-4.2 C
Toronto
Wednesday, January 21, 2026
spot_img
Homeਪੰਜਾਬਪੰਜਾਬ 'ਚ ਪੈਟਰੋਲ ਤੇ ਡੀਜ਼ਲ ਮਹਿੰਗੇ

ਪੰਜਾਬ ‘ਚ ਪੈਟਰੋਲ ਤੇ ਡੀਜ਼ਲ ਮਹਿੰਗੇ

ਆਮ ਲੋਕਾਂ ਉਤੇ ਪਵੇਗਾ 620 ਕਰੋੜ ਰੁਪਏ ਦਾ ਬੋਝ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਤੇਲ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ। ਜਿਸ ਨਾਲ ਸੂਬੇ ਦੇ ਲੋਕਾਂ ‘ਤੇ ਕਰੀਬ 620 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦਾ ਅਨੁਮਾਨ ਹੈ। ਪੰਜਾਬ ਵਿੱਚ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 88 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ।
ਬੇਸ਼ੱਕ ਸੂਬਾ ਸਰਕਾਰ ਇਸ ਕਦਮ ਨਾਲ ਮਾਲੀਆ ਜੁਟਾਏਗੀ ਪ੍ਰੰਤੂ ਆਮ ਲੋਕਾਂ ਦੀ ਜੇਬ ‘ਤੇ ਭਾਰ ਪਵੇਗਾ। ਇਸ ਦੇ ਨਾਲ ਹੀ ਕਿਸਾਨਾਂ ਦੇ ਲਾਗਤ ਖ਼ਰਚੇ ਵੀ ਵਧਣਗੇ। ਪੰਜਾਬ ਸਰਕਾਰ ਨੇ ਬਜਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਸੀ।
‘ਆਪ’ ਸਰਕਾਰ ਵੱਲੋਂ ਤੇਲ ਕੀਮਤਾਂ ‘ਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਆਬਕਾਰੀ ਤੇ ਕਰ ਵਿਭਾਗ ਵੱਲੋਂ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਜਿਸ ਅਨੁਸਾਰ ਹੁਣ ਡੀਜ਼ਲ ਦੀ ਕੀਮਤ 88.95 ਰੁਪਏ ਪ੍ਰਤੀ ਲਿਟਰ ਅਤੇ ਪੈਟਰੋਲ ਦੀ ਕੀਮਤ 98.65 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਸਰਕਾਰੀ ਅਧਿਕਾਰੀ ਆਖਦੇ ਹਨ ਕਿ ਪੰਜਾਬ ਵਿੱਚ ਡੀਜ਼ਲ ਗੁਆਂਢੀ ਸੂਬੇ ਹਰਿਆਣਾ ਨਾਲੋਂ ਸਸਤਾ ਰਹੇਗਾ ਅਤੇ ਰਾਜਸਥਾਨ ਨਾਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘੱਟ ਰਹਿਣਗੀਆਂ। ਪੰਜਾਬ ਸਰਕਾਰ ਦੀਆਂ ਦੇਣਦਾਰੀਆਂ ਵਧ ਰਹੀਆਂ ਹੈ ਜਿਸ ਦੇ ਮੱਦੇਨਜ਼ਰ ਸਰਕਾਰ ਇਸ ਵਾਧੇ ਨੂੰ ਆਪਣੀ ਮਜਬੂਰੀ ਦੱਸ ਰਹੀ ਹੈ। ਸੂਬੇ ਵਿੱਚ ਇਸ ਵੇਲੇ ਸਾਲਾਨਾ ਕਰੀਬ 45 ਹਜ਼ਾਰ ਕਰੋੜ ਰੁਪਏ ਦੇ ਤੇਲ ਦੀ ਖਪਤ ਹੈ। ਇਸ ਵਿੱਚੋਂ 388.69 ਕਰੋੜ ਲਿਟਰ ਡੀਜ਼ਲ ਦੀ ਖਪਤ ਹੈ ਜਦੋਂ ਕਿ 135 ਕਰੋੜ ਪੈਟਰੋਲ ਵਿਕਦਾ ਹੈ।
ਇਕ ਹੋਰ ਲੋਕ ਮਾਰੂ ਫ਼ੈਸਲਾ: ਬਾਜਵਾ
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਹ ਇੱਕ ਹੋਰ ਲੋਕ ਮਾਰੂ ਫ਼ੈਸਲਾ ਲਿਆ ਹੈ ਅਤੇ ਤੇਲ ਕੀਮਤਾਂ ਵਿੱਚ ਵਾਧੇ ਨਾਲ ਪੰਜਾਬ ਸਰਕਾਰ ਦੀ ਨਾਕਾਮੀ ਤੇ ਅਯੋਗਤਾ ਬੇਪਰਦ ਹੋ ਗਈ ਹੈ। ਉਨ੍ਹਾਂ ਨਿੰਦਾ ਕਰਦਿਆਂ ਕਿਹਾ ਕਿ ਤੇਲ ਕੀਮਤਾਂ ਵਿਚ ਵਾਧੇ ਨਾਲ ਪੰਜਾਬੀਆਂ ‘ਤੇ ਵਿੱਤੀ ਬੋਝ ਹੋਰ ਪਵੇਗਾ।
ਲੋਕਾਂ ‘ਤੇ ਬੋਝ ਵਧੇਗਾ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਆਮ ਲੋਕਾਂ ‘ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਤੇਲ ਕੀਮਤਾਂ ਵਿਚਲਾ ਵਾਧਾ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਲਾਗਤ ਖ਼ਰਚੇ ਵੀ ਵਧਣਗੇ।

RELATED ARTICLES
POPULAR POSTS