ਹਮਲਾ ਕਰਨ ਵਾਲੇ ਦੀ ਪਛਾਣ ਗੁਜਰਾਤ ਦੇ ਰਾਜਕੋਟ ਵਾਸੀ ਵਜੋਂ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਅੱਜ ਬੁੱਧਵਾਰ ਸਵੇਰੇ ਸੀਐਮ ਹਾਊਸ ’ਚ ਜਨਤਕ ਸੁਣਵਾਈ ਦੌਰਾਨ ਹੋਈ ਹੈ। ਇਸ ਹਮਲੇ ਦੀ ਪੁਸ਼ਟੀ ਕਰਦੇ ਹੋਏ ਦਿੱਲੀ ਸੀਐਮ ਦਫਤਰ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਕਿ ਅੱਜ ਜਨਤਕ ਸੁਣਵਾਈ ਦੌਰਾਨ ਇਕ ਵਿਅਕਤੀ ਨੇ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕੀਤਾ ਅਤੇ ਦਿੱਲੀ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਵਿਅਕਤੀ ਨੇ ਆਪਣਾ ਨਾਮ ਰਾਜੇਸ਼ ਭਾਈ ਖਿਮਜੀ ਦੱਸਿਆ ਹੈ ਅਤੇ ਇਹ ਵਿਅਕਤੀ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਦੋਸ਼ੀ ਵਿਅਕਤੀ ਨੇ ਮੁੱਖ ਮੰਤਰੀ ਦਾ ਹੱਥ ਫੜ ਕੇ ਖਿੱਚਿਆ। ਇਸ ਦੌਰਾਨ ਮੁੱਖ ਮੰਤਰੀ ਦਾ ਸਿਰ ਇਕ ਮੇਜ਼ ਵਿਚ ਲੱਗ ਗਿਆ, ਜਿਸ ਕਰਕੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਅਕਤੀ ਦਾ ਇਕ ਰਿਸ਼ਤੇਦਾਰ ਜੇਲ੍ਹ ਵਿਚ ਹੈ, ਜਿਸਦੀ ਰਿਹਾਈ ਲਈ ਉਹ ਦਿੱਲੀ ਦੀ ਮੁੱਖ ਮੰਤਰੀ ਕੋਲ ਪਟੀਸ਼ਨ ਲੈ ਕੇ ਪਹੁੰਚਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਦੋਸ਼ੀ ਵਿਅਕਤੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਥੱਪੜ ਵੀ ਮਾਰਿਆ ਹੈ, ਪਰ ਭਾਜਪਾ ਨੇ ਇਸ ਗੱਲ ਨੂੰ ਗਲਤ ਦੱਸਿਆ ਹੈ।