Breaking News
Home / ਨਜ਼ਰੀਆ / 2ਲੋਕ ਬੋਲੀ ਵਿਚ ਸਮਾਜ ਨੂੰ ਸੇਧ ਦੇਣ ਵਾਲੇ

2ਲੋਕ ਬੋਲੀ ਵਿਚ ਸਮਾਜ ਨੂੰ ਸੇਧ ਦੇਣ ਵਾਲੇ

ਭਗਤ ਕਬੀਰ ਜੀ
ਗੁਰਪ੍ਰੀਤ ਸਿੰਘ
ਭਗਤੀ ਅੰਦੋਲਨ ਸਾਮੰਤੀ ਤਾਕਤਾਂ ਦੇ ‘ਗਿਆਨ ਦੇ ਕਬਜ਼ੇ’ ਤੋਂ ਨਿਜਾਤ ਹਾਸਲ ਕਰਨ ਲਈ ਲੋਕਾਂ ਵਿੱਚ ਪੁਜਾਰੀ ਵਰਗ ਦੀ ਦਮਨਕਾਰੀ ਮਾਨਸਿਕ ਨੀਤੀ ਨੂੰ ਉਜਾਗਰ ਕਰਦਾ ਹੈ। ਭਗਤੀ ਅੰਦਲੋਨ ਦੇ ਕਵੀਆਂ ਨੇ ਭਾਸ਼ਾਈ ਵਰਤੋਂਕਾਰ ਦੇ ਪੱਖ ਤੋਂ ਵੀ ਪੁਰਾਤਨ ਬ੍ਰਾਹਮਣਵਾਦੀ ਭਾਸ਼ਾ ਦੇ ਵਿਰੁੱਧ ਵਿਦਰੋਹ ਕਰਕੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਲੋਕ ਚੇਤਨਾ ਫੈਲਾਈ। ਭਗਤੀ ਮਾਰਗ ਦਾ ਆਰੰਭ ਦੱਖਣੀ ਭਾਰਤ ਵਿੱਚ ਹੋਇਆ। ਇਸ ਪਿੱਛੋਂ ਇਹ ਉੱਤਰੀ ਭਾਰਤ ਵਿੱਚ ਪ੍ਰਚੱਲਿਤ ਹੋਇਆ। ਇਤਿਹਾਸਕ ਦ੍ਰਿਸ਼ਟੀ ਤੋਂ ਭਗਤੀ ਮਾਰਗ ਦਾ ਉਤਪੰਨ ਹੋਣਾ ਉਸ ਸਮੇਂ ਦੀ ਲੋੜ ਸੀ। ਭਗਤੀ ਮਾਰਗ ਵਿੱਚ ਨਿਰਗੁਣ, ਸਰਗੁਣ ਤੇ ਸੂਫ਼ੀਆਂ ਦੇ ਕਈ ਸੰਪਰਦਾਇ ਸ਼ਾਮਲ ਸਨ। ਇਸ ਮਾਰਗ ਦੇ ਸੰਤਾਂ ਤੇ ਭਗਤਾਂ ਨੇ ਬ੍ਰਾਹਮਣਵਾਦੀ ਕਰਮ ਕਾਂਡਾਂ ਤੇ ਰੀਤੀ ਰਿਵਾਜਾਂ ਦੇ ਵਿਰੋਧ ਵਿੱਚ ਭਗਤੀ ਮਾਰਗ ਦੀ ਲਹਿਰ ਚਲਾਈ, ਜਿਸ ਨੇ ਪ੍ਰੇਮ ਭਗਤੀ ਵਾਲਾ ਮਾਨਵਵਾਦੀ ਅਧਿਆਤਮਕ ਮਾਡਲ ਪੇਸ਼ ਕੀਤਾ। ਇਸ ਮਾਰਗ ਨੇ ਕਲਾ, ਦਰਸ਼ਨ ਤੇ ਮਾਨਵਤਾ ਪ੍ਰਤੀ ਨਵੇਂ ਦ੍ਰਿਸ਼ਟੀਕੋਣ ਦੀ ਸਥਾਪਨਾ ਕੀਤੀ। ਭਗਤਾਂ ਵਿੱਚ ਸ਼ੇਖ਼ ਫ਼ਰੀਦ, ਕਬੀਰ, ਤਰਲੋਚਣ, ਨਾਮਦੇਵ, ਸਧਨਾ, ਬੇਣੀ, ਰਾਮਾਨੰਦ, ਰਵੀਦਾਸ, ਪੀਪਾ, ਸੈਣ, ਧੰਨਾ, ਭੀਖਣ, ਪਰਮਾਨੰਦ ਤੇ ਸੂਰਦਾਸ ਸ਼ਾਮਲ ਹਨ। ਭਗਤ ਕਬੀਰ ਉੱਤਰੀ ਭਾਰਤ ਦੇ ਸੰਤ ਭਗਤ ਸਨ। ਉਹ ਨਿਰਗੁਣ ਧਾਰਾ ਦੇ ਭਗਤ ਕਵੀ ਵਜੋਂ ਜਾਣੇ ਜਾਂਦੇ ਹਨ। ਕਬੀਰ ਜੀ ਦਾ ਜਨਮ 1398 ਨੂੰ ਹੋਇਆ ਤੇ 1518 ਵਿੱਚ ਅਕਾਲ ਚਲਾਣਾ ਕਰ ਗਏ। ਭਗਤ ਕਬੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਗਤ ઠਕਬੀਰ ਨੇ ਆਪਣੀ ਬਾਣੀ ਦੀ ਰਚਨਾ ਲਈ ਕਿਸੇ ਟਕਸਾਲੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ‘ਸ਼ਬਦਾਂ’ ਤੇ ‘ਸ਼ਲੋਕਾਂ’ ਦੀ ਰਚਨਾ ਸਾਧ ਭਾਸ਼ਾ ਵਿੱਚ ਕੀਤੀ ਹੈ। ਉਨ੍ਹਾਂ ਨੇ ਲੋਕਾਂ ਦੀ ਬੋਲੀ ਵਿੱਚ ਬਾਣੀ ਰਚੀ ਹੈ। ਉਨ੍ਹਾਂ ਦੀ ਭਾਸ਼ਾ ਵਿੱਚ ਅਨੇਕ ਭਾਸ਼ਾਵਾਂ ਦਾ ਮਿਸ਼ਰਣ ਹੈ, ਜਿਸ ਵਿੱਚ ਅਵਧੀ, ਭੋਜਪੁਰੀ, ਬ੍ਰਜ, ਮਾਰਵਾੜੀ, ਪੰਜਾਬੀ, ਅਰਬੀ, ਫ਼ਾਰਸੀ ਦੇ ਅਨੇਕ ਅੰਸ਼ ਦਿਖਾਈ ਦਿੰਦੇ ਹਨ।
ਭਗਤ ਕਬੀਰ ਨੇ ਆਪਣੇ ਕਾਵਿ ਦਾ ਆਧਾਰ ਉਸ ਭਾਸ਼ਾ ਜਾਂ ਬੋਲੀ ਨੂੰ ਬਣਾਇਆ, ਜਿਸ ਦੀ ਵਿਕਸਤ ਪਰੰਪਰਾ ਸੀ, ਜਿਸ ਵਿੱਚ ਅਨੇਕ ਰਚਨਾਵਾਂ ਲਿਖੀਆਂ ਜਾ ਚੁੱਕੀਆਂ ਸਨ ਤੇ ਜਿਹੜੀ ਸਾਹਿਤਕਾਰਾਂ ਤੋਂ ਇਲਾਵਾ ਹੋਰ ਕਲਾਕਾਰਾਂ ਤੇ ਹਰ ਪੇਸ਼ੇ ਦੇ ਲੋਕਾਂ ਤੇ ਜਨਸਧਾਰਨ ਨੂੰ ਪ੍ਰਭਾਵਿਤ ਕਰ ਸਕਦੀ ਸੀ। ਇਸ ਭਾਸ਼ਾ ਵਿੱਚ ਆਤਮ ਨਿਵੇਦਨ ਅਤੇ ਉਦੇਸ਼ ਲਈ ਜ਼ਰੂਰੀ ਤੱਤ ਮਿਠਾਸ ਵੀ ਸ਼ਾਮਲ ਸੀ। ਭਗਤ ਕਬੀਰ ਨੇ ਮੱਧਕਾਲੀ ਸਮਾਜ ਵਿੱਚ ਉਤਪੰਨ ਹੋਏ ਜਾਤ-ਪਾਤ, ਕਰਮ-ਕਾਂਡ ਤੇ ਬ੍ਰਾਹਮਣੀ ਸੋਚ ਲਈ ਵੰਗਾਰ ਪੈਦਾ ਕੀਤੀ। ਸਥਾਪਤੀਆਂ ਵਿਰੁੱਧ ਸੰਘਰਸ਼ ਛੇੜਨ ਵਿੱਚ ਉਨ੍ਹਾਂ ਨੇ ਜੋ ਹਿੱਸਾ ਪਾਇਆ, ਉਸ ਦਾ ਸਰੂਪ ਉਨ੍ਹਾਂ ਦੀ ਬਾਣੀ ਵਿੱਚੋਂ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦਲਿਤ ਭਾਈਚਾਰੇ ਦੀ ਪ੍ਰਤੀਨਿਧਤਾ ਕਰਦਿਆਂ ਦਮਿਤ ਹੋ ਰਹੀ ਜਮਾਤ ਨੂੰ ਧਾਰਮਿਕ ਫ਼ਿਰਕੂਪੁਣੇ ਦੀਆਂ ਚਾਲਾਂ ਤੋਂ ਸੁਚੇਤ ਕੀਤਾ। ਉਨ੍ਹਾਂ ਨੇ ਉਸ ਸਮੇਂ ਦੀ ਸਮਾਜਿਕ ਸੰਰਚਨਾ ਨੂੰ ਉਸ ਦੀ ਅਪੰਗਤਾ ਤੋਂ ਆਜ਼ਾਦ ਕਰਵਾਇਆ। ਉਸ ਵੇਲੇ ਦੀ ਰਾਜਸੀ, ਆਰਥਿਕ, ਧਾਰਮਿਕ ਸੰਰਚਨਾ ਨੂੰ ਵੰਗਾਰਦਿਆਂ ਸੱਚੀ ਅਧਿਆਤਮਕ ਸ਼ਕਤੀ ਲਈ ਪ੍ਰੇਰਿਆ।
ਭਗਤ ਕਬੀਰ ਦੇ ਸਮੇਂ ਦਾ ਰਾਜ ਪ੍ਰਬੰਧ, ઠਸਮਾਜ ਤੇ ਧਾਰਮਿਕ ਪ੍ਰਬੰਧ ਅੰਧ-ਵਿਸ਼ਵਾਸਾਂ, ਪਾਖੰਡਾਂ ਤੇ ਜ਼ੁਲਮਾਂ ਨਾਲ ਭਰਿਆ ਪਿਆ ਸੀ। ਉਸ ਵੇਲੇ ਦੀ ਸਮਾਜਿਕ ਸੰਰਚਨਾ ਜਾਤ-ਪਾਤ, ਰੰਗ-ਭੇਦ ਆਦਿ ਕੁਰੀਤੀਆਂ ਵਿੱਚ ਜਕੜੀ ਹੋਈ ਸੀ। ਸੰਸਕ੍ਰਿਤ ਪੜ੍ਹਨ ਵਾਲੇ ਬ੍ਰਾਹਮਣ ਧਰਮ ਨੂੰ ਨਿੱਜੀ ਜਾਗੀਰ ਸਮਝਦੇ ਸਨ। ਉਹ ਆਪਣੀ ਵਿਦਵਤਾ ਦੀ ਪੱਟੀ ਲੋਕਾਂ ਨੂੰ ਪੜ੍ਹਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ਉੱਤੇ ਗੁਲਾਮ ਕਰ ਰਹੇ ਸਨ। ਬ੍ਰਾਹਮਣ ਭਗਤੀ ਦੇ ਅਸਲ ਅਰਥਾਂ ਨੂੰ ਲੁਕਾ ਕੇ ਆਪਣੀ ਸਰਦਾਰੀ ਕਾਇਮ ਰੱਖਣਾ ਚਾਹੁੰਦੇ ਸੀ। ਭਗਤ ਕਬੀਰ ਨੇ ਪਾਖੰਡਾਂ ਵਿਰੁੱਧ ਸੱਚਾਈ ਦੀ ਗੱਲ ਲੋਕਾਂ ਤੱਕ ਪਹੁੰਚਾਈ। ਉਨ੍ਹਾਂ ਨੇ ਧਰਮ ਨੂੰ ਨਿੱਜੀ ਹੱਥਾਂ ਵਿੱਚੋਂ ਕੱਢ ਕੇ ਸੁਤੰਤਰ ਵਿਚਾਰਧਾਰਾ ਦਾ ਨਾਂ ਦਿੱਤਾ।
ਭਗਤ ਕਬੀਰ ਦੇ ਸਮੇਂ ਇਸਲਾਮ ਧਰਮ ਸੱਤਾ ‘ਤੇ ਕਾਬਜ਼ ਸੀ। ਇਸਲਾਮ ਵਿੱਚ ਵੀ ਕੁਰੀਤੀਆਂ ਵਾਸ ਕਰ ਗਈਆਂ ਸਨ। ਉਨ੍ਹਾਂ ਨੇ ਇਸਲਾਮ ਧਰਮ ਦੇ ਪਾਖੰਡਾਂ ਉੱਪਰ ਵੀ ਕਟਾਖਸ਼ ਕੀਤਾ। ਭਗਤ ਕਬੀਰ ਦੇ ਸਮਕਾਲੀ ਭਗਤ (ਰਵੀਦਾਸ, ਨਾਮਦੇਵ, ਤਰਲੋਚਨ, ਰਾਮਾਨੰਦ, ਸੈਣ ਜੀ) ਸਿਧਾਂਤਕ ਕਿਰਤੀ ਸ਼੍ਰੇਣੀ ਨਾਲ ਸਬੰਧਤ ਸਨ। ਇਹ ਆਰਥਿਕ ਤੇ ਸਮਾਜਿਕ ਤੌਰ ‘ਤੇ ਪਿਛਾੜ ਕੇ ਰੱਖੇ ਗਏ ਵਰਗਾਂ ਦੇ ਲੋਕ ਸਨ। ਮੱਧਕਾਲੀ ਸਮਾਜ ਵਿੱਚ ਕਿਰਤੀ ਸ਼੍ਰੇਣੀ ਦੀ ਸੋਚ ਧਰਮ ਕੇਂਦਰਤ ਸੀ।
ਯਥਾਰਥ ਤੋਂ ਅਣਜਾਣ ਇਹ ਸ਼੍ਰੇਣੀ ਹਮੇਸ਼ਾ ਕੰਮ ਵਿੱਚ ਰੁੱਝੀ ਰਹਿੰਦੀ ਸੀ ਅਤੇ ਧਾਰਮਿਕ ਪਾਖੰਡਾਂ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦੀ ਸੀ ਪਰ ਭਗਤ ਕਬੀਰ ਦੇ ਸਮਕਾਲੀ ਭਗਤਾਂ ਨੇ ਕਿਰਤ ਕਰਦਿਆਂ ਧਰਮ ਦੇ ਪਾਖੰਡਾਂ ਤੇ ਪੁਜਾਰੀ ਵਰਗ ਵਿਰੁੱਧ ਪਰਚਮ ਲਹਿਰਾਇਆ। ਉਨ੍ਹਾਂ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਗੁਲਾਮੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਧਰਮ ਨੂੰ ਵਿਸ਼ੇਸ਼ ਤੇ ਸਰਵ-ਵਿਆਪਕ ਵਰਤਾਰਾ ਦਰਸਾਇਆ।
ਭਗਤ ਕਬੀਰ ਨੇ ਮਨੁੱਖ ਦੀ ਸੁਤੰਤਰ ਸੋਚ ਦਾ ਸੁਪਨਾ ਲਿਆ ਤੇ ਇਸ ਸੋਚ ਨੂੰ ਪ੍ਰਸਾਰਨ ਲਈ ਦਿਨ ਰਾਤ ਇੱਕ ਕਰ ਦਿੱਤਾ। ਉਨ੍ਹਾਂ ਸਮੁੱਚੀ ਮਾਨਵਤਾ ਨੂੰ ਇੱਕ ਰੱਬ ਭਾਵ ਇੱਕ ਕੇਂਦਰੀ ਸੱਤਾ, ਸੱਚੀ ਭਗਤੀ ਦੇ ਲੜ ਲੱਗਣ ਲਈ ਪ੍ਰੇਰਿਆ। ਉਨ੍ਹਾਂ ਭਗਤੀ ਦੀ ਸਹਿਜਤਾ ‘ਤੇ ਜ਼ੋਰ ਦਿੱਤਾ ਤੇ ਸਮਰਪਣ ਵਾਲੀ ਭਾਵਨਾ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਪ੍ਰੇਮ ਭਗਤੀ ਨੂੰ ਸਰਵਸ੍ਰੇਸ਼ਠ ਮੰਨਿਆ ਹੈ। ਉਹ ਹਿੰਦੂ ਤੇ ਇਸਲਾਮ ਧਰਮ ‘ਤੇ ਵੱਡਾ ਹਮਲਾ ਬਾਹਰੀ ਚਿੰਨ੍ਹਾਂ ਦੇ ਪਾਖੰਡਾਂ ਉਪਰ ਕਰਦੇ ਹਨ।
ਭਗਤ ਕਬੀਰ ਨੇ ਕਥਨੀ ਤੇ ਕਰਨੀ ਦੀ ਸਮਾਨਤਾ ਪ੍ਰਤੀ ਵਕਾਲਤ ਕੀਤੀ ਤੇ ਫੋਕੇ ਕਰਮ-ਕਾਂਡਾਂ ਦਾ ਵਿਰੋਧ ਕੀਤਾ। ਉਹ ਉਸ ਜਾਤ ਨੂੰ ਸਰਵਉੱਚ ਦੀ ਪਦਵੀ ਦਿੰਦੇ ਹਨ, ਜਿਹੜੀ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਬਿਨਾਂ ਕਿਸੇ ਪਾਖੰਡ, ਵਹਿਮ ਤੋਂ ਭਗਤੀ ਕਰੇ।
ਭਗਤ ਕਬੀਰ ਦੀ ਬਾਣੀ ਸਮਾਜਿਕ ਬਰਾਬਰੀ ਦੀ ਗਵਾਹੀ ਕਰਦੀ ਹੋਈ ਮਨੁੱਖੀ ਕਿਰਦਾਰ ਤੋਂ ਇਹ ਮੰਗ ਕਰਦੀ ਹੈ ਕਿ ਉਹ ਹਮੇਸ਼ਾ ਮਨੁੱਖਤਾ ਲਈ ਪਰਉਪਕਾਰੀ ਦ੍ਰਿਸ਼ਟੀ ਧਾਰਨ ਕਰੇ ਤੇ ਲੋਟੂ ਪੁਜਾਰੀ ਸ਼੍ਰੇਣੀ ਤੋਂ ਰਹਿਤ ਰਹੇ। ਭਗਤ ਕਬੀਰ ਦੀ ਬਾਣੀ ਅਜੋਕੇ ਸਮੇਂ ਸਾਡੇ ਕੋਲ ਇੱਕ ਵਿਚਾਰਧਾਰਾ ਦੇ ਰੂਪ ਵਿੱਚ ਮੌਜੂਦ ਹੈ। ਅਜੋਕੇ ਸਮਾਜ ਵਿੱਚ ਜੋ ਮੁਸ਼ਕਲਾਂ, ਵਹਿਮ ਭਰਮ ਪ੍ਰਚੰਡ ਹੋ ਰਹੇ ਹਨ, ਉਨ੍ਹਾਂ ਨੂੰ ਕਬੀਰ ਦੀ ਬਾਣੀ ਨੂੰ ਕਸਵੱਟੀ ਦੇ ਤੌਰ ‘ਤੇ ਪਰਖਣਾ ਚਾਹੀਦਾ ਹੈ ਤੇ ਸਮਾਜਿਕ ਨਿਆਂ ਪ੍ਰਤੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਭਗਤ ਕਬੀਰ ਮਨੁੱਖ ਦੀ ਸੰਪੂਰਨ ਆਜ਼ਾਦੀ ਦਾ ਨਾਅਰਾ ਮਾਰਦੇ ਹਨ। ਉਹ ਸਧਾਰਨ ਕਿਰਤੀ ਵਰਗ ਦੀ ਚੇਤਨਾ ਨੂੰ ਉੱਚਤਮ ਸਥਾਨ ‘ਤੇ ਲੈ ਜਾਣ ਲਈ ਪ੍ਰੇਰਦੇ ਹਨ। ਉਹ ਥੁੜ੍ਹ, ਮੌਤ, ਵਹਿਮ, ਅਸੁਰੱਖਿਆ ਤੇ ਜ਼ੁਲਮ ਪ੍ਰਤੀ ਮਨੁੱਖ ਨੂੰ ਆਗਾਹ ਕਰਦੇ ਪੁਜਾਰੀ ਵਰਗ ਦੀ ‘ਅੰਧ-ਵਿਸ਼ਵਾਸੀ ਥਿਊਰੀ’ ਨੂੰ ਵੰਗਾਰਦੇ ਹਨ। ਭਗਤ ਕਬੀਰ ਅਭਿਮਾਨੀ ਰਾਜ ਸੱਤਾ ਤੇ ਪੁਜਾਰੀ ਵਰਗ ਦੁਆਰਾ ਕੀਤੀ ਜਾਂਦੀ ਮਾਨਸਿਕ ਤੇ ਸਮਾਜਿਕ ਲੁੱਟ ਦੇ ਵਿਰੋਧ ਵਿੱਚ ਝੰਡਾ ਚੁੱਕਦੇ ਹਨ। ਅਸਲ ਵਿੱਚ ਭਗਤ ਕਬੀਰ ਦੱਬੇ ਕੁਚਲੇ, ਭੂਮੀਹੀਣ ਤੇ ਹਾਸ਼ੀਏ ‘ਤੇ ਰੱਖੇ ਗਏ ਵਰਗਾਂ ਦੀ ਧਿਰ ਬਣਦੇ ਹਨ। ਉਹ ਕੁਲੀਨ ਵਰਗ ਤੇ ਪੁਰੋਹਿਤਾਂ ਰਾਹੀਂ ਹੁੰਦੀ ਲੁੱਟ ਤੋਂ ਬਚਾਉਣ ਲਈ ਲੋਕਾਂ ਵਿੱਚ ਸਮਾਜਿਕ ਚੇਤਨਾ ਭਰਦੇ ਹਨ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …