ਪਰਮਿੰਦਰ ਸਿੰਘ ਬਾਜਵਾ ਬਣਿਆ ਹੋਇਆ ਹੈ ਚਰਚਾ ਦਾ ਵਿਸ਼ਾ
ਜਲੰਧਰ/ਬਿਊਰੋ ਨਿਊਜ਼
ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਸੂਤਰਾਂ ਅਨੁਸਾਰ ਐਸਐਚਓ ਨੂੰ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਹਥਿਆਰ ਲੈ ਕੇ ਅਦਾਲਤ ਵਿੱਚ ਦਾਖ਼ਲ ਹੋਇਆ ਸੀ। ਪਰਮਿੰਦਰ ਬਾਜਵਾ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਦੀ ਅਦਾਲਤ ਵਿਚ ਪੇਸ਼ ਹੋਇਆ ਸੀ ਤੇ ਅਦਾਲਤ ਵਿਚੋਂ ਬਾਹਰ ਨਿਕਲਦਿਆਂ ਹੀ ਪੁਲਿਸ ਨੇ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ। ਐਸਐਚਓ ਬਾਜਵਾ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ਸਮੇਤ ਪੁਲਿਸ ਤੇ ਸਿਆਸਤਦਾਨਾਂ ਬਾਰੇ ਮੀਡੀਆ ਸਾਹਮਣੇ ਕਈ ਗੱਲਾਂ ਲਿਆਂਦੀਆਂ ਸਨ। ਬਾਜਵਾ ਸ਼ਾਹਕੋਟ ਵਿਚ ਹੋ ਜਿਹੀ ਜ਼ਿਮਨੀ ਚੋਣ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਅਦਾਲਤ ਦੇ ਨੇੜਿਓਂ ਹੀ ਇਕ ਹੋਟਲ ਵਿਚੋਂ ਨਿਕਲ ਕੇ ਐਸ ਐਚ ਓ ਬਾਜਵਾ ਜਦੋਂ ਅਦਾਲਤ ਆਇਆ ਤਦ ਉਸ ਨੇ ਇਕ ਤਰ੍ਹਾਂ ਨਾਲ ਭੇਸ ਬਦਲਿਆ ਹੋਇਆ ਸੀ। ਉਹ ਕਲੀਨ ਸ਼ੇਪ ਸੀ ਤੇ ਉਸ ਨੇ ਸਿਰ ‘ਤੇ ਇਕ ਕੱਪੜੇ ਦਾ ਮੰਡਾਸਾ ਜਿਹਾ ਮਾਰਿਆ ਹੋਇਆ ਸੀ। ਨਿੱਕਰ ਪਾ ਕੇ ਅਦਾਲਤ ‘ਚ ਜੱਜ ਮੂਹਰੇ ਪੇਸ਼ ਹੋਣ ਜਾ ਰਹੇ ਐਸ ਐਚ ਓ ਬਾਜਵਾ ਕੋਲ ਹਥਿਆਰ ਵੀ ਸਨ। ਜਦੋਂ ਉਸ ਨੂੰ ਅਦਾਲਤ ਦੇ ਬਾਹਰ ਰੋਕਣਾ ਚਾਹਿਆ ਤਾਂ ਉਹ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਹਥਿਆਰ ਸਮੇਤ ਜੱਜ ਮੂਹਰੇ ਜਾ ਖੜ੍ਹਾ ਹੋਇਆ ਤੇ ਫਿਰ ਅਦਾਲਤ ਵਿਚੋਂ ਬਾਹਰ ਨਿਕਲਦਿਆਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਧਿਆਨ ਰਹੇ ਕਿ ਬਾਜਵਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …