Breaking News
Home / ਪੰਜਾਬ / ‘ਆਪ’ ਵਿਰੋਧੀਆਂ ਦੇ ਕਹਿਣ ‘ਤੇ ਕੇਂਦਰ ਨੇ ਪੰਜਾਬ ਦੇ ਫੰਡ ਰੋਕੇ : ਕੇਜਰੀਵਾਲ

‘ਆਪ’ ਵਿਰੋਧੀਆਂ ਦੇ ਕਹਿਣ ‘ਤੇ ਕੇਂਦਰ ਨੇ ਪੰਜਾਬ ਦੇ ਫੰਡ ਰੋਕੇ : ਕੇਜਰੀਵਾਲ

ਬਠਿੰਡਾ ਲਈ 1125 ਕਰੋੜ ਦੇ ਵਿਕਾਸ ਕਾਰਜਾਂ ਦਾ ਐਲਾਨ; ਮਾਨ ਸਰਕਾਰ ਦੇ ਕੰਮਾਂ ਦੀ ਕੀਤੀ ਪ੍ਰਸ਼ੰਸਾ
ਮੌੜ ਮੰਡੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰਡੀਐੱਫ), ਨੈਸ਼ਨਲ ਹੈਲਥ ਮਿਸ਼ਨ, ਸੜਕ ਨਿਰਮਾਣ ਅਤੇ ਹੋਰ ਕਈ ਤਰਾਂ ਦੇ ਫੰਡ ਰੋਕਣ ਦਾ ਆਰੋਪ ਲਾਇਆ ਹੈ। ਉਨਾਂ ਕਿਹਾ ਕਿ ‘ਆਪ’ ਵਿਰੋਧੀ ਸੂਬੇ ਵਿੱਚ ਚਲਦੇ ਵਿਕਾਸ ਕਾਰਜਾਂ ਨੂੰ ਰੋਕਣਾ ਚਾਹੁੰਦੇ ਹਨ ਤੇ ਉਨਾਂ ਦੇ ਕਹਿਣ ‘ਤੇ ਹੀ ਕੇਂਦਰੀ ਫੰਡਾਂ ‘ਚ ਅੜਿੱਕੇ ਪਾਏ ਜਾ ਰਹੇ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪਿਛਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਭਲਾਈ ਲਈ ਕੁਝ ਨਹੀਂ ਕੀਤਾ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਡਬਲ ਇੰਜਣ’ ਸਰਕਾਰਾਂ ਬਣਾਉਣ ਦੇ ਦਾਅਵੇ ਕਰਨ ਵਾਲੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਲਈ ਰੇਲਗੱਡੀਆਂ ਦੇਣ ਤੋਂ ਵੀ ਭੱਜ ਗਏ ਹਨ। ਕੇਜਰੀਵਾਲ ਤੇ ਮਾਨ ਮੌੜ ਮੰਡੀ ਦੇ ਬਾਹਰਵਾਰ ‘ਵਿਕਾਸ ਕ੍ਰਾਂਤੀ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ‘ਆਪ’ ਸੁਪਰੀਮੋ ਨੇ ਬਠਿੰਡਾ ਨੂੰ ਵੱਡਾ ਤੋਹਫ਼ਾ ਦਿੰਦਿਆਂ 1125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ ਕੀਤਾ।
ਕੇਜਰੀਵਾਲ ਨੇ ਕਿਹਾ, ”ਸਾਰੀਆਂ ਪਾਰਟੀਆਂ (ਸੂਬੇ ‘ਚ ਚੱਲ ਰਹੇ ਵਿਕਾਸ ਕਾਰਜਾਂ ਤੋਂ) ਪ੍ਰੇਸ਼ਾਨ ਹਨ ਤੇ ਸਾਡੇ ਖਿਲਾਫ਼ ਖੜ ਗਈਆਂ ਹਨ। ਇਨਾਂ ਹੁਣ ਇਕੱਠੇ ਹੋ ਕੇ ਕੇਂਦਰ ਸਰਕਾਰ ਤੱਕ ਪਹੁੰਚ ਕਰਦਿਆਂ ਸਾਡੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਰੋਕਣ ਲਈ ਕਿਹਾ ਹੈ। ਉਨਾਂ ਕੇਂਦਰ ਨੂੰ ਕਿਹਾ ਕਿ ‘ਆਪ’ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਉਹ (ਆਪ) ਏਨਾ ਕੰਮ ਕਰ ਦੇਣਗੇ ਤਾਂ ਅਸੀਂ (ਵਿਰੋਧੀ ਪਾਰਟੀਆਂ) ਬਰਬਾਦ ਹੋ ਜਾਵਾਂਗੇ।” ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਸਿਹਤ ਲਈ ਮਿਲਦੇ ਫੰਡ ਰੋਕ ਦਿੱਤੇ ਪਰ ਮਾਨ ਸਰਕਾਰ ਨੇ ਕਈ ਥਾਵਾਂ ‘ਤੇ ਮੁਹੱਲਾ ਕਲੀਨਿਕ ਖੋਲ ਦਿੱਤੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਵਿਚ ਸੜਕਾਂ ਦੇ ਨਿਰਮਾਣ ਲਈ ਦਿਹਾਤੀ ਵਿਕਾਸ ਫੰਡ ਤਹਿਤ ਮਿਲਦੇ 5500 ਕਰੋੜ ਰੁਪਏ ਵੀ ਰੋਕ ਰੱਖੇ ਹਨ। ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਯਾਤਰੂਆਂ ਲਈ ਰੇਲਗੱਡੀਆਂ ਮੁਹੱਈਆ ਕਰਵਾਉਣ ਤੋਂ ਭੱਜਣ ਦਾ ਵੀ ਦੋਸ਼ ਲਾਇਆ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਮੱਥਾ ਟੇਕਣ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨਾਂ ਕਿਹਾ, ”ਜੇਕਰ ਤੁਸੀਂ ਕਿਸੇ ਨੂੰ ਤੀਰਥ ਯਾਤਰਾ ਤੋਂ ਰੋਕੋਗੇ ਤਾਂ ਭਗਵਾਨ ਵੀ ਤੁਹਾਨੂੰ ਮੁਆਫ਼ ਨਹੀਂ ਕਰੇਗਾ।” ਕੇਜਰੀਵਾਲ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ‘ਚ ਨਵੇਂ ਬੱਸ ਅੱਡੇ ਦੀ ਉਸਾਰੀ, ਸਿਵਲ ਹਸਪਤਾਲ, ਆਡੀਟੋਰੀਅਮ, ਰਿੰਗ ਰੋਡ, ਵਾਟਰ ਟਰੀਟਮੈਂਟ ਪਲਾਂਟ ਆਦਿ ਲਈ 1125 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਜਦੋਂ ਵਹੀ ਖਾਤੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਤਤਕਾਲੀ ਸਰਕਾਰਾਂ 10 ਰੁਪਏ ਦਾ ਕੰਮ 100 ਰੁਪਏ ਵਿੱਚ ਕਰਵਾਉਂਦੀਆਂ ਸਨ, ਜਦਕਿ ‘ਆਪ’ ਸਰਕਾਰਾਂ ਦਿੱਲੀ ਤੇ ਪੰਜਾਬ ਵਿੱਚ ਉਹੀ ਕੰਮ ਸਿਰਫ 8 ਰੁਪਏ ‘ਚ ਕਰਵਾ ਰਹੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਸਪੱਸ਼ਟ ਹੈ ਕਿ ਲੋਕ ਸਭਾ ਚੋਣਾਂ ‘ਚ ‘ਆਪ’ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਦਰਜ ਕਰੇਗੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ‘ਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਰਾਜ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ। ਉਨਾਂ ਕਿਹਾ ਕਿ ਬਠਿੰਡਾ ਜ਼ਿਲੇ ਅੰਦਰ 13 ਨਵੇਂ ਮੁਹੱਲਾ ਕਲੀਨਿਕ ਖੋਲੇ ਜਾਣਗੇ, 7 ਨਵੇਂ ਸਰਕਾਰੀ ਹਾਈ ਸਕੂਲ ਬਣਾਏ ਜਾਣਗੇ।
‘ਤੀਰਥ ਯਾਤਰਾ ਸਕੀਮ’ ਦੇ ਹਵਾਲੇ ਨਾਲ ਕੇਂਦਰ ਸਰਕਾਰ ‘ਤੇ ਚੁਟਕੀ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਵਿੱਚ ਥਾਂ-ਥਾਂ ਲੋਕਾਂ ਨੂੰ ‘ਡਬਲ ਇੰਜਣ’ ਦੀ ਸਰਕਾਰ ਬਣਾਉਣ ਦੀਆਂ ਅਪੀਲਾਂ ਕਰਨ ਵਾਲਿਆਂ ਕੋਲ ਰੇਲਗੱਡੀਆਂ ਲਈ ਇੰਜਣ ਨਹੀਂ, ਸਰਕਾਰਾਂ ਲਈ ਇੰਜਣ ਕਿੱਥੋਂ ਦੇ ਦੇਣਗੇ?
ਕੇਂਦਰ ‘ਤੇ ਸ਼ਹੀਦਾਂ ਦੇ ਪਰਿਵਾਰ ਨੂੰ ਅਣਗੌਲਿਆ ਕਰਨ ਦੇ ਆਰੋਪ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਦੇ ਘਰ ਜਾ ਕੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਸੀ।
ਮੀਡੀਆ ਕਰਮੀਆਂ ਨੂੰ ਵੀ ਕਰਨੀ ਪਈ ਜੱਦੋ-ਜਹਿਦ
ਵੀਆਈਪੀ ਕਲਚਰ ਦੇ ਚਲਦਿਆਂ ਆਮ ਲੋਕ ਖ਼ੱਜਲ ਖੁਆਰ ਹੁੰਦੇ ਰਹੇ। ਇਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਪ੍ਰੈੱਸ ਗੈਲਰੀ ਤੱਕ ਪਹੁੰਚਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਲੋਕਾਂ ਨੂੰ ਭਾਵੇਂ ਨੀਲੇ ਪਾਸ ਜਾਰੀ ਕੀਤੇ ਗਏ ਸਨ, ਪਰ ਆਮ ਲੋਕ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸਦੇ ਰਹੇ, ਜਿਸ ਕਾਰਨ ਵੀਆਈਪੀ ਲੋਕਾਂ ਲਈ ਵਿਸ਼ੇਸ਼ ਗੈਲਰੀ ‘ਚ ਰੌਣਕ ਫਿੱਕੀ ਰਹੀ। ਉਧਰ ਰੈਲੀ ਵਿੱਚ ਆਸ ਲੈ ਕੇ ਪਹੁੰਚੇ ਲੋਕਾਂ ਨੂੰ ਬੱਸਾਂ ਨੇ ਰੈਲੀ ਵਾਲੀ ਥਾਂ ਤੋਂ ਡੇਢ-ਦੋ ਕਿਲੋਮੀਟਰ ਪਹਿਲਾਂ ਹੀ ਉਤਾਰ ਦਿੱਤਾ, ਜਿਸ ਕਰਕੇ ਬਜ਼ੁਰਗਾਂ ਨੇ ਬੱਸਾਂ ਵਿਚ ਬੈਠ ਕੇ ਹੀ ਸਮਾਂ ਗੁਜ਼ਾਰਿਆ।

 

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …