Breaking News
Home / ਪੰਜਾਬ / ਰਾਜਨਾਥ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਰਾਜਨਾਥ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਲੰਗਰ ‘ਤੇ ਜੀਐੱਸਟੀ ਹਟਾਉਣ ਲਈ ਸ਼੍ਰੋਮਣੀ ਕਮੇਟੀ ਨੇ ਕੀਤਾ ਤਰਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਿਰੋਪਾ ਪਾ ਕੇ ਰਾਜਨਾਥ ਸਿੰਘ ਦਾ ਸਵਾਗਤ ਕੀਤਾ ਗਿਆ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ‘ਤੇ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀਐਸਟੀ ਹਟਾਉਣ ਲਈ ਰੋਸਾ ਕਰਨ ਦੀ ਵਜਾਏ ਤਰਲਾ ਕਰਕੇ ਹੀ ਸਾਰਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਲੰਗਰ ਤੋਂ ਜੀਐਸਟੀ ਹਟਾਉਣ ਦੀ ਮੰਗ ਕੀਤੀ ਗਈ ਅਤੇ ਜੰਮੂ-ਕਸ਼ਮੀਰ ‘ਚ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਗੇ ਰੱਖੀ ਗਈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਵੀ ਕੀਤੀ ਗਈ ਹੈ। ਰਾਜਨਾਥ ਸਿੰਘ ਵੱਲੋਂ ਵਿਚਾਰ ਕਰਨ ਤੋਂ ਬਾਅਦ ਇਹ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਤਰੁਣ ਚੁੱਘ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।

77 ਸਾਲ 7 ਮਹੀਨੇ ਬਾਅਦ ਊਧਮ ਸਿੰਘ ਨੂੰ ਮਿਲੀ ਜਲਿਆਂਵਾਲੇ ਬਾਗ ‘ਚ ਥਾਂ
ਰਾਜਨਾਥ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਹਟਾਇਆ ਪਰਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਜੱਲਿਆਂਵਾਲਾ ਬਾਗ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ। ਸ਼ਹੀਦ ਊਧਮ ਸਿੰਘ ਦਾ ਨਾਮ ਜ਼ਹਿਨ ਵਿਚ ਆਉਦਿਆਂ ਹੀ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਅੱਖਾਂ ਸਾਹਮਣੇ ਬਲੈਕ ਐਂਡ ਵਾਈਟ ਫ਼ਿਲਮ ਵਾਂਗ ਚੱਲਣ ਲੱਗਦਾ ਹੈ, ਤੇ ਨਾਲ ਹੀ ਊਧਮ ਸਿੰਘ ਦੇ ਜੋਸ਼ ਨੂੰ ਦੇਖਦਿਆਂ, ਖ਼ੂਨੀ ਸਾਕੇ ਦੇ ਲਏ ਬਦਲੇ ਨੂੰ ਮਹਿਸੂਸ ਕਰਦਿਆਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਤੇ ਆਪ ਮੁਹਾਰੇ ਸਿੱਜਦਾ ਕਰਨ ਨੂੰ ਸ਼ੀਸ਼ ਸ਼ਹੀਦ ਊਧਮ ਸਿੰਘ ਸਾਹਮਣੇ ਝੁਕ ਜਾਂਦਾ ਹੈ। ਪਰ ਉਸੇ ਊਧਮ ਸਿੰਘ ਨੂੰ ਸ਼ਹਾਦਤ ਤੋਂ ਬਾਅਦ ਆਪਣੇ ਹੀ ਘਰ ਵਿਚ ਥਾਂ ਲੈਣ ਲਈ 77 ਸਾਲ 7 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ। ਬਿਲਕੁੱਲ ਸੱਚ, ਅੱਜ 77 ਸਾਲ 7 ਮਹੀਨਿਆਂ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿਆਂਵਾਲੇ ਬਾਗ ਵਿਚ ਸਥਾਪਤ ਕੀਤਾ ਗਿਆ। ਚਲੋ ਦੇਰ ਨਾਲ ਹੀ ਸਹੀ ਪਰ ਦਰੁਸਤ ਹੋਇਆ।

Check Also

ਕਾਂਗਰਸ ਪਾਰਟੀ ਨੇ ਪੰਜਾਬ ‘ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਤੇ ਸੰਗਰੂਰ ਤੋਂ ਖਹਿਰਾ ਨੂੰ ਦਿੱਤੀ ਟਿਕਟ ਚੰਡੀਗੜ੍ਹ : …