ਕਾਂਗਰਸੀ ਉਮੀਦਵਾਰ ਵੜਿੰਗ 20,0942 ਵੋਟਾਂ ਨਾਲ ਜਿੱਤੇ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 20,942 ਵੋਟਾਂ ਨਾਲ ਚੋਣ ਜਿੱਤ ਗਏ ਹਨ। ਵੜਿੰਗ ਨੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਸਵੇਰ ਤੋਂ ਹੀ ਲੀਡ ਹਾਸਲ ਕੀਤੀ ਰੱਖੀ। ਲੁਧਿਆਣਾ ਹਲਕੇ ਵਿਚੋਂ ਰਾਜਾ ਵੜਿੰਗ ਨੂੰ 3,22,224 ਵੋਟਾਂ ਪਈਆਂ, ਜਦਕਿ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 3,01,282 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ 2,37,077 ਵੋਟਾਂ ਪਈਆਂ, ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ 90,220 ਵੋਟਾਂ ਪਈਆਂ। ਲੁਧਿਆਣਾ ਵਿੱਚ 43 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚੋਂ ਇੱਕ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਨੂੰ 42,500 ਵੋਟਾਂ ਪਈਆਂ। ਬਾਕੀ ਸਾਰੇ ਹੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਬਸਪਾ ਉਮੀਦਵਾਰ ਦਵਿੰਦਰ ਸਿੰਘ ਰਾਮਗੜ੍ਹੀਆ ਨੂੰ 10394 ਵੋਟਾਂ ਪਈਆਂ। ਸ਼ੁਰੂਆਤ ਵਿੱਚ ਇੱਕ ਹਜ਼ਾਰ ਦੇ ਕਰੀਬ ਵੋਟਾਂ ਨਾਲ ਲੀਡ ਦਰਜ ਕਰਨ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਲੀਡ ਨੂੰ ਬਰਕਰਾਰ ਰੱਖਣ ‘ਚ ਕਾਮਯਾਬ ਰਹੇ। ਰਾਜਾ ਵੜਿੰਗ ਦੇ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਰੱਜ ਕੇ ਖੁਸ਼ੀ ਮਨਾਈ। ਉਨ੍ਹਾਂ ਕਈ ਥਾਈਂ ਲੱਡੂ ਵੰਡ ਕੇ ਜਿੱਤਣ ਦਾ ਚਾਅ ਪੂਰਾ ਕੀਤਾ।