ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਆਰਥਿਕਤਾ ਵਿਚ ਸਲਾਨਾ 4.5 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ 2002 ਤੋਂ ਲੈ ਕੇ ਹੁਣ ਤੱਕ ਦੇ ਇਸ ਕੈਲੰਡਰ ਸਾਲ ਵਿਚ ਬੜੀ ਵਧੀਆ ਸ਼ੁਰੂਆਤ ਹੋਈ ਹੈ। ‘ਬੈਂਕ ਆਫ਼ ਕੈਨੇਡਾ’ ਵੱਲੋਂ ਕੀਤੇ ਗਏ ਤਾਜ਼ਾ ਐਲਾਨ ਅਨੁਸਾਰ ਜੀ.ਡੀ.ਪੀ. ਵਿਚ ਇਹ ਵਾਧਾ ਦੇਸ਼ ਦੀ ਮਜ਼ਬੂਤ ਆਰਥਿਕ ਸਥਿਤੀ ਅਤੇ ਲਿਬਰਲ ਸਰਕਾਰ ਵੱਲੋਂ ਨਵੀਆਂ ਨੌਕਰੀਆਂ ਵਿਚ ਵਾਧੇ ਨੂੰ ਦਰਸਾਉਂਦਾ ਹੈ। ਇਹ ਜੀ-7 ਦੇਸ਼ਾਂ ਵਿਚੋਂ ਸੱਭ ਤੋਂ ਮਜ਼ਬੂਤ ਵਾਧਾ ਹੈ ਅਤੇ ਇਸ ਨੇ ਦੂਸਰੇ ਕੁਆਰਟਰ ਦੀਆਂ ਸੰਭਾਵਨਾਵਾਂ ਨੂੰ ਮਾਤ ਦੇ ਦਿੱਤੀ ਹੈ। ਪਿਛਲੇ ਸਾਲ ਵਿਚ ਆਰਥਿਕਤਾ ਵਿਚ ਹੋਏ ਔਸਤਨ 3.5 ਫ਼ੀਸਦੀ ਵਾਧੇ ਨਾਲ ਸਾਲ 2016 ਦੇ ਮੱਧ ਵਿਚ 300,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ। ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿਚ +2.0% ਦਾ ਕੁੱਲ ਵਾਧਾ ਸਾਲ 2000 ਤੋਂ ਹੁਣ ਤੱਕ ਦਾ ਸੱਭ ਤੋਂ ਵਧੇਰੇ ਵਾਧਾ ਹੈ। ‘ਸਟੈਟਿਸਟੀਕਲ ਕੈਨੇਡਾ’ ਅਨੁਸਾਰ ਇਸ ਵਾਧੇ ਲਈ ਘਰੇਲੂ ਅੰਤਮ ਖ਼ਪਤ ਖ਼ਰਚਾ ਅਤੇ ਦੇਸ਼ ਵਿੱਚੋਂ ਨਿਰਜਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਦਾ ਅਹਿਮ ਯੋਗਦਾਨ ਹੈ। ਇਸ ‘ਤੇ ਆਪਣਾ ਪ੍ਰਤੀਕ੍ਰਮ ਜਾਰੀ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਸਾਡੀ ਸਰਕਾਰ ਅਜਿਹੀਆਂ ਪਾਲਸੀਆਂ ਅਪਨਾਅ ਰਹੀ ਹੈ ਜਿਨ੍ਹਾਂ ਨਾਲ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਦੇਸ਼ ਦੀ ਆਰਥਿਕਤਾ ਵਿਚ ਵਾਧਾ ਹੋਵੇ। ਅਸੀਂ ਸਾਰੇ ਕੈਨੇਡਾ-ਵਾਸੀਆਂ ਲਈ ਹੋਰ ਨਵੇਂ ਮੌਕੇ ਪੈਦਾ ਕਰਨ ਲਈ ਵਚਨਬੱਧ ਹਾਂ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਹੋਰ ਪੂੰਜੀ ਜੁਟਾਉਂਦੇ ਰਹਾਂਗੇ।”
ਬੱਜਟ-2016 ਨੇ ਸਾਡੀ ਮੱਧ-ਸ਼੍ਰੇਣੀ ਨੂੰ ਮਜ਼ਬੂਤ ਕਰਕੇ ਅਤੇ ਇਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਮਦਦ ਕਰਕੇ ਅਸਲ ਤਬਦੀਲੀ ਲਿਆਾਂਦੀ ਹੈ। ਇਸ ਵਿਚ ਵਧੇਰੇ ਅਮੀਰਾਂ ‘ਤੇ 1% ਟੈਕਸ ਵਧਾਇਆ ਗਿਆ ਅਤੇ ਤਾਂ ਹੀ ਮੱਧ-ਸ਼੍ਰੇਣੀ ਦਾ ਟੈਕਸ ਬੋਝ ਘਟਾਇਆ ਜਾ ਸਕਿਆ।
‘ਕੈਨੇਡਾ ਚਾਈਲਡ ਬੈਨੀਫ਼ਿਟ ਪ੍ਰੋਗਰਾਮ’ ਲਾਗੂ ਕੀਤਾ ਗਿਆ ਜਿਸ ਨਾਲ 10 ਵਿੱਚੋਂ 9 ਪਰਿਵਾਰਾਂ ਨੂੰ ਵਧੇਰੇ ਰਾਸ਼ੀ ਮੁਹੱਈਆ ਕੀਤੀ ਗਈ ਅਤੇ ਇਸ ਦੇ ਨਾਲ ਹੀ ਕੈਨੇਡਾ ਪੈੱਨਸ਼ਨ ਪਲੈਨ ਨੂੰ ਵੀ ਮਜ਼ਬੂਤ ਕੀਤਾ ਗਿਆ। ਇਸ ਦੇ ਨਾਲ ਮੱਧ-ਵਰਗੀ ਕੈਨੇਡਾ-ਵਾਸੀਆਂ ਦੀ ਜੇਬ ਵਿਚ ਵਧੇਰੇ ਡਾਲਰ ਪਾਏ ਜਾ ਸਕੇ ਤਾਂ ਜੋ ਉਹ ਇਹ ਆਪਣੀਆਂ ਸਥਾਨਕ ਕਮਿਊਨਿਟੀਆਂ ਅਤੇ ਛੋਟੇ ਕਾਰੋਬਾਰਾਂ ਲਈ ਖ਼ਰਚ ਸਕਣ।