ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਸੰਕਟ ਵਿਚ ਘਿਰਿਆ ਨਜ਼ਰ ਆ ਰਿਹਾ ਹੈ। ਸਮੇਂ ਦੇ ਬੀਤਣ ਨਾਲ ਇਹ ਸੰਕਟ ਹੋਰ ਵੀ ਗਹਿਰਾਉਂਦਾ ਜਾ ਰਿਹਾ ਹੈ। ਦਹਾਕਿਆਂ ਤੋਂ ਪੰਜਾਬ ਵਿਚ ਅਕਾਲੀ ਦਲ ਦਾ ਵੱਡਾ ਪ੍ਰਭਾਵ ਬਣਿਆ ਰਿਹਾ ਹੈ। ਸੂਬੇ ਦੇ ਹਰ ਖੇਤਰ ਵਿਚ ਇਸ ਦਾ ਵੱਡਾ ਯੋਗਦਾਨ ਰਿਹਾ ਹੈ। ਸੰਘਰਸ਼ਾਂ ‘ਚੋਂ ਉਪਜੀ ਇਹ ਪਾਰਟੀ ਸਿੱਖ ਭਾਈਚਾਰੇ ਦੇ ਰਾਜਨੀਤਕ ਤੇ ਧਾਰਮਿਕ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਆਪਣੇ ਸੂਬੇ ਦੇ ਵਿਕਾਸ ਵਿਚ ਲਗਾਤਾਰ ਵੱਡਾ ਯੋਗਦਾਨ ਪਾਉਂਦੀ ਰਹੀ ਹੈ। 1966 ‘ਚ ਨਵਾਂ ਪੰਜਾਬ ਹੋਂਦ ‘ਚ ਆਉਣ ਤੋਂ ਬਾਅਦ ਇਸ ਦੀ ਸਿਆਸੀ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿਚ ਵੱਡੀ ਸ਼ਮੂਲੀਅਤ ਰਹੀ ਹੈ। ਸਮੇਂ-ਸਮੇਂ ਇਸ ਵਿਚ ਕੱਦਾਵਰ ਆਗੂ ਉੱਭਰਦੇ ਰਹੇ ਹਨ, ਜਿਨ੍ਹਾਂ ਵਿਚੋਂ ਬਾਬਾ ਖੜਕ ਸਿੰਘ, ਮਾ. ਤਾਰਾ ਸਿੰਘ, ਸੰਤ ਫ਼ਤਹਿ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਆਦਿ ਨੇ ਆਪਣਾ ਵੱਡਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਦੇ ਪੰਥ ਅਤੇ ਭਾਈਚਾਰੇ ਲਈ ਵੱਡੇ ਯੋਗਦਾਨ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਚਾਹੇ ਉਹ ਆਪਣੇ ਸਮੇਂ ਕਈ ਤਰ੍ਹਾਂ ਦੇ ਵਿਵਾਦਾਂ ਵਿਚ ਵੀ ਘਿਰਦੇ ਰਹੇ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਵੀ ਵੱਡੀਆਂ ਮੰਨੀਆਂ ਜਾਂਦੀਆਂ ਰਹੀਆਂ ਹਨ।
ਸ. ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਨਾਂਅ ਦੇਸ਼ ਦੇ ਵੱਡੇ ਆਗੂਆਂ ਵਿਚ ਸ਼ੁਮਾਰ ਕੀਤਾ ਜਾਂਦਾ ਰਿਹਾ ਹੈ। ਆਪਣੇ ਕਾਰਜਕਾਲਾਂ ਵਿਚ ਉਨ੍ਹਾਂ ਸਾਹਮਣੇ ਅਨੇਕਾਂ ਚੁਣੌਤੀਆਂ ਪੇਸ਼ ਆਈਆਂ ਪਰ ਉਹ ਦ੍ਰਿੜ੍ਹਤਾ, ਸਿਦਕ ਤੇ ਵਿਸ਼ਵਾਸ ਨਾਲ ਉਨ੍ਹਾਂ ਦਾ ਮੁਕਾਬਲਾ ਕਰਦੇ ਰਹੇ। ਆਪਣੇ ਸਿਆਸੀ ਜੀਵਨ ਵਿਚ ਜਿੱਥੇ ਉਨ੍ਹਾਂ ਨੂੰ ਵੱਡੀਆਂ ਜਿੱਤਾਂ ਪ੍ਰਾਪਤ ਹੋਈਆਂ, ਉੱਥੇ ਉਨ੍ਹਾਂ ਨੂੰ ਨਾਮੋਸ਼ੀਜਨਕ ਹਾਰਾਂ ਦਾ ਵੀ ਮੂੰਹ ਵੇਖਣਾ ਪਿਆ, ਪਰ ਆਪਣੇ ਸਮਾਜ ਨਾਲ ਉਨ੍ਹਾਂ ਦੀ ਪ੍ਰਤੀਬੱਧਤਾ ਹਮੇਸ਼ਾ ਬਣੀ ਰਹੀ। ਉਹ ਸਿਦਕਵਾਨ ਸਨ, ਇਸ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮਾਣ ਅਤੇ ਸਨਮਾਨ ਵੀ ਮਿਲਦੇ ਰਹੇ। ਸ੍ਰੀ ਅਕਾਲ ਤਖ਼ਤ ਵਲੋਂ ਵੀ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਸੀ। ਆਪਣੇ ਲੰਬੇ ਸਿਆਸੀ ਜੀਵਨ ਅਤੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਰਹੇ ਹੋਣ ਕਾਰਨ ਉਨ੍ਹਾਂ ਦੀਆਂ ਆਪਣੀਆਂ ਅਨੇਕਾਂ ਸੀਮਾਵਾਂ ਵੀ ਰਹੀਆਂ ਹਨ। ਉਸ ਸਮੇਂ ਦੌਰਾਨ ਉਨ੍ਹਾਂ ਦੇ ਕਈ ਕੰਮਾਂ ਦੀ ਸਖ਼ਤ ਆਲੋਚਨਾ ਵੀ ਹੋਈ ਅਤੇ ਵੱਡੀ ਪੱਧਰ ‘ਤੇ ਉਨ੍ਹਾਂ ਦਾ ਵਿਰੋਧ ਵੀ ਹੁੰਦਾ ਰਿਹਾ, ਪਰ ਸ. ਬਾਦਲ ਦੀ ਆਪਣੇ ਸਮਾਜ ਲਈ ਭਰਪੂਰ ਦੇਣ ਤੋਂ ਵੀ, ਕਿਸੇ ਵੀ ਤਰ੍ਹਾਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਬਿਨਾਂ ਸ਼ੱਕ ਉਨ੍ਹਾਂ ਦੀ ਹਿਆਤੀ ਦੇ ਸਮੇਂ ਤੋਂ ਹੀ ਅਕਾਲੀ ਦਲ ਦਾ ਜਵਾਲ ਸ਼ੁਰੂ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਪ੍ਰਭਾਵ ਅਖ਼ੀਰ ਤਕ ਬਣਿਆ ਰਿਹਾ। ਉਨ੍ਹਾਂ ਦੇ ਸਮੇਂ ਤੋਂ ਹੀ ਅਤੇ ਉਨ੍ਹਾਂ ਤੋਂ ਬਾਅਦ ਸਿਆਸੀ ਤੌਰ ‘ਤੇ ਲਗਾਤਾਰ ਮਿਲੀਆਂ ਹਾਰਾਂ ਕਰਕੇ ਪਾਰਟੀ ਅਤੇ ਇਸ ਦੀ ਲੀਡਰਸਪਿ ਵਿਚ ਵੱਡਾ ਬਿਖਰਾਅ ਸ਼ੁਰੂ ਹੋ ਗਿਆ ਸੀ।
ਅਜਿਹੇ ਸਮੇਂ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਲੀਡਰਸ਼ਿਪ ਅਤੇ ਪਾਰਟੀ ਦੇ ਸਮਰਥਕ ਹੋਰ ਵਰਗਾਂ ਨਾਲ ਸੰਬੰਧਿਤ ਆਗੂ ਮਿਲ ਕੇ ਬੈਠਦੇ, ਸਾਹਮਣੇ ਪੇਸ਼ ਚੁਣੌਤੀਆਂ ਸੰਬੰਧੀ ਵਿਚਾਰ-ਵਟਾਂਦਰਾ ਕਰਦੇ, ਉਨ੍ਹਾਂ ਦੇ ਸਰਬ ਪ੍ਰਵਾਨਿਤ ਹੱਲ ਲੱਭਣ ਲਈ ਯਤਨਸ਼ੀਲ ਹੁੰਦੇ, ਪਰ ਅਜਿਹਾ ਸੰਭਵ ਨਾ ਹੋ ਸਕਿਆ ਤੇ ਨਾ ਹੀ ਏਕਤਾ ਅਤੇ ਸਾਂਝੀ ਰਾਇ ਬਣਾਉਣ ਦੇ ਕੀਤੇ ਗਏ ਯਤਨ ਹੀ ਸਫ਼ਲ ਹੋ ਸਕੇ। ਅੱਜ ਬਹੁਤ ਸਾਰੇ ਹਊਮੈ-ਗ੍ਰਸਤ ਆਗੂਆਂ ਕਰਕੇ ਅਕਾਲੀ ਦਲ ਬੁਰੀ ਤਰ੍ਹਾਂ ਖਿੰਡਰ-ਪੁੰਡਰ ਗਿਆ ਹੈ। ਇਸ ਦੀ ਆਤਮਿਕ ਸ਼ਕਤੀ ਵੀ ਕਮਜ਼ੋਰ ਪੈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਗਏ ਆਦੇਸ਼ ਵੀ ਲੀਡਰਸਪਿ ‘ਤੇ ਆਪਣਾ ਪ੍ਰਭਾਵ ਨਹੀਂ ਬਣਾ ਸਕੇ, ਜਿਸ ਕਾਰਨ ਇਸ ਨਾਲ ਭਾਵੁਕ ਤੌਰ ‘ਤੇ ਜੁੜੇ ਰਹੇ ਵੱਡੀ ਗਿਣਤੀ ‘ਚ ਲੋਕਾਂ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਹੈ। ਅਜਿਹੀ ਨਿਰਾਸ਼ਾ ‘ਚੋਂ ਹੀ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਪਦ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ, ਜਿਸ ਵਿਚ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਹਿਆ ਜਾਣਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਨਵੇਂ ਮੈਂਬਰ ਭਰਤੀ ਕਰਨ ਲਈ ਬਣਾਈ ਗਈ ਕਮੇਟੀ ਦੇ ਕੰਮ ਨਾ ਕਰ ਸਕਣ, ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਨੂੰ ਹੋਰ ਗਹਿਰਾ ਕੀਤਾ ਹੈ।
ਬਿਨਾਂ ਸ਼ੱਕ ਸਮੇਂ ਦੀ ਅਕਾਲੀ ਲੀਡਰਸ਼ਿਪ ਆਪਣੇ ਬਣਦੇ ਫਰਜ਼ਾਂ ਨੂੰ ਨਿਭਾਅ ਸਕਣ ਤੋਂ ਅਸਮਰੱਥ ਰਹੀ ਹੈ। ਇਸ ਸਮੇਂ ਅਕਾਲੀ ਦਲ ਨੂੰ ਪੈਦਾ ਹੋਈ ਅਜਿਹੀ ਨਿਰਾਸ਼ਾਜਨਕ ਸਥਿਤੀ ਵਿਚੋਂ ਉੱਭਾਰਨਾ ਜ਼ਰੂਰੀ ਹੋਵੇਗਾ। ਅਜਿਹਾ ਸਾਰੇ ਸੰਬੰਧਿਤ ਆਗੂਆਂ ਵਲੋਂ ਆਪਣੇ ਪਾਲੇ ਹਿੱਤਾਂ ਨੂੰ ਛੱਡ ਕੇ ਇਕ ਸਾਂਝੇ ਮੰਚ ‘ਤੇ ਇਕੱਠੇ ਹੋਣ ਦੀ ਭਾਵਨਾ ਨਾਲ ਹੀ ਸੰਭਵ ਹੋ ਸਕਦਾ ਹੈ। ਅਜਿਹਾ ਸਾਂਝਾ ਮੰਚ ਹੀ ਇਸ ਪਾਰਟੀ ਦੀ ਮੁੜ ਸੁਰਜੀਤੀ ਲਈ ਇਕ ਲਹਿਰ ਬਣਾਉਣ ਦੇ ਸਮਰੱਥ ਹੋ ਸਕਦਾ ਹੈ।
Check Also
ਗੈਰ-ਕਾਨੂੰਨੀ ਪਰਵਾਸ
ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 104 ਭਾਰਤੀਆਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਹਥਕੜੀਆਂ ਵਿਚ ਜਕੜ ਕੇ …