Breaking News
Home / ਪੰਜਾਬ / ਪੰਜਾਬ ਭਾਜਪਾ ਨੇ ਲਖੀਮਪੁਰ ਖੀਰੀ ਘਟਨਾ ‘ਤੇ ਧਾਰੀ ਚੁੱਪੀ

ਪੰਜਾਬ ਭਾਜਪਾ ਨੇ ਲਖੀਮਪੁਰ ਖੀਰੀ ਘਟਨਾ ‘ਤੇ ਧਾਰੀ ਚੁੱਪੀ

ਸੂਬੇ ਦੇ ਭਾਜਪਾ ਆਗੂਆਂ ‘ਚ ਸਹਿਮ ਦਾ ਮਾਹੌਲ
ਜਲੰਧਰ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਹੋਏ ਕਤਲੇਆਮ ਦੀ ਘਟਨਾ ਨੇ ਦੁਨੀਆ ਭਰ ਵਿੱਚ ਕਿਸਾਨ ਅੰਦੋਲਨ ਦੇ ਹੱਕ ‘ਚ ਵੱਡੀ ਹਮਦਰਦੀ ਪੈਦਾ ਕੀਤੀ ਹੈ ਪਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ। ਸੂਬਾਈ ਭਾਜਪਾ ਲੀਡਰਸ਼ਿਪ ਦੇ ਕਿਸੇ ਵੀ ਛੋਟੇ-ਵੱਡੇ ਆਗੂ ਨੇ ਲਖੀਮਪੁਰ ਖੀਰੀ ਘਟਨਾ ‘ਤੇ ਹਮਦਰਦੀ ਦੇ ਦੋ ਸ਼ਬਦ ਨਹੀਂ ਕਹੇ। ਪੰਜਾਬ ਭਾਜਪਾ ਦੇ ਆਗੂ ਪਿਛਲੇ ਚਾਰ ਦਿਨਾਂ ਤੋਂ ਲਖੀਮਪੁਰ ਦੀ ਘਟਨਾ ਕਾਰਨ ਸਹਿਮੇ ਹੋਏ ਹਨ।
ਕਿਸਾਨਾਂ ਵਿੱਚ ਭਾਜਪਾ ਖਿਲਾਫ ਤਿੱਖੀ ਹੋ ਰਹੀ ਗੁੱਸੇ ਦੀ ਲਹਿਰ ਨੂੰ ਘੱਟ ਕਰਨ ਲਈ ਜੁਗਤਾਂ ਘੜੀਆਂ ਜਾ ਰਹੀਆਂ ਹਨ। ਭਾਜਪਾ ਪੰਜਾਬ ਦੇ ਫੇਸਬੁੱਕ ਅਕਾਊਂਟ ‘ਤੇ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਿਸ ਤੋਂ ਕਾਂਗਰਸ ਨੂੰ ਲਖੀਮਪੁਰ ਦੀ ਘਟਨਾ ‘ਤੇ ਰਾਜਨੀਤੀ ਕਰਦਿਆਂ ਦਿਖਾਇਆ ਗਿਆ ਹੈ। ਪੋਸਟ ਵਿੱਚ ਪ੍ਰਿਅੰਕਾ ਗਾਂਧੀ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਇਕ ਹੋਰ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਖਾਸ ਰਿਸ਼ਤੇ ਬਾਰੇ ਦੱਸਿਆ ਗਿਆ। ਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ 1984 ਦੇ ਕਤਲੇਆਮ ਦੌਰਾਨ ਬਲੈਕ ਲਿਸਟ ਹੋਏ 314 ਪੰਜਾਬੀਆਂ ਵਿੱਚੋਂ 312 ਦਾ ਨਾਂ ਹਟਾ ਦਿੱਤਾ ਗਿਆ ਹੈ। ਦਿੱਲੀ ਵਿੱਚ 1320 ਪਰਿਵਾਰਾਂ ਨੂੰ 125.52 ਕਰੋੜ ਦਾ ਵਾਧੂ ਮੁਆਵਜ਼ਾ ਦਿੱਤਾ ਗਿਆ ਹੈ। ਇਸ ਪੋਸਟ ਵਿੱਚ ਅਖਬਾਰਾਂ ਦੀਆਂ ਕਾਤਰਾਂ ਵੀ ਛਾਪੀਆਂ ਗਈਆਂ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ‘ਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਖੜ੍ਹੇ ਹਨ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਦੀ ਖ਼ਬਰ ਵੀ ਪ੍ਰਮੁੱਖਤਾ ਨਾਲ ਦਿੱਤੀ ਗਈ ਹੈ।
ਪੰਜਾਬ ਭਾਜਪਾ ਦੇ ਫੇਸਬੁੱਕ ਅਕਾਊਂਟ ‘ਤੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੀ ਕੋਈ ਤਸਵੀਰ ਪੋਸਟ ਨਹੀਂ ਕੀਤੀ ਗਈ ਤੇ ਨਾ ਹੀ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਣ ਵਾਲੀ ਕੋਈ ਪੋਸਟ ਪਾਈ ਗਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਖਨਊ ਵਿੱਚ ਦਿੱਤੇ ਗਏ ਭਾਸ਼ਨ ਦੀ ਵੀਡੀਓ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਲਖਨਊ ਹਵਾਈ ਅੱਡੇ ‘ਤੇ ਉਨ੍ਹਾਂ ਹੋਰਡਿੰਗ ਦੀਆਂ ਤਸਵੀਰਾਂ ਵੀ ਭਾਜਪਾ ਫੇਸਬੁੱਕ ਪੇਜ ‘ਤੇ ਪਾਈਆਂ ਗਈਆਂ ਹਨ, ਜਿਸ ‘ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਪਸ ਜਾਓ ਦੇ ਨਾਅਰੇ ਲਿਖੇ ਹੋਏ ਹਨ। ਇਹ ਵੀ ਲਿਖਿਆ ਗਿਆ ਹੈ ਕਿ ‘ਸਿੱਖਾਂ ਦੇ ਕਾਤਲ ਵਾਪਸ ਜਾਓ, ਨਹੀਂ ਚਾਹੀਏ ਸਾਥ ਤੁਮ੍ਹਾਰਾ।’ ਭਾਜਪਾ ਫੇਸਬੁੱਕ ਪੇਜ ‘ਤੇ ਇਕ ਕਾਰਟੂਨ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਕਿਸਾਨੀ ਅੰਦੋਲਨ ਦੀ ਆੜ ਹੇਠ ਵਿਰੋਧੀ ਪਾਰਟੀਆਂ ‘ਤੇ ਰਾਜਨੀਤਕ ਰੋਟੀਆਂ ਸੇਕਣ ਦਾ ਦੋਸ਼ ਲਾਇਆ ਗਿਆ ਹੈ।
ਇਸ ਕਾਰਟੂਨ ਵਿੱਚ ਸਿੱਧੂ, ਬਾਦਲ, ‘ਆਪ’ ਤੇ ਕਾਂਗਰਸ ਨੂੰ ਲਖੀਮਪੁਰ ਖੀਰੀ ਘਟਨਾ ਰਾਹੀਂ ਹਵਾ ਦੇਣ ਦਾ ਦੋਸ਼ ਲਾਇਆ ਗਿਆ ਹੈ ਕਿ ਕਿਵੇਂ ਉਹ 2022 ‘ਚ ਪੰਜਾਬ ਦੀਆਂ ਚੋਣਾਂ ਲਈ ਇਸ ਨੂੰ ਵਰਤ ਰਹੇ ਹਨ।

 

Check Also

ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ

ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …