Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵਿਚਾਰ ਚਰਚਾ

ਤਰਕਸ਼ੀਲ ਸੁਸਾਇਟੀ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵਿਚਾਰ ਚਰਚਾ

ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀ ਬਲਦੇਵ ਰਹਿਪਾ ਮੁੱਖ ਕੁਆਡੀਨੇਟਰ ਦੀ ਪਰਧਾਨਗੀ ਹੇਠ ਜਨਰਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿੱਚ ਡਾ: ਬਲਜਿੰਦਰ ਸੇਖੌਂ ਦੁਆਰਾ ਅਵੇਅਰਨੈੱਸ ਲਈ ਕੀਤੀ ਪੇਸ਼ਕਾਰੀ ਤੋਂ ਬਿਨਾਂ ਬਾਬਾ ਨਾਜਮੀ ਦੇ 28 ਜੁਲਾਈ ਨੂੰ ਹੋ ਰਹੇ ਪਰੋਗਰਾਮ ਅਤੇ ਤਰਕਸ਼ੀਲ ਪਿਕਨਿਕ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਕਮਿਊਨਿਟੀ ਦੇ ਭਖਦੇ ਮਸਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਖੁੱਲ੍ਹ ਕੇ ਸਾਰੇ ਪੱਖਾਂ ਤੋਂ ਵਿਚਾਰ ਵਟਾਂਦਰਾ ਕੀਤਾ ਗਿਆ। ਬਲਦੇਵ ਰਹਿਪਾ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਹ ਸਿੱਟਾ ਕੱਢਿਆ ਗਿਆ ਕਿ ਕੁੱਝ ਕੁ ਵਿਦਿਆਰਥੀਆਂ ਵਲੋਂ ਕੀਤੀ ਗੁੰਡਾ ਗਰਦੀ ਕਨੇਡੀਅਨ ਕਾਨੂੰਨ ਅਤੇ ਸਮਾਜ ਵਿੱਚ ਸਹਿਣਯੋਗ ਨਹੀਂ। ਦੂਜੇ ਪਾਸੇ ਕੁੱਝ ਲੋਕਾਂ ਵਲੋਂ ਸਮੁੱਚੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਰੁੱਧ ਧੂਆਂਧਾਰ ਪਰਚਾਰ ਅਤੇ ਵਿਦਿਆਰਥੀਆਂ ਨੂੰ ਮੁਸ਼ਟੰਡੇ ਤੱਕ ਕਹਿ ਕੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਰਿਹਾਇਸ਼ ਨਾ ਦੇਣ ਦਾ ਹੋਕਾ ਦੇਣਾ ਵੀ ਬਹੁਤ ਹੀ ਮੰਦਭਾਗਾ ਹੈ। ਅਜਿਹੀ ਹਾਲਤ ਪੈਦਾ ਹੋਣ ਦੇ ਕਾਰਣਾਂ ਨੂੰ ਸਮਝਣ ਦੀ ਥਾਂ ਤੱਤਪੜੱਤੇ ਬਿਆਨ ਦੇਣਾ ਸਿਆਣਪ ਦਾ ਕੰਮ ਨਹੀਂ ਹੈ। ਮਨੁੱਖ ਮੁੱਢ ਕਦੀਮਾਂ ਤੋਂ ਹੀ ਚੰਗੇ ਭਵਿੱਖ ਦੀ ਭਾਲ ਵਿੱਚ ਨਵੇਂ ਨਵੇਂ ਥਾਂ ਤੇ ਜਾ ਕੇ ਵਸਦਾ ਰਿਹਾ ਹੈ। ਜੇ ਪੰਜਾਬ ਦੇ ਨੌਜਵਾਨ ਕਨੇਡਾ ਆ ਕੇ ਆਪਣਾ ਵਧੀਆਂ ਭਵਿੱਖ ਸਿਰਜਣਾ ਚਾਹੁੰਦੇ ਹਨ ਤਾਂ ਇਸ ਵਿੱਚ ਕਿਹੜੀ ਮਾੜੀ ਗੱਲ ਹੈ?
ਸਾਨੂੰ ਰਲ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਬਣਦਾ ਹੈ ਨਾ ਕਿ ਇੱਕ ਦੂਜੇ ਤੇ ਊਜਾਂ ਲਾ ਕੇ। ਕਨੇਡੀਅਨ ਜੰਮਪਲ ਅਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਵਿੱਚ ਪਾੜਾ ਪਾਉਣਾ ਕਦਾਚਿਤ ਵੀ ਉਚਿੱਤ ਨਹੀਂ ਇਸ ਨਾਲ ਮਸਲਾ ਹੋਰ ਗੁੰਝਲਦਾਰ ਬਣ ਜਾਣ ਦੀ ਸੰਭਾਵਨਾ ਵਧੇਰੇ ਹੈ।
ਇਸ ਸਮੱਸਿਆ ਦਾ ਇੱਕ ਕਾਰਨ ਨਹੀਂ ਬਹੁਤ ਸਾਰੇ ਕਾਰਨਾ ਕਰ ਕੇ ਇਹ ਗੁੰਝਲਦਾਰ ਬਣ ਗਈ ਹੈ ਤੇ ਉਲਝੀ ਤਾਣੀ ਨੂੰ ਸੁਲਝਾਂੳਣ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਬਹੁ ਗਿਣਤੀ ਵਿਦਿਆਰਥੀ ਆਪ ਸਮੱਸਿਆਵਾਂ ਨਾਲ ਜੁਝ ਰਹੇ ਹਨ। ਪੜ੍ਹਾਈ ਦੇ ਨਾਲ ਗੁਜਾਰਾ ਕਰਨ ਲਈ ਤੇ ਭਾਰੀ ਫੀਸਾਂ ਭਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ। ਉਹਨਾਂ ਦਾ ਸ਼ੋਸ਼ਣ ਵੀ ਰੱਜ ਕੇ ਕੀਤਾ ਜਾ ਰਿਹਾ ਹੈ ਬਹੁਤ ਥਾਵਾਂ ਤੇ ਕੰਮ ਬਦਲੇ ਬਹੁਤ ਹੀ ਘੱਟ ਡਾਲਰ ਦਿੱਤੇ ਜਾਂਦੇ ਹਨ।
ਇਸ ਤਰਾਂ ਦੀ ਖਰਾਬ ਹਾਲਤ ਵਿੱਚ ਉਹਨਾਂ ਵਿੱਚੋਂ ਕੁੱਝ ਸਮਾਜ ਵਿਰੋਧੀ ਤੱਤਾਂ ਦੇ ਹੱਥ ਚੜ੍ਹ ਜਾਂਦੇ ਹਨ। ਕਈ ਵਾਰ ਰਾਜਨੀਤਕ ਲੋਕ ਵੀ ਉਹਨਾਂ ਨੂੰ ਗਲਤ ਤੌਰ ਤੇ ਵਰਤ ਲੈਂਦੇ ਹਨ। ਉਹ ਵਿਚਾਰੇ ਇੱਕ ਇੱਕ ਕਮਰੇ ਵਿੱਚ ਪੰਜ ਪੰਜ ਛੇ ਛੇ ਜਣੇ ਰਹਿਣ ਲਈ ਮਜ਼ਬੂਰ ਹਨ। ਕਈ ਮਕਾਨ ਮਾਲਕ ਅਤੇ ਰੀਐਲਟਰ ਡਾਲਰਾਂ ਦੇ ਲੋਭ ਵਿੱਚ ਉਹਨਾਂ ਦੀ ਮਜਬੂਰੀ ਦਾ ਲਾਭ ਉਠਾ ਕੇ ਉਹਨਾਂ ਦਾ ਰੱਜ ਕੇ ਸ਼ੋਸਣ ਕਰਦੇ ਹਨ।
ਇਸ ਦੇ ਨਾਲ ਹੀ ਕੁੱਝ ਕੁ ਕਾਲਜਾਂ ਨੂੰ ਛੱਡ ਕੇ ਬਹੁਤਿਆਂ ਕੋਲ ਚੱਜ ਦੀ ਬਿਲਡਿੰਗ ਨਹੀਂ ਜਿੱਥੇ ਉਹ ਸੁਖਾਵੇਂ ਮਾਹੋਲ ਵਿੱਚ ਪੜ੍ਹਾਈ ਕਰ ਸਕਣ। ਬਿਨਾਂ ਮਾਪ ਦੰਡ ਪੂਰੇ ਕਰਨ ਤੋਂ ਕਾਲਜ ਖੋਲਣ ਦੀ ਮਨਜੂਰੀ ਦੇਣਾ ਇੱਕ ਬਹੁਤ ਹੀ ਗਲਤ ਪਾਲਸੀ ਹੈ। ਕਿਸੇ ਪਲਾਜੇ ਜਾਂ ਛੋਟੀ ਜਿਹੀ ਬਿਲਡਿੰਗ ਵਿੱਚ ਕਈ ਕਾਲਜ਼ ਚੱਲ ਰਹੇ ਹਨ। ਸਰਕਾਰ ਵਲੋਂ ਮਿਆਰ ਤੇ ਪੂਰਾ ਉਤਰਨ ਵਾਲਿਆਂ ਨੂੰ ਹੀ ਮਨਜੂਰੀ ਤੇ ਮਾਨਤਾ ਦੇਣੀ ਚਾਹੀਦੀ ਹੈ। ਹੋਸਟਲ ਤਾਂ ਦੂਰ ਦੀ ਗੱਲ ਖੇਡਣ ਲਈ ਗਰਾਉਂਡਾ ਵੀ ਨਹੀਂ ਹਨ। ਜਦ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਪਾਸੋਂ ਕੈਨੇਡਾ ਨੂੰ ਆਰਥਿਕ ਲਾਭ ਅਤੇ ਨੌਜਵਾਨ ਵਰਕਰ ਮਿਲਣ ਜਿਹੇ ਲਾਭ ਹੋ ਰਹੇ ਹਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …