Breaking News
Home / ਪੰਜਾਬ / ਅਕਾਲੀ ਲੀਡਰਸ਼ਿਪ ਦੇ ਅਸਤੀਫਿਆਂ ਦੇ ਮਾਮਲੇ ‘ਚ 20 ਦਿਨਾਂ ਦੀ ਮੋਹਲਤ

ਅਕਾਲੀ ਲੀਡਰਸ਼ਿਪ ਦੇ ਅਸਤੀਫਿਆਂ ਦੇ ਮਾਮਲੇ ‘ਚ 20 ਦਿਨਾਂ ਦੀ ਮੋਹਲਤ

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ
ਤਲਵੰਡੀ ਸਾਬੋ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਤਲਵੰਡੀ ਸਾਬੋ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਹੋਰਨਾਂ ਪਾਰਟੀ ਅਹੁਦੇਦਾਰਾਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਸਵੀਕਾਰ ਕਰਕੇ ਰਿਪੋਰਟ ਦੇਣ ਦੇ ਮਾਮਲੇ ਵਿੱਚ ਪਾਰਟੀ ਨੂੰ ਅਕਾਲ ਤਖ਼ਤ ਸਾਹਿਬ ਤੋਂ 20 ਦਿਨਾਂ ਦੀ ਮੋਹਲਤ ਮਿਲ ਚੁੱਕੀ ਹੈ।
ਭੂੰਦੜ ਧਾਰਮਿਕ ਸੇਵਾ ਨਿਭਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਹੋਏ ਸਨ। ਜਦ ਉਨ੍ਹਾਂ ਨੂੰ ਮੀਡੀਆ ਨੇ ਅਕਾਲੀ ਲੀਡਰਸ਼ਿਪ ਦੇ ਅਸਤੀਫਿਆਂ ਸਬੰਧੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਹੁਕਮ ਦੀ ਪਾਲਣਾ ਨਾ ਕਰਨ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਅਸਤੀਫਿਆਂ ਦੇ ਮਾਮਲੇ ਵਿੱਚ ਸਮੁੱਚੀ ਪ੍ਰਕਿਰਿਆ ਦੇ ਪਾਲਣ ਲਈ 20 ਦਿਨਾਂ ਦੀ ਮੋਹਲਤ ਮੰਗੀ ਗਈ ਸੀ, ਜੋ ਸਿੰਘ ਸਾਹਿਬ ਵੱਲੋਂ ਦੇ ਦਿੱਤੀ ਗਈ ਹੈ ਅਤੇ ਹੁਣ ਉਸ ਸਮੇਂ ਦੌਰਾਨ ਅਗਲਾ ਫੈਸਲਾ ਲੈ ਲਿਆ ਜਾਵੇਗਾ। ਭੂੰਦੜ ਨੇ ਇਸ ਮੌਕੇ ਸੂਬਾ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਕਰਵਾਉਣ ਲਈ ਐਲਾਨੀ ਤਰੀਕ ‘ਤੇ ਇਤਰਾਜ਼ ਪ੍ਰਗਟਾਉਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ 15 ਦਸੰਬਰ ਤੋਂ ਬਾਅਦ ਸ਼ਹੀਦੀ ਪੰਦਰਵਾੜਾ ਮਨਾਉਂਦੀ ਹੈ। ਇਸ ਲਈ ਅਜਿਹੇ ਸਮੇਂ ਵਿੱਚ ਚੋਣਾਂ ਕਰਵਾਉਣੀਆਂ ਜਾਇਜ਼ ਨਹੀਂ।
ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਚੋਣ ਤਰੀਕਾਂ ਵਿੱਚ ਬਦਲਾਅ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਮੋਹਨ ਸਿੰਘ ਬੰਗੀ, ਭਾਈ ਗੁਰਪ੍ਰੀਤ ਸਿੰਘ ਝੱਬਰ, ਮੇਜਰ ਸਿੰਘ ਢਿੱਲੋਂ ਅਤੇ ਭਾਈ ਸੁਰਜੀਤ ਸਿੰਘ ਰਾਏਪੁਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ ਮੌਜੂਦ ਸਨ।

Check Also

‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …