3.5 C
Toronto
Sunday, April 5, 2026
spot_img
Homeਪੰਜਾਬ'ਆਪ' ਵਿਧਾਇਕਾ ਬਲਜਿੰਦਰ ਕੌਰ ਤੇ ਰੂਬੀ 'ਚ ਸ਼ੁਰੂ ਹੋਈ ਸ਼ਬਦੀ ਜੰਗ

‘ਆਪ’ ਵਿਧਾਇਕਾ ਬਲਜਿੰਦਰ ਕੌਰ ਤੇ ਰੂਬੀ ‘ਚ ਸ਼ੁਰੂ ਹੋਈ ਸ਼ਬਦੀ ਜੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕੇਸ ਵਿਚ ਹਾਈਕੋਰਟ ‘ਚੋਂ ਕੁੱਝ ਰਾਹਤ ਮਿਲੀ ਹੈ ਪਰ ਪਾਰਟੀ ਵਿਚ ਇਸ ਮਸਲੇ ‘ਤੇ ਕਲੇਸ਼ ਜਾਰੀ ਹੈ। ਇਸ ਮੁੱਦੇ ‘ਤੇ ‘ਆਪ’ ਦੀਆਂ ਦੋ ਵਿਧਾਇਕ ਬੀਬੀਆਂ ਦਰਮਿਆਨ ਟਕਰਾਅ ਹੋ ਗਿਆ। ਦੱਸਣਯੋਗ ਹੈ ਕਿ ਖਹਿਰਾ ਦੇ ਮਾਮਲੇ ਵਿਚ ਹਾਈਕਮਾਂਡ ਪੂਰੀ ਤਰ੍ਹਾਂ ਖ਼ਾਮੋਸ਼ ਹੈ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਮਸਲੇ ‘ਤੇ ਕਾਨੂੰਨੀ ਸਲਾਹ ਲੈਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਹੈ। ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਵਿਧਾਇਕਾ ਰੂਬੀ ਨੇ ਕਿਹਾ ਕਿ ਜੇ ਇਸ ਮੌਕੇ ਖਹਿਰਾ ਦਾ ਅਸਤੀਫਾ ਲੈਣਾ ਬਣਦਾ ਹੈ ਤਾਂ ਫਿਰ ਪ੍ਰੋ: ਬਲਜਿੰਦਰ ਕੌਰ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਉਪਰ ਵੀ ਦੋ ਵੋਟਾਂ ਬਣਾਉਣ ਦੇ ਦੋਸ਼ ਲੱਗੇ ਹਨ। ਪ੍ਰੋ: ਬਲਜਿੰਦਰ ਕੌਰ ਨੇ ਖਹਿਰਾ ਦਾ ਅਸਤੀਫਾ ਮੰਗ ਕੇ ਅਜਿਹਾ ਪ੍ਰਭਾਵ ਦਿੱਤਾ ਹੈ ਜਿਵੇਂ ਉਹ ਅਕਾਲੀ ਦਲ ਜਾਂ ਕਾਂਗਰਸ ਦੇ ਹੱਕ ਵਿਚ ਬੋਲ ਰਹੇ ਹੋਣ। ਰੂਬੀ ਨੇ ਕਿਹਾ ਕਿ ਪ੍ਰੋ: ਬਲਜਿੰਦਰ ਕੌਰ ਵਿਰੋਧੀ ਧਿਰ ਦੀ ਆਗੂ ਬਣਨਾ ਚਾਹੁੰਦੀ ਹੈ ਪਰ ਮੁਸੀਬਤ ਦੀ ਘੜੀ ਵਿਚ ਉਨ੍ਹਾਂ ਖਹਿਰਾ ਨਾਲ ਖੜ੍ਹਨਾ ਚਾਹੀਦਾ ਹੈ।
ਦੂਜੇ ਪਾਸੇ ਬਲਜਿੰਦਰ ਕੌਰ ਨੇ ਕਿਹਾ ਕਿ ਰੂਬੀ ਨੇ ਬੜਾ ਬਚਗਾਨਾ ਬਿਆਨ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਤਾਂ ਆਪਣੇ ਬਿਆਨ ਵਿਚ ਕੇਵਲ ਡਰੱਗ ਦੇ ਮੁੱਦੇ ‘ਤੇ ਪਾਰਟੀ ਦੀ ਵਿਚਾਰਧਾਰਾ ਦਾ ਜ਼ਿਕਰ ਕੀਤਾ ਸੀ। ਉਸ ਦੀ ਖਹਿਰਾ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਅਤੇ ਉਨ੍ਹਾਂ (ਬਲਜਿੰਦਰ) ਦੀ ਵਿਰੋਧੀ ਧਿਰ ਦੀ ਆਗੂ ਬਣਨ ਦੀ ਕੋਈ ਇੱਛਾ ਨਹੀਂ ਹੈ। ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਾਰਟੀ ਦੇ ਕਈ ਆਗੂ ਆਪਣੀ ਲਾਲਸਾ ਲਈ ਖਹਿਰਾ ਦਾ ਅਸਤੀਫਾ ਮੰਗ ਰਹੇ ਹਨ, ਜੋ ਠੀਕ ਨਹੀਂ ਹੈ। ਖਹਿਰਾ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਹਨ ਤੇ ਪਾਰਟੀ ਵਿੱਚੋਂ ਉੱਠ ਰਹੀਆਂ ਵਿਰੋਧੀ ਸੁਰਾਂ ਖ਼ਤਰਨਾਕ ਹਨ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ। ਪੰਜਾਬ ਵਿੱਚ ਦਿੱਲੀ ਦੀ ਲੀਡਰਸ਼ਿਪ ਨੇੜਲੀ ਟੀਮ ਪੂਰੀ ਸਰਗਰਮ ਹੈ। ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਹਾਰਨ ਬਾਅਦ ਖਹਿਰਾ ਨੇ ਹਾਈ-ਕਮਾਂਡ ਖ਼ਿਲਾਫ਼ ਭੜਾਸ ਕੱਢੀ ਸੀ ਅਤੇ ਕਈ ਕੇਂਦਰੀ ਆਗੂਆਂ ‘ਤੇ ਉਂਗਲ ਉਠਾਈ ਸੀ। ਇਸ ਕਾਰਨ ਦਿੱਲੀ ਦਰਬਾਰ ਨੇੜੇ ਮੰਨੀ ਜਾਂਦੀ ਪੰਜਾਬ ਦੀ ਲੀਡਰਸ਼ਿਪ ਹੁਣ ਖਹਿਰਾ ਦਾ ਅਸਤੀਫਾ ਮੰਗਣ ਲੱਗੀ ਹੈ। ਖਹਿਰਾ ਨੇ ਹਾਈਕੋਰਟ ਵਿਚ ਸੁਣਵਾਈ ਬਾਅਦ ਸੰਕੇਤ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਘੜੀ ਗਈ ਇਸ ਸਾਜ਼ਿਸ਼ ਵਿਚ ਉਨ੍ਹਾਂ ਦੀ ਪਾਰਟੀ ਦੇ ਕੁੱਝ ਲੋਕ ਵੀ ਸ਼ਾਮਲ ਹਨ।

 

RELATED ARTICLES
POPULAR POSTS