Breaking News
Home / ਪੰਜਾਬ / ਪੱਤਰਕਾਰ ਨਵਜੋਤ ਕੌਰ ਢਿੱਲੋਂ ਨੂੰ ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ

ਪੱਤਰਕਾਰ ਨਵਜੋਤ ਕੌਰ ਢਿੱਲੋਂ ਨੂੰ ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ

ਕਹਾਣੀਕਾਰ ਜਸਵਿੰਦਰ ਧਰਮਕੋਟ ਦੀ ਕਹਾਣੀ ‘ਮੈਲਾਨਨ’ ਨੂੰ ਉਰਮਿਲਾ ਆਨੰਦ ਸਨਮਾਨ
ਅਟਾਰੀ/ਬਿਊਰੋ ਨਿਊਜ਼ : ਪ੍ਰੀਤ ਨਗਰ ਦੀ ਧਰਤੀ ‘ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਪ੍ਰੀਤ ਭਵਨ ਵਿੱਚ ਕਰਵਾਏ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ-2024 ਸਮਾਰੋਹ ਦੌਰਾਨ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਪੱਤਰਕਾਰ ਨਵਜੋਤ ਕੌਰ ਢਿੱਲੋਂ ਨੂੰ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸੇ ਤਰ੍ਹਾਂ ਜਸਵਿੰਦਰ ਧਰਮਕੋਟ ਦੀ ਕਹਾਣੀ ‘ਮੈਲਾਨਨ’ ਨੂੰ ਉਰਮਿਲਾ ਆਨੰਦ ਪੁਰਸਕਾਰ-2023 ਨਾਲ ਸਨਮਾਨਿਆ ਗਿਆ। ਇਸ ਮੌਕੇ ਵਰਿਆਮ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਡਾ. ਸੰਧੂ ਨੇ ਆਨੰਦ ਜੋੜੀ ਵੱਲੋਂ ਸਿਆਸਤ, ਸਾਹਿਤ ਤੇ ਪੱਤਰਕਾਰੀ ਦੇ ਖੇਤਰ ‘ਚ ਨਿਭਾਈ ਭੂਮਿਕਾ ਦੀ ਚਰਚਾ ਕੀਤੀ। ਇਸ ਮੌਕੇ ਡਾ. ਰਘਬੀਰ ਸਿੰਘ ਸਿਰਜਣਾ ਵੀ ਹਾਜ਼ਰ ਸਨ।
ਇਸ ਮੌਕੇ ਸੁਕੀਰਤ ਆਨੰਦ ਨੇ ਪ੍ਰੀਤ ਨਗਰ ਸਬੰਧੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਆਨੰਦ ਜੋੜੀ ਸਿਮਰਤੀ ਪੁਰਸਕਾਰ ਲਈ ਹਰ ਸਾਲ ਬੜੀ ਜਾਂਚ ਪੜਤਾਲ ਤਹਿਤ ਇੱਕ ਪੱਤਰਕਾਰ ਤੇ ਇੱਕ ਕਹਾਣੀ ਦੀ ਚੋਣ ਕਰ ਕੇ ਕਹਾਣੀਕਾਰ ਦਾ ਸਨਮਾਨ ਕੀਤਾ ਜਾਂਦਾ ਹੈ। ਸਮਾਰੋਹ ਮੌਕੇ ਮੁੱਖ ਮਹਿਮਾਨ ਡਾ. ਵਰਿਆਮ ਸਿੰਘ ਸੰਧੂ, ਡਾ. ਰਘਬੀਰ ਸਿੰਘ, ਹਿਰਦੇਪਾਲ ਸਿੰਘ ਤੇ ਸੁਕੀਰਤ ਆਨੰਦ ਵੱਲੋਂ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ-2024 ਪੱਤਰਕਾਰ ਨਵਜੋਤ ਢਿੱਲੋਂ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਨਵਜੋਤ ਢਿੱਲੋਂ ਨੇ ਆਪਣੀ ਨਿਰਪੱਖ ਪੱਤਰਕਾਰੀ ਦੌਰਾਨ ਨਿਭਾਈਆਂ ਭੂਮਿਕਾਵਾਂ ਅਤੇ ਪੱਤਰਕਾਰੀ ਵਿੱਚ ਆਈਆਂ ਮੁਸ਼ਕਿਲਾਂ ਸਬੰਧੀ ਦੱਸਿਆ। ਇਸ ਮੌਕੇ ਡਾ. ਰਘਬੀਰ ਸਿੰਘ ਸਿਰਜਣਾ ਨੇ ਪੱਤਰਕਾਰ ਨਵਜੋਤ ਢਿੱਲੋਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਕਹਾਣੀਕਾਰਾਂ ਵੱਲੋਂ ਕਹਾਣੀਆਂ ਪੜ੍ਹੀਆਂ ਗਈਆਂ। ਇਨ੍ਹਾਂ ਵਿੱਚੋਂ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਆਪਣੀ ਕਹਾਣੀ ‘ਮੈਲਾਨਨ’ ਸਬੰਧੀ ਵਿਚਾਰ ਪੇਸ਼ ਕੀਤੇ ਤੇ ਗੁਰਮੀਤ ਕੜਿਆਲਵੀ ਨੇ ਕਹਾਣੀ ਸਬੰਧੀ ਚਾਨਣਾ ਪਾਇਆ। ਸਮਾਰੋਹ ਦੇ ਅਖੀਰ ਵਿੱਚ ਹਿਰਦੇਪਾਲ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ।
ਇਸ ਮੌਕੇ ਡਾ. ਕੁਲਵੰਤ ਸਿੰਘ ਸੰਧੂ, ਜੇਐਸ ਮੰਡ, ਬਲਬੀਰ ਪਰਵਾਨਾ, ਨਾਟਕਕਾਰ ਕੇਵਲ ਧਾਲੀਵਾਲ, ਭੁਪਿੰਦਰ ਸੰਧੂ, ਕਹਾਣੀਕਾਰ ਮੁਖਤਾਰ ਗਿੱਲ, ਖੁਸ਼ਵੰਤ ਬਰਗਾੜੀ, ਨਿਰਮਲ ਅਰਪਣ, ਨਿਰਲੇਪ ਸਿੰਘ, ਡਾ. ਪਰਮਜੀਤ ਸਿੰਘ ਮੀਸ਼ਾ, ਸ਼ਾਇਰ ਵਿਸ਼ਾਲ, ਕਹਾਣੀਕਾਰ ਅਰਵਿੰਦਰ ਧਾਲੀਵਾਲ, ਜਗਤਾਰ ਗਿੱਲ, ਜਸਬੀਰ ਸਿੰਘ ਸੰਧੂ ਆਦਿ ਹਾਜ਼ਰ ਸਨ।
ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ : ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਖਿਲਾਫ ਦਰਜ 2015 ਦੇ ਨਸ਼ਿਆਂ ਨਾਲ ਸਬੰਧਤ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਦੇ ਆਧਾਰ ਉਤੇ ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ। ਖਹਿਰਾ ਨੇ ਉਨ੍ਹਾਂ ਖਿਲਾਫ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਦਰਜ ਮਾਮਲੇ ਵਿਚ ਵਿਸ਼ੇਸ਼ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਸਿਖਰਲੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ।
ਬਾਲ ਮੁਕੰਦ ਸ਼ਰਮਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਬਾਲ ਮੁਕੰਦ ਸ਼ਰਮਾ ਨੂੰ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਬਾਲ ਮੁਕੰਦ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀਐੱਸਸੀ ਦੀ ਡਿਗਰੀ ਕੀਤੀ ਹੋਈ ਹੈ ਅਤੇ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਬਾਅਦ ਵਿੱਚ ਇਸੇ ਯੂਨੀਵਰਸਿਟੀ ਤੋਂ ਐੱਮਬੀਏ ਕੀਤੀ। ਮਾਰਕਫੈੱਡ ਵਿੱਚ ਜ਼ਿਲ੍ਹਾ ਮੈਨੇਜਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਹ ਜਲੰਧਰ ਅਤੇ ਲੁਧਿਆਣਾ ਵਿੱਚ ਡੀਐਮ ਮਾਰਕਫੈੱਡ ਰਹੇ ਅਤੇ ਏਐਮਡੀ ਵਜੋਂ ਮਾਰਕਫੈੱਡ ਵਿੱਚੋਂ ਸੇਵਾਮੁਕਤ ਹੋਏ ਹਨ।

Check Also

ਅੰਮਿ੍ਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਸੇਫ਼ ਹਾਊਸ ’ਚ ਅੰਮਿ੍ਰਤਪਾਲ ਸਿੰਘ ਨੇ ਆਪਣੇ ਪਿਤਾ ਅਤੇ ਚਾਚੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ …