
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 91 ਹੋਰ ਜ਼ਖ਼ਮੀ ਹੋ ਗਏ ਹਨ। ਇਹ ਇਸ ਸਾਲ ਦਾ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਹੋਇਆ ਸਭ ਤੋਂ ਘਾਤਕ ਹਮਲਾ ਹੈ। ਇਸ ਹਮਲੇ ਕਾਰਨ 130 ਤੋਂ ਵੱਧ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਕੀਵ ਦੇ ਫੌਜੀ ਪ੍ਰਸ਼ਾਸ਼ਨ ਦੇ ਮੁਖੀ ਤਿਮੁਰ ਤਚੇਂਕੋ ਨੇ ਦੱਸਿਆ ਕਿ ਰਾਹਤ ਕਾਰਜ ਲਗਾਤਾਰ ਜਾਰੀ ਹਨ ਅਤੇ ਮਲਬੇ ਹੇਠਾਂ ਕਈ ਵਿਅਕਤੀਆਂ ਦੇ ਦਬੇ ਹੋਣ ਦਾ ਖਦਸ਼ਾ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ, ਜੋ ਆਪਣਾ ਆਇਰਲੈਂਡ ਦਾ ਦੌਰਾ ਅੱਧ ਵਿਚਾਲੇ ਛੱਡ ਕੇ ਵਾਪਸ ਪਰਤੇ ਅਤੇ ਉਨ੍ਹਾਂ ਨੇ ਤਬਾਹੀ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਵਿਆਪਕ ਤਬਾਹੀ ਲਈ ਸਹਿਯੋਗੀ ਦੇਸ਼ਾਂ ਵਲੋਂ ਸਮੇਂ-ਸਿਰ ਹਵਾਈ ਸੁਰੱਖਿਆ ਪ੍ਰਣਾਲੀਆਂ ਪ੍ਰਦਾਨ ਕਰਨ ਵਿਚ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇ ਭਾਈਵਾਲਾਂ ਨੇ ਆਪਣੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਹੁੰਦੇ ਤਾਂ ਅੱਜ ਅਸੀਂ ਜਾਨਾਂ ਬਚਾ ਸਕਦੇ ਸੀ। ਉਧਰ ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਵੱਡੇ ਪੱਧਰ ਦਾ ਹਮਲਾ ਫੌਜੀ ਟਿਕਾਣਿਆਂ, ਊਰਜਾ ਸਹੂਲਤਾਂ ਅਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣਾ ਸੀ।

