Breaking News
Home / ਪੰਜਾਬ / ‘ਭਾਜਪਾ ਦਾ ਪਿੰਡਾਂ ‘ਚ ਆਉਣਾ ਬੰਦ’ ਦੇ ਲੱਗਣ ਲੱਗੇ ਫਲੈਕਸ

‘ਭਾਜਪਾ ਦਾ ਪਿੰਡਾਂ ‘ਚ ਆਉਣਾ ਬੰਦ’ ਦੇ ਲੱਗਣ ਲੱਗੇ ਫਲੈਕਸ

ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀਆਂ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਜਥੇਬੰਦੀਆਂ ਨੇ ਭਾਜਪਾ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਇਸੇ ਤਹਿਤ ਲੋਕ ਸਭਾ ਹਲਕਾ ਫਰੀਦਕੋਟ ਤੇ ਵਿਧਾਨ ਸਭਾ ਹਲਕਾ ਗਿੱਦੜਬਹਾ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਦਾਖ਼ਲ ਨਾ ਹੋਣ ਦੀ ਚਿਤਾਵਨੀ ਵਾਲੇ ਫਲੈਕਸ ਬੋਰਡ ਲਾਏ ਹੋਏ ਹਨ। ਪਿੰਡ ਦੌਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਆਗੂ ਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਦੌਲਾ, ਨਿਰਮਲ ਸਿੰਘ, ਤੇਜਾ ਸਿੰਘ, ਨਾਹਰ ਸਿੰਘ ਖਾਲਸਾ, ਜਗਦੇਵ ਸਿੰਘ ਅਤੇ ਸਾਧੂ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਭਾਜਪਾ ਦਾ ਪਿੰਡਾਂ ਵਿੱਚ ਆਉਣਾ ਬੰਦ ਹੈ। ਜੇ ਕੋਈ ਵੀ ਭਾਜਪਾ ਦਾ ਉਮੀਦਵਾਰ ਜਾਂ ਆਗੂ ਪਿੰਡਾਂ ਵਿਚ ਆਵੇਗਾ, ਉਹ ਖੁਦ ਜ਼ਿੰਮੇਵਾਰ ਹੋਵੇਗਾ। ਕਿਸਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਜਾਵੇਗਾ।
ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਸ਼ੁਰੂ : ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਭਾਜਪਾ ਆਗੂਆਂ ਨੂੰ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਪਿੰਡਾਂ ਵਿੱਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਦੇ ਟੋਹਾਣਾ ਵਿੱਚ ਕਿਸਾਨਾਂ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦੂਜੇ ਪਾਸੇ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਤੀਗੜਾ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਤੇ ਆਰਐੱਸਐੱਸ ਆਗੂਆਂ ਦੇ ਪਿੰਡ ਵਿੱਚ ਦਾਖਲੇ ‘ਤੇ ਪਾਬੰਦੀ ਦੇ ਵਾਲੇ ਫਲੈਕਸ ਲਗਾ ਦਿੱਤੇ ਹਨ। ਪਿੰਡ ਤਿਗੜਾ ਵਿੱਚ ਇਹ ਫਲੈਕਸ ਸਮਸਤ ਸ਼ਤਰੀਆ ਸਮਾਜ ਵੱਲੋਂ ਲਗਾਏ ਹਨ, ਜਿਨ੍ਹਾਂ ਨੇ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।

 

 

Check Also

ਪੰਜਾਬ, ਹਿਮਾਚਲ ਤੇ ਚੰਡੀਗੜ੍ਹ ’ਚ ਚੋਣ ਪ੍ਰਚਾਰ ਹੋਇਆ ਬੰਦ

7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ ਪ੍ਰਦੇਸ਼ …