Breaking News
Home / ਭਾਰਤ / ਗੁਰਮੀਤ ਦੀ ਆਮਦਨੀ 25 ਪੈਸੇ, ਖਰਚਾ ਸਵਾ ਰੁਪਈਆ

ਗੁਰਮੀਤ ਦੀ ਆਮਦਨੀ 25 ਪੈਸੇ, ਖਰਚਾ ਸਵਾ ਰੁਪਈਆ

ਸੁਨਾਰੀਆ ਜੇਲ੍ਹ ਵਿਚ ਮਜ਼ਦੂਰੀ ਕਰਨ ਨਾਲ ਰਾਮ ਰਹੀਮ ਦਾ 12.2 ਕਿਲੋ ਭਾਰ ਘਟਿਆ
ਰੋਹਤਕ : ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੇ ਆਪਣੀ ਆਮਦਨੀ ਤੋਂ ਕਈ ਗੁਣਾ ਜ਼ਿਆਦਾ ਖਰਚ ਕੀਤਾ ਹੈ। ਰਾਮ ਰਹੀਮ ਨੇ ਜੇਲ੍ਹ ਵਿਚ ਮਜ਼ਦੂਰੀ ਕਰਕੇ ਹੁਣ ਤੱਕ 3520 ਰੁਪਏ ਕਮਾਏ ਹਨ, ਜਦਕਿ 17,800 ਰੁਪਏ ਖਰਚ ਕੀਤੇ ਹਨ। ਜੇਲ੍ਹ ਪ੍ਰਸ਼ਾਸਨ ਉਸਦੀ ਰੋਜ਼ ਦੀ ਕਮਾਈ ਹੁਣ ਗੁਰਮੀਤ ਦੇ ਬੈਂਕ ਖਾਤੇ ਵਿਚ ਹੀ ਪਾਵੇਗਾ। ਇਸ ਲਈ ਜੇਲ੍ਹ ਪ੍ਰਸ਼ਾਸਨ ਨੇ ਰਿਸ਼ਤੇਦਾਰਾਂ ਕੋਲੋਂ ਰਾਮ ਰਹੀਮ ਦੇ ਪੈਨ ਕਾਰਡ ਅਤੇ ਅਧਾਰ ਕਾਰਡ ਦੀ ਡਿਟੇਲ ਤੇ ਕਾਪੀ ਮੰਗੀ ਹੈ। ਡੇਰਾਮੁਖੀ ਦਾ ਨਿੱਜੀ ਬੈਂਕ ਵਿਚ ਖਾਤਾ ਖੋਲ੍ਹਿਆ ਜਾਵੇਗਾ।
ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ 25 ਅਗਸਤ ਦੀ ਰਾਤ ਤੋਂ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਰਾਮ ਰਹੀਮ ਨੂੰ ਜੇਲ੍ਹ ਵਿਚ ਮਜ਼ਦੂਰੀ ਲਈ ਰੋਜ਼ਾਨਾ 40 ਰੁਪਏ ਦਿੱਤੇ ਜਾ ਰਹੇ ਹਨ। 89 ਦਿਨ ਵਿਚ ਉਸ ਨੂੰ ਹੁਣ ਤੱਕ 3520 ਰੁਪਏ ਕਮਾਏ ਹਨ। ਇਸ ਨੂੰ ਜੇਲ੍ਹ ਪ੍ਰਸ਼ਾਸਨ ਰਾਮ ਰਹੀਮ ਦੇ ਬੈਂਕ ਖਾਤੇ ਵਿਚ ਤਬਦੀਲ ਕਰਨ ਦੀ ਤਿਆਰੀ ਵਿਚ ਹੈ। ਜੇਲ੍ਹ ਪ੍ਰਸ਼ਾਸਨ ਨੇ ਰਿਸ਼ਤੇਦਾਰਾਂ ਕੋਲੋਂ ਐਚਡੀਐਫਸੀ ਬੈਂਕ ਵਿਚ ਖਾਤਾ ਖੁੱਲ੍ਹਵਾਉਣ ਲਈ ਕਾਗਜ਼ਾਤ ਵੀ ਮੰਗੇ ਹਨ। ਕਾਗਜ਼ਾਤ ਮਿਲਣ ਤੋਂ ਬਾਅਦ ਉਸਦਾ ਖਾਤਾ ਐਚਡੀਐਫਸੀ ਬੈਂਕ ਵਿਚ ਖੋਲ੍ਹਿਆ ਜਾਵੇਗਾ। ਇਸ ਨਾਲ ਉਸਦੀ ਮਜ਼ਦੂਰੀ ਨੂੰ ਆਨਲਾਈਟ ਟਰਾਂਸਫਰ ਕੀਤਾ ਜਾਵੇਗਾ।
ਤਿੰਨ ਮਹੀਨੇ ਵਿਚ ਉਸਦੇ ਪਰਿਵਾਰ ਵਾਲਿਆਂ ਵਲੋਂ ਜੇਲ੍ਹ ਕੰਟੀਨ ‘ਚ 18000 ਰੁਪਏ ਜਮ੍ਹਾ ਕਰਵਾਏ ਹਨ। ਇਸ ਵਿਚੋਂ ਰਾਮ ਰਹੀਮ 17,800 ਰੁਪਏ ਖਰਚ ਚੁੱਕਾ ਹੈ। ਇਨ੍ਹਾਂ ਪੈਸਿਆਂ ਨਾਲ ਦੁੱਧ, ਫਲ, ਤੇਲ ਅਤੇ ਪਾਣੀ ਖਰੀਦਿਆ ਗਿਆ ਹੈ। ਜੇਲ੍ਹ ਵਿਚ ਉਸਦਾ ਕੰਮ ਪੌਦਿਆਂ ਨੂੰ ਪਾਣੀ ਦੇਣਾ ਅਤੇ ਕੱਸੀ ਚਲਾਉਣ ਦਾ ਹੈ। ਰੋਜ਼ਾਨਾ ਸਵੇਰੇ 8.00 ਵਜੇ ਰਾਮ ਰਹੀਮ ਆਪਣੇ ਕੰਮ ‘ਤੇ ਜਾਂਦਾ ਹੈ। ਲੰਚ ਤੋਂ ਬਾਅਦ ਸ਼ਾਮ ਨੂੰ ਵੀ ਕੰਮ ਕਰਦਾ ਹੈ। ਜੇਲ੍ਹ ਵਿਚ ਉਸ ਨੂੰ ਅੱਠ ਘੰਟੇ ਕੰਮ ਕਰਨਾ ਪੈਂਦਾ ਹੈ। ਜਦੋਂ ਰਾਮ ਰਹੀਮ ਜੇਲ੍ਹ ਗਿਆ ਸੀ ਤਾਂ ਉਸਦਾ ਭਾਰ 105 ਕਿਲੋਗਰਾਮ ਸੀ। ਹੁਣ ਉਸਦਾ ਭਾਰ 12.2 ਕਿਲੋਗਰਾਮ ਘਟ ਗਿਆ ਹੈ।
ਛੁੱਟੀ ਦੇ ਦੌਰਾਨ ਹੀ ਹੁੰਦੀ ਹੈ ਮੁਲਾਕਾਤ
ਜੇਲ੍ਹ ਮੁਖੀ ਦਾ ਹੁਕਮ ਹੈ ਕਿ ਰਾਮ ਰਹੀਮ ਦੇ ਵਕੀਲ ਜਾਂ ਰਿਸ਼ਤੇਦਾਰ ਜੇਕਰ ਉਸ ਨੂੰ ਮਿਲਣ ਆਉਂਦੇ ਹਾਂ ਤਾਂ ਉਸ ਨੂੰ ਇਕ ਵਜੇ ਤੋਂ ਚਾਰ ਵਜੇ ਤੱਕ ਮਿਲਾਇਆ ਜਾਵੇ। ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿਚ ਇਸ ਸਮੇਂ ਕੈਦੀ ਆਰਾਮ ਕਰਦੇ ਹਨ। ਇਸ ਦੌਰਾਨ ਕਿਸੇ ਦੀ ਮੁਲਾਕਾਤ ਨਹੀਂ ਹੁੰਦੀ ਹੈ। ਰਾਮ ਰਹੀਮ ਨਾਲ ਮਿਲਣ ਦੌਰਾਨ ਕਿਸੇ ਹੋਰ ਬੰਦੀ ਨੂੰ ਜਾਂ ਉਸ ਨੂੂੰ ਮਿਲਣ ਆਉਣ ਵਾਲਿਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਇਹ ਸਮਾਂ ਤੈਅ ਕੀਤਾ ਗਿਆ ਹੈ।
ਹੁਣ ਤੱਕ ਛੇ ਵਾਰ ਮਿਲੇ ਪਰਿਵਾਰ ਵਾਲੇ
ਰਾਮ ਰਹੀਮ ਦੇ ਜੇਲ੍ਹ ਵਿਚ ਬੰਦ ਹੋਣ ਤੋਂ 23 ਦਿਨ ਬਾਅਦ ਪਹਿਲੀ ਵਾਰ ਉਸਦੀ ਮਾਂ ਨੇ 16 ਸਤੰਬਰ ਨੂੰ ਮੁਲਾਕਾਤ ਕੀਤੀ। ਉਸ ਤੋਂ ਬਾਅਦ 23 ਸਤੰਬਰ ਨੂੰ ਮਾਂ ਨੇ ਉਸ ਨਾਲ ਮੁਲਾਕਾਤ ਕੀਤੀ ਹੈ। ਪਤਨੀ ਅਤੇ ਬੇਟੇ ਨੇ 30 ਸਤੰਬਰ ਅਤੇ 6 ਅਕਤੂਬਰ ਨੂੰ ਮੁਲਾਕਾਤ ਕੀਤੀ ਹੈ। 20 ਨਵੰਬਰ ਨੂੰ ਵਿਪਾਸਨਾ, ਬੇਟੇ, ਬੇਟੀ ਅਤੇ ਜਵਾਈ ਨੇ ਮੁਲਾਕਾਤ ਕੀਤੀ ਹੈ। ਵਕੀਲ ਗੁਰੂਦਾਸ ਵਲੋਂ ਜ਼ਿਆਦਾ ਮੁਲਾਕਾਤਾਂ ਦਰਜ ਹਨ। ਉਹ ਆਪਣੇ ਕੈਦੀ ਨੂੰ ਕਦੀ ਵੀ ਮਿਲ ਸਕਦਾ ਹੈ।
ਜੇਲ੍ਹ ‘ਚ ਰਾਮ ਰਹੀਮ ਨੂੰ ਮਿਲਣ ਪੁੱਜੀ ਵਿਪਾਸਨਾ
ਰੋਹਤਕ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸੋਮਵਾਰ ਨੂੰ ਮੁਲਾਕਾਤ ਕਰਨ ਲਈ ਡੇਰੇ ਦੀ ਚੇਅਰਪਰਸਨ ਵਿਪਾਸਨਾ ਜੇਲ੍ਹ ‘ਚ ਪੁੱਜੀ। ਉਸ ਦੇ ਨਾਲ ਰਾਮ ਰਹੀਮ ਦਾ ਪੁੱਤਰ ਜਸਮੀਤ, ਧੀ ਅਮਰਪ੍ਰੀਤ ਤੇ ਜਵਾਈ ਰੂਹ ਏ ਮੀਤ ਵੀ ਸਨ। ਸੂਤਰਾਂ ਮੁਤਾਬਕ ਡੇਰੇ ਦੇ ਸੰਚਾਲਨ ਨੂੰ ਲੈ ਕੇ ਗੁਰਮੀਤ ਨਾਲ ਚੇਅਰਪਰਸਨ ਤੇ ਮੈਂਬਰਾਂ ਨੇ ਚਰਚਾ ਕੀਤੀ। ਦੁਪਹਿਰ 1.10 ਵਜੇ ਪਰਿਵਾਰ ਦੇ ਮੈਂਬਰਾਂ ਦੀ ਗੱਡੀ ਸੁਨਾਰੀਆ ਜੇਲ੍ਹ ਕੰਪਲੈਕਸ ਵਿਚ ਪੁੱਜੀ। ਜੇਲ੍ਹ ਪ੍ਰਸ਼ਾਸਨ ਤੋਂ ਮਨਜੂਰੀ ਮਿਲਣ ਪਿੱਛੋਂ ਪਰਿਵਾਰ ਦੇ ਮੈਂਬਰਾਂ ਨੇ ਵਾਰੀ-ਵਾਰੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਪਰ ਵਿਪਾਸਨਾ ਨੇ ਸਭ ਤੋਂ ਜ਼ਿਆਦਾ ਸਮੇਂ ਤੱਕ ਰਾਮ ਰਹੀਮ ਨਾਲ ਗੱਲਬਾਤ ਕੀਤੀ।

 

 

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …