
ਭੂਪੇਸ਼ ਬਘੇਲ ਨੇ ਕਿਹਾ : ਦੋ ਦਿਨਾਂ ਵਿਚ ਸਭ ਦੱਸ ਦਿਆਂਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਾਸਾਨ ਮਚਿਆ ਹੋਇਆ ਹੈ। ਇਸਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਰੁੱਪ ਨੇ ਵੱਡਾ ਦਾਅਵਾ ਕਰ ਦਿੱਤਾ ਹੈ। ਚੰਨੀ ਗਰੁੱਪ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਹਾਈਕਮਾਨ ਨੂੰ ਗੁੰਮਰਾਹ ਕੀਤਾ ਹੈ ਅਤੇ ਪੰਜਾਬ ਦੀ ਸਹੀ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰੱਖੀ ਗਈ ਹੈ। ਚੰਨੀ ਗਰੁੱਪ ਵਲੋਂ ਬਘੇਲ ਦੀ ਮੀਟਿੰਗ ਦਾ ਬਾਈਕਾਟ ਕਰਨ ਦੇ ਪਿੱਛੇ ਵੀ ਇਹੀ ਕਹਾਣੀ ਸਾਹਮਣੇ ਆ ਰਹੀ ਹੈ। ਚੰਨੀ ਗਰੁੱਪ ਨਾਲ ਜੁੜੇ ਇਕ ਆਗੂ ਦਾ ਕਹਿਣਾ ਹੈ ਕਿ ਬਘੇਲ ਕੋਲੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਉਮੀਦ ਹੀ ਨਹੀਂ ਤਾਂ ਫਿਰ ਮੁਲਾਕਾਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸੇ ਦੌਰਾਨ ਬਘੇਲ ਨੇ ਕਿਹਾ ਕਿ ਮੈਨੂੰ ਦੋ ਦਿਨ ਕੰਮ ਕਰਨ ਦਿਓ, ਸਾਰਾ ਕੁਝ ਦੱਸ ਦਿਆਂਗਾ। ਬਘੇਲ ਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਚਾਹ ਦੇ ਲਈ ਵੀ ਬੁਲਾਏਗਾ ਤਾਂ ਮੈਂ ਉਨ੍ਹਾਂ ਦੇ ਘਰ ਵੀ ਚਲਾ ਜਾਵਾਂਗਾ। ਉਧਰ ਦੂਜੇ ਪਾਸੇ ਸਾਬਕਾ ਸੀਐਮ ਚੰਨੀ ਵੀ ਰਾਜਾ ਵੜਿੰਗ ਦੀਆਂ ਬਿਆਨਬਾਜ਼ੀਆਂ ਦਾ ਡੋਜ਼ੀਅਰ ਲੈ ਕੇ ਦਿੱਲੀ ਪਹੁੰਚੇ ਹੋਏ ਹਨ। ਚੰਨੀ ਨੂੰ ਹੁਣ ਤੱਕ ਇਕ ਸੰਸਦ ਮੈਂਬਰ ਅਤੇ 6 ਵਿਧਾਇਕਾਂ ਦਾ ਸਮਰਥਨ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਦੀ ਸੂਬਾ ਪ੍ਰਧਾਨਗੀ ਬਰਕਰਾਰ ਰੱਖੀ ਹੈ ਅਤੇ ਪੰਜਾਬ ਕਾਂਗਰਸ ਦਾ ਇਕ ਵੱਡਾ ਧੜਾ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਿਚ ਕੰਮ ਕਰਨਾ ਚਾਹੁੰਦਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਕਲੇਸ਼ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।

