ਕਾਂਗਰਸੀਆਂ ਨੇ ਨਾਅਰੇਬਾਜ਼ੀ ਕਰਨ ਉਪਰੰਤ ਵਿਧਾਇਕ ਮਜੀਠੀਆ ਦਾ ਕੀਤਾ ਬਾਈਕਾਟ
ਮਜੀਠਾ : ਪੰਜਾਬ ਸਰਕਾਰ ਵਲੋਂ ਆਮ ਨਾਗਰਿਕਾਂ ਨੂੰ ਸਾਫ ਸੁਥਰਾ ਨਿਆਂ ਦੇਣ ਲਈ ਪੰਜਾਬ ਪੁਲਿਸ ਵਲੋਂ ਹਲਕਾਵਾਰ ਪੁਲਿਸ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਤਹਿਤ ਸਬ ਡਵੀਜ਼ਨ ਮਜੀਠਾ ਪੱਧਰ ਦੀ ਪੁਲਿਸ ਪਬਲਿਕ ਮੀਟਿੰਗ ਰਾਇਲ ਵਿਲਾ ਪੈਲੇਸ ਮਜੀਠਾ ਵਿਖੇ ਚੱਲ ਰਹੀ ਸੀ, ਜਿਸ ਵਿਚ ਪੰਜਾਬ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਡਾਇਰੈਕਟਰ ਜਨਰਲ ਲਾਅ ਐਂਡ ਆਰਡਰ ਰੋਹਿਤ ਚੌਧਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਉਹਨਾਂ ਨਾਲ ਆਈਜੀ ਬਾਰਡਰ ਰੇਂਜ ਏਕੇ ਮਿੱਤਲ, ਜ਼ਿਲ੍ਹਾ ਪੁਲਿਸ ਮੁਖੀ ਜੇ ਇਲਨ ਚੇਜੀਅਨ ਵੀ ਮੌਜੂਦ ਸਨ। ਮੀਟਿੰਗ ਦਾ ਮਾਹੌਲ ਉਸ ਵਕਤ ਤਣਾਅਪੂਰਨ ਹੋ ਗਿਆ, ਜਦ ਸਾਬਕਾ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੀ ਹਲਕਾ ਮਜੀਠਾ ਵਿਚ ਅਕਾਲੀ ਵਰਕਰਾਂ ‘ਤੇ ਹੋ ਰਹੀਆਂ ਵਧੀਕੀਆਂ ਬਾਰੇ ਸ਼ਿਕਾਇਤ ਕਰਨ ਤੇ ਇਨਸਾਫ ਲੈਣ ਸਟੇਜ ਵੱਲ ਵਧੇ ਤਾਂ ਉਥੇ ਮੌਜੂਦ ਕਾਂਗਰਸੀ ਵਰਕਰਾਂ ਨੇ ਉਠ ਕੇ ਉਹਨਾਂ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਾਕ ਆਊਟ ਕਰਕੇ ਮੀਟਿੰਗ ਵਿਚੋਂ ਬਾਹਰ ਚਲੇ ਗਏ। ਕਾਂਗਰਸੀ ਵਰਕਰਾਂ ਨੇ ਮਜੀਠੀਆ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਨੀਅਤ ਨਾਲ ਮਜੀਠੀਆ ਦੀ ਕਾਰ ਉਪਰ ਚੱਪਲਾਂ ਸੁੱਟੀਆਂ, ਐਨੇ ਚਿਰ ਨੂੰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਮੌਕੇ ‘ਤੇ ਕਾਂਗਰਸੀ ਵਰਕਰਾਂ ਨੂੰ ਸ਼ਾਂਤ ਕੀਤਾ। ਪੁਲਿਸ ਪ੍ਰਸ਼ਾਸਨ ਵਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਪੰਡਾਲ ਅੰਦਰ ਨਹੀਂ ਆਏ ਤੇ ਮਜੀਠੀਆ ਨੇ ਆਪਣੀ ਸਾਰੀ ਗੱਲ ਮੌਜੂਦ ਅਫਸਰਾਂ ਨੂੰ ਦੱਸੀ ਕਿ ਕਿਸ ਤਰ੍ਹਾਂ ਅਕਾਲੀ ਵਰਕਰਾਂ ਨਾਲ ਕਾਂਗਰਸੀ ਵਰਕਰਾਂ ਵਲੋਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਜਿਸ ‘ਤੇ ਏਡੀਜੀਪੀ ਰੌਹਿਤ ਚੌਧਰੀ ਨੇ ਸਾਰੇ ਮਾਮਲੇ ਦੀ ਤਫਤੀਸ਼ ਕਰਕੇ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ।
ਅਕਾਲੀਆਂ ਨੇ ਪੰਜਾਬ ਸਰਕਾਰ ਖਿਲਾਫ ਝੰਡਾ ਚੁੱਕਣ ਦੀ ਕੀਤੀ ਤਿਆਰੀ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਖਿਲਾਫ ਝੰਡਾ ਚੁੱਕਣ ਦੀ ਤਿਆਰੀ ਕਰ ਲਈ ਹੈ। ਅਕਾਲੀ ਦਲ ਦੇ ਐਸਸੀ ਵਿੰਗ ਦੀ ਮੀਟਿੰਗ ਜਲੰਧਰ ਵਿੱਚ ਹੋਈ। ਇਸ ਵਿੱਚ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਬੀਬੀ ਮਹਿੰਦਰ ਕੌਰ ਜੋਸ਼, ਪਵਨ ਟੀਨੂੰ ਅਤੇ ਬਲਦੇਵ ਖਹਿਰਾ ਸਮੇਤ ਕਈ ਅਕਾਲੀ ਆਗੂ ਹਾਜ਼ਰ ਸਨ। ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਲੱਗਦਾ ਸੀ ਕਿ ਕੈਪਟਨ ਸਰਕਾਰ ਆਪਣੇ ਵਾਅਦਿਆਂ ਵੱਲ ਧਿਆਨ ਦੇਵੇਗੀ, ਉਹ ਦਲਿਤਾਂ ‘ਤੇ ਅਤਿਆਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦੇ ਜਿਸ ਦਲਿਤ ਪਰਿਵਾਰ ‘ਤੇ ਜ਼ਿਆਦਤੀ ਕੀਤੀ ਗਈ ਹੈ, ਜੇਕਰ ਉਸ ਨੂੰ ਹਫਤੇ ‘ਚ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਜ਼ਿਲ੍ਹਾ ਪੱਧਰ ‘ਤੇ ਧਰਨੇ ਦੇਵੇਗਾ।
ਅਕਾਲੀ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ
ਬਟਾਲਾ : ਬਟਾਲਾ ਨੇੜਲੇ ਪਿੰਡ ਬਿਜਲੀਵਾਲ ਵਿੱਚ ਸੋਮਵਾਰ ਸਵੇਰੇ ਮਾਮੂਲੀ ਗੱਲ ਤੋਂ ਇੱਕ ਵਿਅਕਤੀ ਉੱਤੇ ਕੀਤੇ ਗਏ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਬਿਕਰਮਜੀਤ ਸਿੰਘ (50) ਅਕਾਲੀ ਦਲ ਨਾਲ ਸਬੰਧਤ ਹੈ ਜਦਕਿ ਹਮਲਾਵਰ ਕਾਂਗਰਸ ਨਾਲ ਸਬੰਧਤ ਹਨ। ਥਾਣਾ ਕਿਲਾ ਲਾਲ ਸਿੰਘ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮ੍ਰਿਤਕ ਦੀ ਪਤਨੀ ਸਤਵੰਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚਾਰ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਵਿਹੜੇ ਦੀ ਕੰਧ ਕਾਂਗਰਸ ਪੱਖੀ ਬਲਕਾਰ ਸਿੰਘ ਦੇ ਖੇਤਾਂ ਵਿੱਚ ਡਿੱਗ ਗਈ ਸੀ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …