Breaking News
Home / ਪੰਜਾਬ / ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਨੇ ਸਾਥੀਆਂ ਸਮੇਤ ਗ੍ਰਿਫ਼ਤਾਰ ਤੇ ਰਿਹਾਅ

ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਨੇ ਸਾਥੀਆਂ ਸਮੇਤ ਗ੍ਰਿਫ਼ਤਾਰ ਤੇ ਰਿਹਾਅ

ਬਠਿੰਡਾ/ਬਿਊਰੋ ਨਿਊਜ਼ : ਉਘੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਨੇ ਮੰਗਲਵਾਰ ਨੂੰ ਰਾਮਪੁਰਾ ਫੂਲ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿਚ ਰਿਹਾਅ ਵੀ ਕਰ ਦਿੱਤਾ ਗਿਆ। ਲੱਖਾ ਸਿਧਾਣਾ ਇਕ ਨਿੱਜੀ ਸਕੂਲ ਦੇ ਬਾਹਰ ਸੜਕ ਜਾਮ ਕਰਨ ਲਈ ਜਾ ਰਹੇ ਸਨ ਅਤੇ ਸਕੂਲ ਪ੍ਰਿੰਸੀਪਲ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਲੰਘੇ ਮੰਗਲਵਾਰ ਨੂੰ ਸਰਵ ਹਿਤਕਾਰੀ ਸਕੂਲ ਪੁੱਜੇ ਸਨ ਅਤੇ ਉਨ੍ਹਾਂ ਸਕੂਲ ‘ਤੇ ਪੰਜਾਬੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦਾ ਆਰੋਪ ਲਗਾਇਆ ਸੀ। ਇਸ ਦੌਰਾਨ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਦੀ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨਾਲ ਬਹਿਸ ਵੀ ਹੋ ਗਈ ਸੀ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਸਕੂਲ ਖਿਲਾਫ਼ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ। ਲੱਖਾ ਸਿਧਾਣਾ ਨੇ ਆਪਣੇ ਸਾਥੀਆਂ ਸਮੇਤ ਸਰਵ ਹਿਤਕਾਰੀ ਸਕੂਲ ਦੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਦੋਂ ਲੱਖਾ ਸਿਧਾਣਾ ਨੇ ਸਾਥੀਆਂ ਸਮੇਤ ਸਕੂਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਚਰਚਾ ਇਹ ਵੀ ਹੈ ਕਿ ਸਕੂਲ ਮੈਨੇਜਮੈਂਟ ਨੇ ਦੋ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ, ਜਿਸ ਦਾ ਵਿਰੋਧ ਕਰਨ ਲਈ ਲੱਖਾ ਸਿਧਾਣਾ ਇਥੇ ਪਹੁੰਚੇ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਲੱਖਾ ਸਿਧਾਣਾ ਨੇ ਆਰੋਪ ਲਗਾਇਆ ਸੀ ਕਿ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ ਅਤੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਾਆਵਾ ਕੀਤਾ ਸੀ ਕਿ ਸਕੂਲ ਆਰ.ਐਸ.ਐਸ ਦੀ ਵਿਚਾਰਧਾਰਾ ਅਨੁਸਾਰ ਚਲਾਇਆ ਜਾ ਰਿਹਾ ਹੈ ਜਿਸ ਦੀ ਗਵਾਹੀ ਦਫ਼ਤਰ ਅੰਦਰ ਆਰ.ਐੱਸ.ਐੱਸ ਆਗੂਆਂ ਦੀਆਂ ਤਸਵੀਰਾਂ ਭਰਦੀਆਂ ਹਨ।
ਸੀਬੀਐੱਸਈ ਸਿਲੇਬਸ ਅਨੁਸਾਰ ਕਰਵਾਈ ਜਾਂਦੀ ਹੈ ਪੜ੍ਹਾਈ : ਪ੍ਰਬੰਧਕ : ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਅੰਦਰ ਸੀਬੀਐੱਸਈ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ ਹੈ। ਮੈਨੇਜਮੈਂਟ ਨੇ ਦਾਅਵਾ ਕੀਤਾ ਕਿ ਸਕੂਲ ਕੈਂਪਸ ਵਿੱਚ ਪੰਜਾਬੀ ਬੋਲਣ ‘ਤੇ ਕੋਈ ਪਾਬੰਦੀ ਨਹੀਂ ਹੈ।
ਪੰਜਾਬੀ ਬਾਰੇ ਨਿਯਮ ਸਿੱਖਿਆ ਵਿਭਾਗ ਦੱਸ ਸਕਦੈ : ਡੀਐੱਸਪੀ : ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਪੰਜਾਬੀ ਬਾਰੇ ਸੀਬੀਐੱਸਈ ਦੇ ਨਿਯਮ ਕੀ ਹਨ ਇਸ ਬਾਰੇ ਸਿੱਖਿਆ ਵਿਭਾਗ ਦੱਸ ਸਕਦਾ ਹੈ। ਕਿਸੇ ਨੂੰ ਵੀ ਸਕੂਲ ਅੰਦਰ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।

Check Also

ਮਨਪ੍ਰੀਤ ਸਿੰਘ ਬਾਦਲ ਵੀ ਕਰਨਗੇ ਘਰ ਵਾਪਸੀ!

ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ …