਕਰਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਸਰੀਰ ਵਿੱਚ ਭੋਜਨ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਸਾਹ ਪ੍ਰਣਾਲੀ, ਸੁਨੇਹਾ ਲਿਆੳਣ ਅਤੇ ਭੇਜਣ ਵਾਲੀ ਪ੍ਰਣਾਲੀ, ਪਿੰਜਰ ਪ੍ਰਣਾਲੀ ਅਤੇ ਹੋਰ ਕਈ ਪ੍ਰਣਾਲੀਆਂ ਹੁੰਦੀਆਂ। ਹਨ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਕਾਰਜ ਰੁਕ ਜਾਣ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਕੁੱਝ ਹਾਲਤਾਂ ਵਿੱਚ ਡਾਕਟਰ ਅੰਗਪ੍ਰਣਾਲੀਆਂ ਨੂੰ ਠੀਕ ਕਰਕੇ ਮੁੜ ਚਾਲੂ ਕਰ ਲੈਂਦੇ ਹਨ।
ਅਸੀਂ ਬੁਰਾਰੀ ਵਿਖੇ ਗਏ : ਅਸੀਂ ਬੁਰਾਰੀ ਵਿਖੇ ਇੱਕ ਸਕੂਲ ਵਿੱਚ ਸਥਾਨਕ 50-60 ਇਸਤਰੀਆਂ ਅਤੇ ਪੁਰਸ਼ਾਂ ਦਾ ਇਕੱਠ ਕੀਤਾ ਅਤੇ ਉਨ੍ਹਾਂ ਨੂੰ ਆਤਮਾਵਾਂ ਦੀ ਅਣਹੋਂਦ ਬਾਰੇ ਦੱਸਿਆ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਤੁਹਾਨੂੰ ਡਰ ਦੇ ਮਾਹੌਲ ਵਿੱਚੋਂ ਬਾਹਰ ਆਉਣ ਲਈ ਹਰ ਘਰ ਵਿੱਚ ਵਿਚਾਰ-ਵਟਾਂਦਰੇ ਦਾ ਮਾਹੌਲ ਪੈਦਾ ਕਰਨਾ ਪਵੇਗਾ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਬੁਰਾਰੀ ਦੇ ਸਾਰੇ ਸਕੂਲਾਂ ਵਿੱਚ ਅਜਿਹੇ ਫੰਕਸ਼ਨ ਕਰਕੇ ਲੋਕਾਂ ਨੂੰ ਸਮਝਾਓਗੇ ਤਾਂ ਬਣਿਆ ਭੈਅ ਦਾ ਮਾਹੌਲ ਖਤਮ ਕੀਤਾ ਜਾ ਸਕਦਾ ਹੈ। ਕਿਉਂਕਿ ਅਸੀਂ ਕੁੜਕੁੜ ਦੂਮਾਂ (ਦਿੱਲੀ) ਦੀ ਅਦਾਲਤ ਦੇ ਕੰਪਲੈਕਸ ਵਿੱਚ ਇਕੱਠੇ ਹੋਏ ਵਕੀਲਾਂ ਨਾਲ ਵੀ ਇਸੇ ਵਿਸ਼ੇ ‘ਤੇ ਗੱਲਾਂਬਾਤਾਂ ਕਰਨੀਆਂ ਸਨ। ਸੋ ਅਸੀਂ ਵਕੀਲਾਂ ਰਾਹੀਂ ਬੁਰਾਰੀ ਦੇ ਲੋਕਾਂ ਨੂੰ ਸੁਨੇਹਾ ਦੇਣ ਲਈ ਤੁਰ ਪਏ।
2001 ਵਿੱਚ ਮੈਨੂੰ ਚੀਨ ਦੇ ਸਰਕਾਰੀ ਟੈਲਵਿਜ਼ਨ ਦਾ ਸੱਦਾ ਆਇਆ ਕਿ ਤੁਸੀਂ ਬੀਜਿੰਗ ਆਓ। ਉੱਥੇ ਤੁਹਾਡੇ ਨਾਲ ਕੁੱਝ ਜ਼ਰੂਰੀ ਗੱਲਾਂ ਕਰਨੀਆਂ ਹਨ। ਉੱਥੇ ਪਹੁੰਚਣ ਤੇ ਸਾਨੂੰ ਪਤਾ ਲੱਗਿਆ ਕਿ ਕੁੱਝ ਦਿਨ ਪਹਿਲਾਂ ਚੀਨ ਦੀ ਰਾਜਧਾਨੀ ਤਿਆਨ ਮਿਨ ਚੌਂਕ ਵਿੱਚ ਚਾਰ ਵਿਅਕਤੀ ਆਪਣੇ ਆਪ ਨੂੰ ਅੱਗ ਲਾ ਕੇ ਮੱਚ ਗਏ ਸਨ। ਇਨ੍ਹਾਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇੱਕ 14 ਸਾਲਾ ਲੜਕੀ ਜੋ ਅਜੇ ਸਹਿਕਦੀ ਸੀ, ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਅੱਗ ਕਿਉਂ ਲਾਈ? ਉਹ ਕਹਿਣ ਲੱਗੀ ਕਿ ”ਮੇਰੇ ਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਤਿਆਨ ਮਿਨ ਚੌਕ ਵਿੱਚ ਅੱਗ ਲਾ ਕੇ ਮੱਚਣਗੇ ਉਹ ਸਵਰਗਾਂ ਨੂੰ ਜਾਣਗੇ।” ਡਾਕਟਰਾਂ ਨੇ ਅੱਗੋ ਪੁੱਛਿਆ ਕਿ ਸਵਰਗ ਵਿੱਚ ਕੀ ਹੈ? ਤਾਂ ਉਹ ਕਹਿਣ ਲੱਗੀ ਕਿ ”ਸਵਰਗ ਵਿੱਚ ਸੋਨੇ ਦੀਆਂ ਇੱਟਾਂ ਅਤੇ ਸੜਕਾਂ ਨੇ।” ਇਹ ਕਹਿ ਕੇ ਉਹ ਲੜਕੀ ਮਰ ਗਈ ਪਰ ਚੀਨ ਸਰਕਾਰ ਲਈ ਇੱਕ ਸਵਾਲ ਖੜ੍ਹਾ ਕਰ ਗਈ ਕਿ ਮੰਡੀ ਖੋਲ੍ਹਣ ਨਾਲ ਪੱਛਮੀ ਦੇਸ਼ਾਂ ਦੇ ਅੰਧਵਿਸ਼ਵਾਸ਼ ਉਸ ਦੇਸ਼ ਵਿੱਚ ਆਉਣੇ ਸ਼ੁਰੂ ਹੋ ਗਏ। ਅੰਧਵਿਸ਼ਵਾਸਾਂ ਨੂੰ ਰੋਕਣ ਲਈ ਉਨ੍ਹਾਂ ਨੇ ਕੁੱਝ ਪ੍ਰੋਗਰਾਮ ਉਲੀਕੇ। ਇਨ੍ਹਾਂ ਵਿੱਚੋਂ ਪਹਿਲਾ ਪ੍ਰੋਗਰਾਮ ਇਹ ਸੀ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਤਰਕਸ਼ੀਲਾਂ ਨੂੰ ਬੁਲਾਇਆ ਜਾਵੇ ਅਤੇ ਊਨ੍ਹਾਂ ਨੂੰ ਟੈਲੀਵਿਜ਼ਨ ਰਾਹੀਂ ਆਮ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰੀ ਤੌਰ ‘ਤੇ ਅੰਧਵਿਸ਼ਵਾਸ਼ੀ ਵਿਰੋਧੀ ਅਤੇ ਵਿਗਿਆਨਕ ਸੋਚ ਵਾਲੀਆਂ ਸੰਸਥਾਵਾਂ ਦਾ ਗਠਨ ਕਰਨ ਦੀ ਡਿਊਟੀ ਲਾ ਦਿੱਤੀ। ਉਨ੍ਹਾਂ ਨੇ ਉਸ ਦੇਸ਼ ਵਿੱਚ ਕੰਮ ਕਰਦੀਆਂ ਅੰਧਵਿਸ਼ਵਾਸ਼ੀ ਸੰਸਥਾਵਾਂ ਨੂੰ ਕੁਚਲਣ ਦਾ ਫੈਸਲਾ ਕੀਤਾ। ਜੇ ਚੀਨ ਸਰਕਾਰ ਚਾਰ ਵਿਅਕਤੀਆਂ ਦੇ ਖੁਦਕੁਸ਼ੀ ਕਰਨ ਤੇ ਅਜਿਹੇ ਕਦਮ ਉਠਾ ਸਕਦੀ ਹੈ ਤਾਂ ਭਾਰਤ ਸਰਕਾਰ ਨੂੰ ਗਿਆਰਾਂ ਮੈਂਬਰਾਂ ਦੀ ਖੁਦਕੁਸ਼ੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਵਿਗਿਆਨਕ ਸੋਚ ਦਾਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਚਾਹੀਦਾ ਹੈ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …