
ਜਥੇਦਾਰ ਗੜਗੱਜ ਨੇ ਕਿਹਾ : ਕਿਸੇ ਵੀ ਚੈਨਲ ਜਾਂ ਸੰਸਥਾ ਨੂੰ ਮਨਮਰਜ਼ੀ ਕਰਨ ਦਾ ਅਧਿਕਾਰ ਨਹੀਂ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਸਬੰਧ ਵਿਚ ਕਿਸੇ ਵੀ ਨਿੱਜੀ ਚੈਨਲ ਜਾਂ ਸੰਸਥਾ ਨੂੰ ਆਪਣੀ ਮਨਮਰਜ਼ੀ ਨਾਲ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਜਥੇਦਾਰ ਨੇ ਕਿਹਾ ਹੈ ਕਿ, ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ‘ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਕੋਲ ਹੀ ਇਸ ਮਾਮਲੇ ਨਾਲ ਸਬੰਧਤ ਸਾਰੇ ਪ੍ਰਬੰਧਾਂ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸੰਭਾਲਣ ਦਾ ਇਕਲੌਤਾ ਜਾਇਜ਼ ਅਧਿਕਾਰ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਗੁਰਬਾਣੀ ਪੂਰੀ ਮਾਨਵਤਾ ਦੇ ਕਲਿਆਣ ਲਈ ਹੈ, ਪਰ ਇਸਦੇ ਪ੍ਰਬੰਧ, ਮਰਿਆਦਾ ਅਤੇ ਸਨਮਾਨ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਐਸਜੀਪੀਸੀ ਦੀ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜਦੋਂ ਕੋਈ ਵੀ ਚੈਨਲ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸ਼ੋ੍ਰਮਣੀ ਕਮੇਟੀ ਕੋਲੋਂ ਆਗਿਆ ਲੈਣੀ ਹੋਵੇਗੀ। ਬਿਨਾ ਆਗਿਆ ਜਾਂ ਜਬਰਨ ਕੀਤਾ ਜਾਣ ਵਾਲਾ ਪ੍ਰਸਾਰਣ ਪੂਰੀ ਤਰ੍ਹਾਂ ਨਾਲ ਅਣਉਚਿਤ ਹੈ।

