ਪੰਜਾਬ ਪੁਲਿਸ ਵੱਲੋਂ 35 ਗੈਂਗਸਟਰਾਂ ਦੀ ਸੂਚੀ ਤਿਆਰ
ਲੁਧਿਆਣਾ : ਸੂਬੇ ਵਿੱਚ ਵਧ ਰਹੀਆਂ ਗੈਂਗਵਾਰ ਦੀਆਂ ਵਾਰਦਾਤਾਂ ਨੇ ਪੁਲਿਸ ਤੇ ਸਰਕਾਰ ਦੀ ਨੀਂਦ ਹਾਰਾਮ ਕੀਤੀ ਹੋਈ ਹੈ। ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਹੁਣ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੰਜਾਬ ਪੁਲਿਸ ਨੇ 22 ਜ਼ਿਲ੍ਹਿਆਂ ਦੇ 35 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਸੂਚੀ ਵਿੱਚ ਕਈ ਗੈਂਗਸਟਰ ਅਜਿਹੇ ਵੀ ਹਨ, ਜੋ ਕਈ ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੀ ਗਠਿਤ ਕਰ ਲਈਆਂ ਹਨ। ਉਂਜ ਫ਼ਰਾਰ ਗੈਂਗਸਟਰਾਂ ਦੀ ਇਹ ਸੂਚੀ ਪੰਜਾਬ ਦੇ ਹਰ ਥਾਣੇ ਤੇ ਚੌਕੀ ਵਿੱਚ ਭੇਜ ਦਿੱਤੀ ਗਈ ਹੈ ਤਾਂ ਕਿ ਮੁਲਜ਼ਮਾਂ ਬਾਰੇ ਪਤਾ ਲਾ ਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਪੁਲਿਸ ਨੇ ਗੈਂਗਸਟਰਾਂ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਣ ਲਈ ਵੀ ਵਿਸ਼ੇਸ਼ ਤਿਆਰੀ ਕੀਤੀ ਹੈ। ਗੌਰਤਲਬ ਹੈ ਕਿ ਨਾਭਾ ਜੇਲ੍ਹ ਕਾਂਡ ਅਤੇ ਉਸ ਤੋਂ ਮਗਰੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈਆਂ ਗੈਂਗਵਾਰ ਦੀਆਂ ਵਾਰਦਾਤਾਂ ਮੌਕੇ ਪੰਜਾਬ ਪੁਲਿਸ ਦੇ ਸਾਹਮਣੇ ਕਈ ਅਜਿਹੇ ਗੈਂਗਸਟਰਾਂ ਦੇ ਨਾਮ ਆਏ, ਜਿਨ੍ਹਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਹੁਣ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਜ਼ਿਲ੍ਹੇ ਨਾਲ ਸਬੰਧਤ ਗੈਂਗਸਟਰਾਂ ਦੀ ਫੋਟੋ ਸਮੇਤ ਸੂਚੀ ਤਿਆਰ ਕਰਨ। ਕੁਝ ਦਿਨਾਂ ਦੀ ਮਿਹਨਤ ਤੋਂ ਮਗਰੋਂ ਪੁਲਿਸ ਮੁਖੀਆਂ ਨੇ ਇੱਕ ਰਿਪੋਰਟ ਬਣਾ ਕੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਪੂਰੇ ਪੰਜਾਬ ਵਿੱਚ 35 ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਨਅਤੀ ਸ਼ਹਿਰ ਦੇ ਪਿੰਡ ਖੁਵਾਜਕੇ ਵਾਸੀ ਰਵੀ ਖੁਵਾਜਕੇ ਦੇ ਭਰਾ ਸੰਦੀਪ ਗਰੇਵਾਲ ਦਾ ਨਾਮ ਵੀ ਸ਼ਾਮਲ ਹੈ।
ਪੁਲਿਸ ਨੇ ਉਸ ਨੂੰ ਸੂਚੀ ਵਿੱਚ 28ਵੇਂ ਨੰਬਰ ‘ਤੇ ਰੱਖਿਆ ਹੈ। ਸੰਦੀਪ ਗਰੇਵਾਲ, ਰਵੀ ਖੁਵਾਜਕੇ ਦਾ ਭਰਾ ਹੈ, ਜਿਸ ਨੂੰ ਮਾਲੇਰਕੋਟਲਾ ਰੋਡ ‘ਤੇ ਵਿਆਹ ਦੌਰਾਨ ਗੈਂਗਸਟਰ ਦਵਿੰਦਰ ਬੰਬੀਹਾ ਨੇ ਗ਼ੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਪੰਜਾਬ ਦੇ 35 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਜ਼ਿੰਮਾ ਏਟੀਐਸ ਤੇ ਲੋਕਲ ਟਾਸਕ ਫੋਰਸ ਨੂੰ ਦਿੱਤਾ ਗਿਆ ਹੈ। ਟਾਸਕ ਫੋਰਸ ਦੀਆਂ ਟੀਮਾਂ ਵੱਲੋਂ ਫ਼ਰਾਰ ਮੁਲਜ਼ਮਾਂ ਦਾ ਥਹੁ-ਪਤਾ ਲਾਉਣ ਲਈ ਜੇਲ੍ਹ ਵਿੱਚ ਬੰਦ ਤੇ ਬਾਹਰ ਨਿਕਲ ਚੁੱਕੇ ਮੁਲਜ਼ਮਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …