ਲੋਕਾਂ ਨੂੰ ਅਮਨ-ਅਮਾਨ ਬਣਾਈ ਰੱਖਣ ਦੀ ਕੀਤੀ ਅਪੀਲ
ਫਗਵਾੜਾ : ਫਗਵਾੜਾ ‘ਚ ਤਣਾਅਗ੍ਰਸਤ ਮਾਹੌਲ ਨੂੰ ਠੀਕ ਕਰਨ ਖ਼ਾਤਰ ਆਪਣਾ ਯੋਗਦਾਨ ਪਾਉਣ ਲਈ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਮਨ-ਅਮਾਨ ਬਣਾਈਂ ਰੱਖਣ ਦੀ ਅਪੀਲ ਕੀਤੀ ਹੈ। ઠ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਜੋਗਿੰਦਰ ਸਿੰਘ ਮਾਨ, ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼, ਅਕਾਲੀ ਦਲ ਬਾਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ ਅਤੇ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਨੇ ਆਖਿਆ ਕਿ ਸ਼ਹਿਰ ਵਿਚ ਕੁੱਝ ਦਿਨਾਂ ਤੋਂ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ 13 ਅਪਰੈਲ ਦੀ ਰਾਤ ਨੂੰ ਸ਼ਹਿਰ ਦੇ ਗੋਲ ਚੌਕ ਵਿਖੇ ਜੋ ਘਟਨਾਵਾਂ ਹੋਈਆਂ ਉਹ ਬਹੁਤ ਅਫ਼ਸੋਸਨਾਕ ਹਨ। ਇਨ੍ਹਾਂ ਨਾਲ ਆਪਸੀ ਭਾਈਚਾਰੇ, ਤਾਲਮੇਲ ਅਤੇ ਮਿਲਵਰਤਣ ਨੂੰ ਡੂੰਘੀ ਸੱਟ ਵੱਜੀ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਇੱਕ ਦੂਜੇ ਦੇ ਵਿਰੁੱਧ ਨਫ਼ਰਤ ਤੇ ਬੇਭਰੋਸਗੀ ਦਾ ਜੋ ਮਾਹੌਲ ਬਣਿਆ ਹੈ ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਆਗੂਆਂ ਨੇ ਆਪਸੀ ਟਕਰਾਅ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਉਨ੍ਹਾਂ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸ਼ਹਿਰ ਵਿਚ ਸ਼ਾਂਤੀ ਨੂੰ ਬਣਾਈ ਰੱਖਿਆ ਜਾਵੇ।
ਮੁੱਖ ਮੰਤਰੀ ਵੱਲੋਂ ਸ਼ਾਂਤੀ ਕਾਇਮ ਰੱਖਣ ਦੀ ਅਪੀਲ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿੱਚ ਲੋਕਾਂ ਨੂੰ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂ ਸੰਗਠਨਾਂ ਦੇ ਚਾਰ ਆਗੂ ਗ੍ਰਿਫ਼ਤਾਰ
ਫਗਵਾੜਾ : ਦੋ ਧਿਰਾਂ ਦਰਮਿਆਨ ਹੋਏ ਟਕਰਾਅ ਬਾਅਦ ਪੁਲਿਸ ਨੇ ਹਿੰਦੂ ਜਥੇਬੰਦੀਆਂ ਦੇ 4 ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਆਲ ਇੰਡੀਆ ਸੁਰੱਖਿਆ ਸਮਿਤੀ ਦੇ ਦੀਪਕ ਭਾਰਦਵਾਜ, ਸ਼ਿਵ ਸੈਨਾ (ਬਾਲ ਠਾਕਰੇ) ਦੇ ਮੀਤ ਪ੍ਰਧਾਨ ਇੰਦਰਜੀਤ ਕਰਵਲ, ਸ਼ਿਵੀ ਬੱਤਾ ਅਤੇ ਭਾਜਪਾ ਯੁਵਾ ਮੋਰਚੇ ਦੇ ਰਾਜੂ ਚੈਲ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਚਾਰਾਂ ਨੂੰ 14 ਦਿਨਾਂ ਲਈ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ।
ਫਗਵਾੜਾ ‘ਚ ਤਣਾਅ ਬਰਕਰਾਰ
ਫਗਵਾੜਾ : ਗੋਲ ਚੌਕ ਵਿੱਚ ਦਲਿਤ ਭਾਈਚਾਰੇ ਵੱਲੋਂ ਡਾ. ਅੰਬੇਡਕਰ ਦੀ ਫੋਟੋ ਵਾਲਾ ਬੋਰਡ ਲਾ ਕੇ ਚੌਕ ਦਾ ਨਾਂ ‘ਸੰਵਿਧਾਨਕ ਚੌਕ’ ਰੱਖਣ ਦੇ ਮੁੱਦੇ ਤੋਂ ਪੈਦਾ ਹੋਇਆ ਤਣਾਅ ਜਿਉਂ ਦਾ ਤਿਉਂ ਬਰਕਰਾਰ ਹੈ। ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਕਰਨ ਦੇ ਹੁਕਮ ਦਿੱਤੇ ਸਨ। ਜਲੰਧਰ ਰੇਂਜ ਦੇ ਆਈ.ਜੀ. ਨੌਨਿਹਾਲ ਸਿੰਘ ਖ਼ੁਦ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
ਇਸ ਘਟਨਾ ਬਾਅਦ ਦਲਿਤ ਭਾਈਚਾਰੇ ਦਾ ਇਕੱਠ ਚੱਕ ਹਕੀਮ ਪਿੰਡ ਵਿੱਚ ਹੋਇਆ, ਜਿੱਥੇ ਡੀ.ਸੀ. ਤੇ ਐੱਸ.ਐੱਸ.ਪੀ. ਮੌਕੇ ਉੱਤੇ ਪੁੱਜੇ ਪਰ ਪ੍ਰਸ਼ਾਸਨ ਖਿਲਾਫ਼ ਡੱਟ ਕੇ ਨਾਅਰੇਬਾਜ਼ੀ ਕਾਰਨ ਦੋਵਾਂ ਅਧਿਕਾਰੀਆਂ ਨੂੰ ਬਾਹਰੋਂ ਹੀ ਮੁੜਨਾ ਪਿਆ। ਦੂਜੇ ਪਾਸੇ ਜਨਰਲ ਵਰਗ ਦਾ ਇਕੱਠ ਹਨੂੰਮਾਨਗੜ੍ਹੀ ਵਿਖੇ ਹੋਇਆ ਜਿੱਥੇ ਸ਼ਿਵ ਸੈਨਾ ਸਮੇਤ ਇਸ ਵਰਗ ਨੂੰ ਸ਼ਾਂਤ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਮੌਕੇ ਉੱਤੇ ਗਏ ਤੇ ਲੋਕਾਂ ਨੇ ਦੋਵਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਤੇ ਕਿਹਾ ਕਿ ਪ੍ਰਸ਼ਾਸਨ ਇੱਕ ਵਰਗ ਨੂੰ ਸ਼ਹਿ ਦੇ ਰਿਹਾ ਹੈ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …