
ਇੰਦਰਾ ਗਾਂਧੀ ਨੂੰ ਛੱਡਿਆ ਪਿੱਛੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਦੇਸ਼ ਦੇ ਇਤਿਹਾਸ ਵਿਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰਿਕਾਰਡ ਵੀ ਤੋੜਿਆ ਹੈ। ਦੱਸਣਯੋਗ ਹੈ ਕਿ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ। ਨਰਿੰਦਰ ਮੋਦੀ ਦੀ ਉਮਰ 74 ਸਾਲ ਹੋ ਗਈ ਹੈ ਅਤੇ ਉਨ੍ਹਾਂ ਨੇ 26 ਮਈ 2014 ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਹੁਣ ਤੱਕ ਕੁੱਲ 11 ਸਾਲ 60 ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਗਾਤਾਰ 11 ਸਾਲ 59 ਦਿਨ ਅਹੁਦਾ ਸੰਭਾਲਿਆ ਸੀ। ਇੰਦਰਾ ਗਾਂਧੀ ਨੇ 24 ਜਨਵਰੀ 1966 ਤੋਂ 24 ਮਾਰਚ 1977 ਤੱਕ ਭਾਰਤ ਦੀ ਪ੍ਰਧਾਨ ਮੰਤਰੀ ਵਜੋਂ ਸਰਵਉਚ ਅਹੁਦਾ ਸੰਭਾਲਿਆ ਸੀ। ਧਿਆਨ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ 15 ਅਗਸਤ 1947 ਤੋਂ 27 ਮਈ 1964 ਤੱਕ 16 ਸਾਲ 286 ਦਿਨਾਂ ਤੱਕ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦਾ ਰਿਕਾਰਡ ਹੈ।

