ਕਰਮਜੀਤ ਅਨਮੋਲ, ਹੰਸ ਰਾਜ ਹੰਸ ਅਤੇ ਮੁਹੰਮਦ ਸਦੀਕ ਹੋ ਸਕਦੇ ਹਨ ਆਹਮੋ-ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਹੰਸ ਰਾਜ ਹੰਸ ਨੂੰ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਚੱਲਦਿਆਂ ਫਰੀਦਕੋਟ ਤੋਂ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਵਲੋਂ ਫਿਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਹੀ ਚੋਣ ਲੜਨ ਦੀ ਦਿਲਚਸਪੀ ਦਿਖਾਈ ਜਾ ਰਹੀ ਹੈ। ਜੇਕਰ ਭਾਜਪਾ ਨੇ ਹੰਸ ਰਾਜ ਹੰਸ ਅਤੇ ਕਾਂਗਰਸ ਨੇ ਮੁਹੰਮਦ ਸਦੀਕ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾ ਦਿੱਤਾ ਤਾਂ ਇਥੇ ਤਿੰਨਾਂ ਕਲਾਕਾਰਾਂ ਵਿਚ ਚੋਣ ਮੁਕਾਬਲਾ ਸਭ ਤੋਂ ਦਿਲਚਸਪ ਹੋਏਗਾ। ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਸੰਸਦ ਮੈਂਬਰ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਹੁਣ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਹੰਸ ਰਾਜ ਹੰਸ ਜਲੰਧਰ ਨਾਲ ਸਬੰਧਤ ਹਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਦਿੱਲੀ ਤੋਂ ਚੋਣ ਜਿੱਤੀ ਸੀ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵਲੋਂ ਆਪਣਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।