5.7 C
Toronto
Friday, April 24, 2026
spot_img
Homeਪੰਜਾਬਲਤੀਫਪੁਰਾ ਉਜਾੜੇ ਦਾ ਸਾਲ ਪੂਰਾ ਹੋਣ 'ਤੇ ਪੀੜਤਾਂ ਨੇ ਕਾਲਾ ਦਿਨ ਮਨਾਇਆ

ਲਤੀਫਪੁਰਾ ਉਜਾੜੇ ਦਾ ਸਾਲ ਪੂਰਾ ਹੋਣ ‘ਤੇ ਪੀੜਤਾਂ ਨੇ ਕਾਲਾ ਦਿਨ ਮਨਾਇਆ

ਸੰਸਦ ਮੈਂਬਰ ਸੁਸ਼ੀਲ ਰਿੰਕੂ ਖਿਲਾਫ ਵੀ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਜਲੰਧਰ/ਬਿਊਰੋ ਨਿਊਜ਼ : ਲਤੀਫਪੁਰਾ ਮੁੜ-ਵਸੇਬਾ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਲਤੀਫਪੁਰਾ ਵਿੱਚ ਕੀਤੇ ਗਏ ਉਜਾੜੇ ਦਾ ਸਾਲ ਪੂਰਾ ਹੋਣ ‘ਤੇ ਇਸ ਦਿਨ ਨੂੰ ‘ਕਾਲੇ ਦਿਨ’ ਵਜੋਂ ਮਨਾਇਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ।
ਮੋਰਚੇ ਦੇ ਕਾਰਕੁਨਾਂ ਨੇ ਜਲੰਧਰ ਨਗਰ ਸੁਧਾਰ ਟਰੱਸਟ ਤੇ ਸੂਬਾ ਸਰਕਾਰ ਦੀ ਅਰਥੀ ਸਾੜੀ।
ਲਤੀਫਾਪੁਰਾ ਮੁੜਵਸੇਬਾ ਮੋਰਚੇ ਦੇ ਆਗੂਆਂ ਨੇ ਹਰ ਰੋਜ਼ ਲੜੀਵਾਰ ਭੁੱਖ ਹੜਤਾਲ ਹਾਲੇ ਵੀ ਜਾਰੀ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਨੇ 9 ਤੇ 10 ਦਸੰਬਰ 2022 ਨੂੰ ਜੇਸੀਬੀ ਮਸ਼ੀਨਾਂ ਨਾਲ ਲਤੀਫਪੁਰਾ ਵਿੱਚ ਲਗਪਗ 70 ਘਰ ਢਾਹ ਦਿੱਤੇ ਸਨ। ਇਹ ਪਰਿਵਾਰ 1947 ਦੀ ਵੰਡ ਵੇਲੇ ਉੱਜੜ ਕੇ ਇੱਥੇ ਆ ਕੇ ਵੱਸੇ ਸਨ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਥਾਂ ਨਗਰ ਸੁਧਾਰ ਟਰੱਸਟ ਨੇ ਗ੍ਰਹਿਣ ਕੀਤੀ ਹੋਈ ਸੀ ਅਤੇ ਉਕਤ ਪਰਿਵਾਰ ਇੱਥੇ ਕਬਜ਼ਾ ਕਰ ਕੇ ਬੈਠੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਉਜਾੜੇ ਗਏ ਇਨ੍ਹਾਂ ਪਰਿਵਾਰਾਂ ਵਿੱਚੋਂ ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਤੀਫ਼ਪੁਰਾ ਇੱਕ ਪਿੰਡ ਸੀ ਜੋ ਜਲੰਧਰ ਨੇੜੇ ਸਥਿਤ ਸੀ। ਆਬਾਦੀ ਵਧਣ ਤੇ ਸ਼ਹਿਰ ਵਿੱਚ ਹੋਏ ਵਿਕਾਸ ਦੌਰਾਨ ਇਹ ਪਿੰਡ ਸ਼ਹਿਰ ਦੀ ਜੱਦ ਵਿੱਚ ਆ ਗਿਆ।
ਕਾਲਾ ਦਿਨ ਮਨਾਉਣ ਵਾਸਤੇ ਲਤੀਫ਼ਪੁਰਾ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫ਼ਤਹਿ) ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ ਹੋਏ ਸਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਵੀ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ।
ਇਸੇ ਤਰ੍ਹਾਂ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜ਼ਿਲ੍ਹੇ ਦੇ ਆਗੂ ਭਗਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਵੀ ਹਾਜ਼ਰ ਸਨ।
ਮੋਰਚੇ ਦੇ ਆਗੂ ਲਖਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ 2 ਜਨਵਰੀ ਨੂੰ ਲਤੀਫ਼ਪੁਰਾ ਮੋਰਚੇ ਵੱਲੋਂ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਜਾਵੇਗਾ।

RELATED ARTICLES
POPULAR POSTS