ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੋਣ ਕਮਿਸ਼ਨ ਨੇ ਚੋਣ ਬਾਂਡ ਸਬੰਧੀ ਨਵੇਂ ਅੰਕੜੇ ਅੱਜ 17 ਮਾਰਚ ਨੂੰ ਜਾਰੀ ਕਰ ਦਿੱਤੇ ਹਨ। ਇਹ ਅੰਕੜੇ ਕਮਿਸ਼ਨ ਨੇ ਸੀਲਬੰਦ ਲਿਫਾਫੇ ਵਿੱਚ ਸੁਪਰੀਮ ਕੋਰਟ ਨੂੰ ਸੌਂਪੇ ਸਨ। ਅਦਾਲਤ ਨੇ ਬਾਅਦ ਵਿੱਚ ਇਹ ਡੇਟਾ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤਹਿਤ ਡੀ.ਐੱਮ.ਕੇ. ਨੂੰ ਚੋਣ ਬਾਂਡ ਰਾਹੀਂ 656.5 ਕਰੋੜ ਰੁਪਏ ਪ੍ਰਾਪਤ ਹੋਏ। ਇਸ ਪਾਰਟੀ ਨੂੰ ਸੈਂਟਿਆਗੋ ਮਾਰਟਿਨ ਦੀ ਅਗਵਾਈ ਵਾਲੀ ਫਿਊਚਰ ਗੇਮਿੰਗ ਤੋਂ 509 ਕਰੋੜ ਰੁਪਏ ਮਿਲੇ। ਭਾਜਪਾ ਨੇ ਕੁੱਲ 6,986.5 ਕਰੋੜ ਰੁਪਏ ਦੇ ਚੋਣ ਬਾਂਡ ਤੁੜਵਾਏ। ਉਸ ਨੂੰ 2019-20 ਵਿੱਚ ਸਭ ਤੋਂ ਵੱਧ 2,555 ਕਰੋੜ ਰੁਪਏ ਪ੍ਰਾਪਤ ਹੋਏ। ਇਸ ਦੌਰਾਨ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪਹਿਲੀ ਮਾਰਚ 2018 ਤੋਂ 11 ਅਪਰੈਲ 2019 ਤੱਕ ਵੇਚੇ ਗਏ ਚੋਣ ਬਾਂਡਾਂ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਗਈ ਹੈ। ਚੰਦਾ ਲੈਣ ਦੇ ਮਾਮਲੇ ਵਿੱਚ ਭਾਜਪਾ ਪਹਿਲੇ ਅਤੇ ਟੀਐੱਮਸੀ ਦੂਸਰੇ ਨੰਬਰ ’ਤੇ ਹੈ।