ਕੈਪਟਨ ਅਮਰਿੰਦਰ ਨੇ ਪੁਲਿਸ ਨੂੰ ਦਿੱਤੀ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼
ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਸੈਕਟਰ-43 ਤੋਂ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਦਿਲਪ੍ਰੀਤ ਬਾਬਾ ਸੈਕਟਰ-43 ਦੇ ਬਸ ਸਟੈਂਡ ‘ਤੇ ਹੈ। ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਮਨਜੋਤ ਸਿੰਘ ਨੇ ਬੜੀ ਹੁਸ਼ਿਆਰੀ ਨਾਲ ਆਪਣੀ ਫਾਰਚੂਨਰ ਕਾਰ ਦਿਲਪ੍ਰੀਤ ਦੀ ਕਾਰ ਦੇ ਪਿੱਛੇ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਨੇ ਪਹਿਲਾਂ ਪੁਲਿਸ ‘ਤੇ ਗੋਲੀ ਚਲਾਈ। ਪੁਲਿਸ ਵਲੋਂ ਜਵਾਬ ‘ਚ ਚਲਾਈ ਗਈ ਗੋਲੀ ਵਿੱਚ ਦਿਲਪ੍ਰੀਤ ਜ਼ਖ਼ਮੀ ਹੋ ਗਿਆ। ਦਿਲਪ੍ਰੀਤ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਗ੍ਰਿਫਤਾਰੀ ਵੇਲੇ ਕਲੀਨ ਸ਼ੇਵ ਸੀ। ਦਿਲਪ੍ਰੀਤ ਦੀ ਗ੍ਰਿਫਤਾਰੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਵਧਾਈ ਦਿੱਤੀ ਹੈ।
ਦਿਲਪ੍ਰੀਤ ਦੀ ਮਾਤਾ ਅਤੇ ਭੈਣ ਦਾ ਕਹਿਣਾ
ਦਿਲਪ੍ਰੀਤ ਆਤਮ ਸਮਰਪਣ ਕਰਨਾ ਚਾਹੁੰਦਾ ਸੀ, ਹੁਣ ਪੁਲਿਸ ਨੇ ਰਚਿਆ ਡਰਾਮਾ
ਰੋਪੜ/ਬਿਊਰੋ ਨਿਊਜ਼
ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਮਾਤਾ ਸੁਰਿੰਦਰ ਕੌਰ ਤੇ ਭੈਣ ਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਮੀਡੀਆ ਦੀ ਮਦਦ ਨਾਲ ਦਿਲਪ੍ਰੀਤ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਸੀ। ਇਸੇ ਕਰਕੇ ਉਹ ਆਤਮ ਸਮਰਪਣ ਕਰਨ ਲਈ ਚੰਡੀਗੜ੍ਹ ਆਇਆ ਸੀ। ਹੁਣ ਪੁਲਿਸ ਉਸ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤਾਂ ਖ਼ੁਦ ਪੇਸ਼ ਹੋਣਾ ਚਾਹੁੰਦਾ ਸੀ ਪਰ ਪੁਲਿਸ ਨੇ ਇਹ ਸਾਰਾ ਡਰਾਮਾ ਰਚਾ ਦਿੱਤਾ ਹੈ। ਉਨ੍ਹਾਂ ਨੇ ਦਿਲਪ੍ਰੀਤ ਨਾਲ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੇ ਸੱਚ ਸਭ ਦੇ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਦਿਲਪ੍ਰੀਤ ਦੀ ਮਾਂ ਤੇ ਭੈਣ ਨੇ ਕਿਹਾ ਕਿ ਦਿਲਪ੍ਰੀਤ ਖਿਲਾਫ ਲੱਗੇ ਫਿਰੌਤੀ ਵਾਲੇ ਸਾਰੇ ਇਲਜ਼ਾਮ ਝੂਠੇ ਹਨ ਅਤੇ ਪੁਲਿਸ ਨੂੰ ਉਨ੍ਹਾਂ ਸਾਰੇ ਕੇਸਾਂ ਦੀ ਜਾਂਚ ਕਰਨੀ ਚਾਹੀਦੀ ਹੈ।