ਫਿਲਮਾਂ ‘ਚ ਦਿਖਾਏ ਜਾਣ ਵਾਲੇ ਸਿੱਖ ਇਤਿਹਾਸ ਦੀ ਘੋਖ ਕਰੇਗਾ ਸਿੱਖ ਸੈਂਸਰ ਬੋਰਡ
ਅੰਮ੍ਰਿਤਸਰ/ਬਿਊਰੋ ਨਿਊਜ਼
ਅਕਾਲ ਤਖਤ ਸਾਹਿਬ ਨੇ ਸਿੱਖ ਧਰਮ ‘ਤੇ ਆਧਾਰਤ ਬਣਨ ਵਾਲੀਆਂ ਫਿਲਮਾਂ ਦੀ ਘੋਖ ਲਈ ਸਿੱਖ ਵਿਦਵਾਨਾਂ ਦਾ 21 ਮੈਂਬਰੀ ਸਿੱਖ ਸੈਂਸਰ ਬੋਰਡ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਹ ਬੋਰਡ ਅਜਿਹੀਆਂ ਫਿਲਮਾਂ ਨੂੰ ਘੋਖਣ ਮਗਰੋਂ ਆਪਣੀ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਦੇਵੇਗਾ ਅਤੇ ਮਗਰੋਂ ਤਖ਼ਤ ਸਾਹਿਬ ਵੱਲੋਂ ਸਬੰਧਤ ਫ਼ਿਲਮ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।
ਇਸ 21 ਮੈਂਬਰੀ ਸਿੱਖ ਸੈਂਸਰ ਬੋਰਡ ਵਿੱਚ ਸ਼ਾਮਲ ਵਿਦਵਾਨਾਂ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਮ ਨਿਰਮਾਤਾਵਾਂ ਅਤੇ ਹੋਰਨਾਂ ਨੂੰ ਆਖਿਆ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਫਿਲਮ, ਨਾਟਕ ਆਦਿ ਬਣਾਉਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਹਾਸਲ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਸਿੱਖ ਸੈਂਸਰ ਬੋਰਡ ਅਜਿਹੀਆਂ ਫਿਲਮਾਂ, ਨਾਟਕਾਂ, ਡਰਾਮਿਆਂ ਆਦਿ ਵਿਚ ਸਿੱਖ ਇਤਿਹਾਸ, ਵਿਰਾਸਤ, ਮਰਿਆਦਾ ਆਦਿ ਨਾਲ ਸਬੰਧਤ ਦ੍ਰਿਸ਼ਾਂ ਨੂੰ ਮੁਕੰਮਲ ਤੌਰ ‘ਤੇ ਘੋਖੇਗਾ ਅਤੇ ਉਸ ਦੀ ਰਿਪੋਰਟ ਮੁਤਾਬਕ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ઠਉਨ੍ਹਾਂ ਆਖਿਆ ਕਿ ਪਹਿਲਾਂ ਸਿੱਖ ਧਰਮ ਸਬੰਧੀ ਬਣੀਆਂ ਫਿਲਮਾਂ ਆਦਿ ਵਿਚ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਰੋਲ ਨਿਭਾਉਣ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਕਾਰਨ ਕਈ ਵਾਰ ਵਿਵਾਦ ਪੈਦਾ ਹੋਇਆ ਹੈ, ਜਿਸ ਨੂੰ ਰੋਕਣ ਲਈ ਸਿੱਖ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਗਈ ਹੈ।
ਸਿੱਖ ਸੈਂਸਰ ਬੋਰਡ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੂੰ ਬਣਾਇਆ ਗਿਆ ਹੈ। ਬੋਰਡ ਦੇ ਮੈਂਬਰਾਂ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਵੀ ਸ਼ਾਮਲ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …