
ਹਿਸਾਰ ਨੇੜੇ ਵੀ ਸੜਕ ਹਾਦਸੇ ’ਚ 4 ਨੌਜਵਾਨਾਂ ਦੀ ਗਈ ਜਾਨ
ਮੰਡੀ ਅਹਿਮਦਗੜ੍ਹ/ਬਿਊਰੋ ਨਿਊਜ਼
ਮੰਡੀ ਅਹਿਮਦਗੜ੍ਹ ਦੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਨਾਲ ਮਾਣਕਵਾਲ ਪਿੰਡ ਦੇ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਨੂੰ ਲੈ ਕੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ’ਚ ਸੋਗ ਦੀ ਲਹਿਰ ਹੈ। ਮਿ੍ਰਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਅਕਾਸ਼ਦੀਪ ਸਿੰਘ (8) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ ਅਤੇ 5 ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਦੱਸਿਆ ਗਿਆ ਕਿ ਦਲਿਤ ਪਰਿਵਾਰਾਂ ਨਾਲ ਸਬੰਧਤ ਇਹ ਵਿਅਕਤੀ ਇਕ ਟੈਂਪੂ ਰਾਹੀਂ ਧਾਰਮਿਕ ਸਥਾਨ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਟੈਂਪੂ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ। ਉਧਰ ਦੂਜੇ ਪਾਸੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਵੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਅਗਰੋਹਾ ਦੇ ਨੰਗਥਲਾ ਪਿੰਡ ਨੇੜੇ ਵਾਪਰਿਆ, ਜਿੱਥੇ ਇੱਕ ਕਰੇਟਾ ਕਾਰ ਅਤੇ ਖਾਦ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

