Breaking News
Home / ਪੰਜਾਬ / ‘ਕੀਟਨਾਸ਼ਕ ਘਪਲੇ’ ਦੇ ਧੂੰਏਂ ਦਾ ਸਾਹਮਣਾ ਕਰੇਗੀ ਕੈਪਟਨ ਸਰਕਾਰ

‘ਕੀਟਨਾਸ਼ਕ ਘਪਲੇ’ ਦੇ ਧੂੰਏਂ ਦਾ ਸਾਹਮਣਾ ਕਰੇਗੀ ਕੈਪਟਨ ਸਰਕਾਰ

ਖੇਤੀਬਾੜੀ ਮਹਿਕਮੇ ਵੱਲੋਂ ਭਰੇ
34 ਵਿੱਚੋਂ 24 ਨਮੂਨੇ ਫੇਲ੍ਹઠ
ਬਠਿੰਡਾ : ਨਰਮਾ ਪੱਟੀ ਵਿੱਚ ਐਤਕੀਂ ਨਵੇਂ ‘ਕੀਟਨਾਸ਼ਕ ਘਪਲੇ’ ਦਾ ਧੂੰਆਂ ਉਠਿਆ ਹੈ। ਖੇਤੀ ਮਹਿਕਮੇ ਵੱਲੋਂ ਪਿਛਲੇ ਦਿਨਾਂ ਵਿੱਚ ਖਾਦਾਂ ਤੇ ਕੀਟਨਾਸ਼ਕਾਂ ਦੇ 34 ਨਮੂਨੇ ਭਰੇ ਗਏ ਸਨ, ਜਿਨ੍ਹਾਂ ਵਿੱਚੋਂ 24 ਫੇਲ੍ਹ ਹੋ ਗਏ। ਕਾਂਗਰਸ ਸਰਕਾਰ ਨੇ ਰੌਲਾ ਪੈਣ ਤੋਂ ਪਹਿਲਾਂ ਹੀ ਹੈਦਰਾਬਾਦ ਦੀ ਇਕ ਕੰਪਨੀ ਦੇ ਉਤਪਾਦਾਂ ਦੀ ਪੰਜਾਬ ਵਿੱਚ ਵਿਕਰੀ ਰੋਕ ਦਿੱਤੀ ਹੈ। ਖੇਤੀ ਮਹਿਕਮੇ ਨੇ ਹੁਣ ਦੋ ਦਿਨਾਂ ਤੋਂ ਬਠਿੰਡਾ ਵਿੱਚ ਡੇਰੇ ਲਾ ਲਏ ਹਨ। ਖੇਤੀ ਵਿਭਾਗ ਦੇ ਅਫ਼ਸਰਾਂ ਦੀਆਂ ਚਾਰ ਟੀਮਾਂ ਬਣਾਈਆਂ ਹਨ, ਜਿਨ੍ਹਾਂ ਵੱਲੋਂ ਦੋ ਦਿਨਾਂ ਦੌਰਾਨ ਬਠਿੰਡਾ, ਮਾਨਸਾ, ਮੁਕਤਸਰ ਤੇ ਫਾਜ਼ਿਲਕਾ ਵਿੱਚੋਂ 100 ਦੇ ਕਰੀਬ ਕੀਟਨਾਸ਼ਕਾਂ ਅਤੇ ਖਾਦਾਂ ਦੇ ਨਮੂਨੇ ਭਰੇ ਗਏ। ਟੀਮਾਂ ਦੀ ਅਗਵਾਈ ਮਹਿਕਮੇ ਦੇ ਡਿਪਟੀ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਕਰ ਰਹੇ ਹਨ। ਪਹਿਲੇ ਦਿਨ 45 ਨਮੂਨੇ ਭਰੇ ਗਏ ਸਨ ਅਤੇ ਹੁਣ ਤੱਕ ਕੁੱਲ 100 ਦੇ ਕਰੀਬ ਨਮੂਨੇ ਭਰੇ ਜਾ ਚੁੱਕੇ ਹਨ।ਵੇਰਵਿਆਂ ਅਨੁਸਾਰ ਹੈਦਰਾਬਾਦ ਦੀ ਕੇਪੀਆਰ ਐਗਰੋ ਕੈਮੀਕਲਜ਼ ਦੇ ਲੁਧਿਆਣਾ ਗੁਦਾਮ ਵਿੱਚੋਂ ਪਹਿਲਾਂ 10 ਨਮੂਨੇ ਭਰੇ ਗਏ ਸਨ, ਜੋ ਸਾਰੇ ਫੇਲ੍ਹ ਹੋ ਗਏ। ਮੁੜ 9 ਹੋਰ ਨਮੂਨੇ ਭਰੇ ਗਏ, ਜਿਨ੍ਹਾਂ ਵਿੱਚੋਂ ਸੱਤ ਫੇਲ੍ਹ ਹੋ ਗਏ ਹਨ। ਖੇਤੀ ਮਹਿਕਮੇ ਨੇ ਫੌਰੀ ਇਸ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਫਾਜ਼ਿਲਕਾ ਦੀ ਰੈਡੀਕਲ ਕਰੌਪਸ ਪ੍ਰਾਈਵੇਟ ਲਿਮਟਿਡ ਦੇ ਕੀਟਨਾਸ਼ਕਾਂ ਅਤੇ ਖਾਦਾਂ ਦੇ ਅੱਠ ਨਮੂਨੇ ਭਰੇ ਗਏ ਸਨ, ਜਿਨ੍ਹਾਂ ਵਿੱਚੋਂ ਦੋ ਫੇਲ੍ਹ ਹੋ ਗਏ ਹਨ। ਮੁਕਤਸਰ ਦੀ ਕਿਸਾਨ ਕੈਮੀਕਲਜ਼ ਐਂਡ ਫਰਟੀਲਾਈਜ਼ਰ ਦੇ ਦੋ ਨਮੂਨੇ ਭਰੇ ਗਏ, ਜਿਸ ਵਿੱਚੋਂ ਜਿੰਕ ਸਲਫੇਟ ਦਾ ਨਮੂਨਾ ਨਾਕਾਮ ਰਿਹਾ। ਫਾਜ਼ਿਲਕਾ ਦੀ ਐਗਰੋ ਕੇਅਰ ਕੈਮੀਕਲ ਇੰਡੀਆ ਦੇ ਗੁਦਾਮਾਂ ਵਿੱਚੋਂ ਕੀਟਨਾਸ਼ਕਾਂ ਦੇ ਲਏ ਪੰਜ ਨਮੂਨਿਆਂ ਵਿੱਚੋਂ ਚਾਰ ਫੇਲ੍ਹ ਹੋ ਗਏ ਹਨ। ਹੁਣ ਇਸ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਜਦੋਂ ਫਾਜ਼ਿਲਕਾ ਦੇ ਇਕ ਡੀਲਰ ਨੂੰ ਨਮੂਨੇ ਫੇਲ੍ਹ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਕੈਂਟਰ ਭਰ ਕੇ ਕੀਟਨਾਸ਼ਕ ਸ਼ਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮਹਿਕਮੇ ਦੇ ਡਿਪਟੀ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਨੇ ਰਾਤ ਨੂੰ ਇਹ ਕੈਂਟਰ ਕਾਬੂ ਕਰ ਲਿਆ, ਜਿਸ ਵਿੱਚੋਂ ਮੁੜ 10 ਨਮੂਨੇ ਲਏ ਗਏ। ਗੁਆਂਢੀ ਸੂਬਿਆਂ ਵਿੱਚ ਦੋ ਨੰਬਰ ਦੇ ਕੀਟਨਾਸ਼ਕ ਭੰਡਾਰ ਹੋਣ ਦੀ ਸੂਹ ਵੀ ਮਿਲੀ ਹੈ, ਜਿੱਥੋਂ ਇਹ ਕੀਟਨਾਸ਼ਕ ਰਾਤ ਸਮੇਂ ਕੈਂਟਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੁੰਦੇ ਹਨ। ਖੇਤੀ ਵਿਭਾਗ ਦੇ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੀਲਰਾਂ ਤੋਂ ਬਿੱਲ ਲੈ ਕੇ ਕੀਟਨਾਸ਼ਕ ਖਰੀਦਣ।
ਮੇ ਨੇ ਸਮੇਂ ਸਿਰ ਕਾਰਵਾਈ ਕਰ ਕੇ ਗੈਰਮਿਆਰੀ ਕੀਟਨਾਸ਼ਕ ਦੀ ਵਿਕਰੀ ਤੋਂ ਪਹਿਲਾਂ ਹੀ ਫੇਲ੍ਹ ਨਮੂਨਿਆਂ ਵਾਲੇ ਸਾਰੇ ਉਤਪਾਦਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਹੈਦਰਾਬਾਦ ਦੀ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਅਤੇ ਬਾਕੀਆਂ ਖ਼ਿਲਾਫ਼ ਕਾਰਵਾਈ ਵਿੱਢ ਦਿੱਤੀ ਹੈ। ਹੁਣ ਦੋ ਦਿਨਾਂ ਵਿੱਚ ਕਰੀਬ 100 ਨਮੂਨੇ ਲਏ ਗਏ ਹਨ ਅਤੇ ਕਿਸੇ ਦਾ ਗ਼ੈਰਕਾਨੂੰਨੀ ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ।

Check Also

ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਪੀਜੀਆਈ ਚੰਡੀਗੜ੍ਹ ’ਚ ਕੀਤੀ ਗਈ ਸਰਜਰੀ

ਸੰਤੁਲਨ ਵਿਗੜਨ ਕਰਕੇ ਲੰਘੇ ਕੱਲ੍ਹ ਪੈਰ ਦੀ ਉਂਗਲ ’ਚ ਹੋਇਆ ਸੀ ਫਰੈਕਚਰ ਚੰਡੀਗੜ੍ਹ/ਬਿਊਰੋ ਨਿਊਜ਼ : …