
ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਇੰਚਾਰਜ ਵੀ ਨਿਯੁਕਤ
ਅੰਮਿ੍ਰਤਸਰ/ਬਿਊਰੋ ਨਿਊਜ਼
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਦਿਆਂ ਸੂਬੇ ਦੇ ਕੁਝ ਵਿਧਾਨ ਸਭਾ ਹਲਕਿਆਂ ਲਈ ਆਪਣੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮਸ਼ਹੂਰ ਗੀਤਕਾਰ ਅਤੇ ਫਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੂਰਾ ਫੂਲ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਗਿੱਲ ਰੌਂਤਾ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਪਾਰਟੀ ਵਿਚ ਸ਼ਾਮਲ ਹੋਏ ਸਨ। ਰਾਮਪੁਰਾ ਫੂਲ ਤੋਂ ਉਨ੍ਹਾਂ ਦੀ ਚੋਣ ਲੜਨ ਦੀ ਤਿਆਰੀ ਨਾਲ ਹੁਣ ਇਸ ਹਲਕੇ ਵਿਚ ਮੁਕਾਬਲਾ ਰੌਚਕ ਹੋ ਗਿਆ ਹੈ, ਜਿੱਥੇ ਉਨ੍ਹਾਂ ਦੀ ਸਿੱਧੀ ਟੱਕਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨਾਲ ਹੋਵੇਗੀ। ਇਸੇ ਦੌਰਾਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਨੂੰ ਇੰਚਾਰਜ ਬਣਾਇਆ ਹੈ ਅਤੇ ਸਮਰਾਲਾ ਹਲਕੇ ਤੋਂ ਬਰਜਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਹੈ। ਇਸੇ ਤਰ੍ਹਾਂ ਹਲਕਾ ਜੰਡਿਆਲਾ ਤੋਂ ਐਡਵੋਕੇਟ ਦਿਲਸ਼ੇਰ ਸਿੰਘ ਨੂੰ ਇੰਚਾਰਜ ਬਣਾਇਆ ਗਿਆ ਹੈ।

