
ਹਵਾਈ ਈਂਧਣ ਦੀਆਂ ਕੀਮਤਾਂ ’ਚ 6 ਰੁਪਏ 28 ਪੈਸੇ ਪ੍ਰਤੀ ਲੀਟਰ ਦਾ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਰੋਤਾਂ ਅਨੁਸਾਰ ਘਰੇਲੂ ਏਅਰਲਾਈਨਾਂ ਲਈ ਏਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਵਿਚ 5.46 ਫੀਸਦੀ, ਯਾਨੀ 6 ਰੁਪਏ 28 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਹਵਾਈ ਈਂਧਣ ਦੀ ਕੀਮਤ 115 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 121 ਰੁਪਏ 28 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਤੇਲ ਕੰਪਨੀਆਂ ਵਲੋਂ ਹਵਾਈ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿਚ ਹੋਏ ਇਸ ਵਾਧੇ ਨਾਲ ਘਰੇਲੂ ਏਅਰਲਾਈਨਾਂ ਦਾ ਖਰਚਾ ਵਧੇਗਾ, ਜਿਸਦਾ ਸਿੱਧਾ ਅਸਰ ਹਵਾਈ ਕਿਰਾਇਆਂ ’ਤੇ ਪੈ ਸਕਦਾ ਹੈ ਅਤੇ ਟਿਕਟਾਂ ਮਹਿੰਗੀਆਂ ਹੋ ਸਕਦੀਆਂ ਹਨ। ਹਾਲਾਂਕਿ, ਟਿਕਟਾਂ ਦੀਆਂ ਕੀਮਤਾਂ ਵਿਚ ਬਦਲਾਅ ਯਾਤਰੀਆਂ ਦੀ ਮੰਗ, ਏਅਰਲਾਈਨਾਂ ਵਿਚਕਾਰ ਮੁਕਾਬਲੇ ਅਤੇ ਉਪਬਲਧ ਸੀਟਾਂ ’ਤੇ ਵੀ ਨਿਰਭਰ ਕਰੇਗਾ। ਦੱਸਣਯੋਗ ਹੈ ਕਿ ਭਾਰਤ ਵਿਚ ਕਿਸੇ ਵੀ ਏਅਰਲਾਈਨ ਦੇ ਕੁੱਲ ਸੰਚਾਲਣ ਖਰਚੇ ਦਾ ਕਰੀਬ 35 ਤੋਂ 40 ਫੀਸਦੀ ਹਿੱਸਾ ਸਿਰਫ ਹਵਾਈ ਈਂਧਣ ’ਤੇ ਹੀ ਖਰਚ ਹੁੰਦਾ ਹੈ। ਇਸ ਤੋਂ ਪਹਿਲਾਂ 1 ਅਗਸਤ ਨੂੰ ਵੀ ਏਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ, ਜਦੋਂ ਕਿ ਜੁਲਾਈ ਮਹੀਨੇ ਵਿਚ 5 ਰੁਪਏ ਦੀ ਕਟੌਤੀ ਕੀਤੀ ਗਈ ਸੀ।

