Breaking News
Home / ਰੈਗੂਲਰ ਕਾਲਮ / ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਕਿਸ਼ਤ 21ਵੀਂ)
ਸੁਕਆਡਰਨ ਦੀ ਵਿਸ਼ੇਸ਼ ਐਨਿਵਰਸਰੀ
ਸਾਡੇ ਸੁਕਆਡਰਨ ਦੀ ਸਾਲ 1970 ਦੀ ਐਨਵਰਸਰੀ ਬਹੁਤ ਹੀ ਸ਼ਾਨਦਾਰ ਤੇ ਮਹਤੱਵਪੂਰਨ ਈਵੈਂਟ ਸੀ। ਉਸ ਵਿਚ ਆਮ ਸੁਕਆਡਰਨ ਐਨਿਵਰਸਰੀਆਂ ਤੋਂ ਹਟਵੇਂ ਦੋ ਵੱਡੇ ਕਾਰਜ ਬਾਖੂਬੀ ਨਿਭਾਏ ਗਏ:
(1) ਸੁਕਆਡਰਨ ਦੀ ਸਮੁੱਚੀ ਕਾਰਗੁਜ਼ਾਰੀ, ਜਿਸ ਵਿਚ ਫਲਾਈ-ਪਾਸਟ ਵੀ ਸ਼ਾਮਲ ਸੀ, ਪਬਲਿਕ ਸਾਹਮਣੇ ਪੇਸ਼ ਕੀਤੀ ਗਈ।
(2) ਸੁਕਆਰਨ ਦੇ ਸਾਰੇ ਦੇ ਸਾਰੇ ਜਹਾਜ਼ ਉੱਡਣਯੋਗ (Airworthy) ਬਣਾਏ ਗਏ। ਏਅਰ ਫੋਰਸ ਦੀ ਭਾਸ਼ਾ ਵਿਚ ਇਸਨੂੰ 100% Serviceability ਕਿਹਾ ਜਾਂਦਾ ਹੈ। ਆਮ ਹਾਲਤਾਂ ਵਿਚ ਇਹ ਪੁਜ਼ੀਸ਼ਨ ਬਹੁਤ ਹੀ ਘੱਟ ਬਣਦੀ ਹੈ, ਕਿਉਂਕਿ ਕੁਝ ਜਹਾਜ਼ਾਂ ਦੀਆਂ ਵੱਡੀਆਂ-ਛੋਟੀਆਂ ਸਰਵਿਸਾਂ ਤੇ ਮੁਰੰਮਤਾਂ ਹਮੇਸ਼ਾ ਹੀ ਚੱਲ ਰਹੀਆਂ ਹੁੰਦੀਆਂ ਹਨ। ਐਨਿਵਰਸਰੀ ਦੀ ਪਲਾਨਿੰਗ ਸਮੇਂ, ਸੁਕਆਡਰਨ ਦੀ ਮੀਟਿੰਗ ਵਿਚ, ਸੁਕਆਡਰਨ ਕਮਾਂਡਰ ਨੇ ਜਦੋਂ ਇਹ ਇਛਾ ਜ਼ਾਹਰ ਕੀਤੀ ਤਾਂ ਸਾਰੇ ਸੈਨਿਕਾਂ ਤੇ ਅਫਸਰਾਂ ਨੇ ਹਾਮੀ ਭਰ ਦਿੱਤੀ। ਮੁੱਖ ਕੰਮ ਸਾਡਾ ਤਕਨੀਸ਼ਨਾਂ ਦਾ ਸੀ।
ਅਸੀਂ 15-15 ਘੰਟੇ ਕੰਮ ‘ਚ ਜੁੱਟ ਕੇ ਹਫਤਿਆਂ ‘ਚ ਮੁਕਣ ਵਾਲੀਆਂ ਸਰਵਿਸਾਂ ਤੇ ਮੁਰੰਮਤਾਂ ਦਿਨਾਂ ‘ਚ ਹੀ ਨਿਬੇੜ ਦਿੱਤੀਆਂ।
ਐਨਵਰਸਰੀ ਵਾਲ਼ੇ ਦਿਨ ਅਸੀਂ ਤੜਕੇ ਹੀ ਸੁਕਆਡਰਨ ਦੀ ਵਿਸ਼ਾਲ ਹੈਂਗਰ ਵਿਚ ਪੰਜ ਜਹਾਜ਼ਾਂ, ਜਹਾਜ਼ਾਂ ‘ਚ ਲੋਡ ਹੋਣ ਵਾਲ਼ੇ ਬੰਬ, ਰਾਕਟ, ਗੋਲ਼ੀਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਸੁਚੱਜੇ ਢੰਗ ਨਾਲ਼ ਪ੍ਰਦਰਸ਼ਨੀ ਲਾ ਦਿੱਤੀ। ਸ਼ਹਿਰ ਦੇ ਆਮ ਲੋਕਾਂ ਅਤੇ ਪੁਣੇ ਹਵਾਈ ਅੱਡੇ ਦੇ ਸਮੁੱਚੇ ਸੈਨਿਕ-ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੋਇਆ ਸੀ। ਦੂਰੋਂ-ਨੇੜਿਓਂ ਹੁਮ-ਹੁਮਾ ਕੇ ਆਏ ਅਨੇਕ ਲੋਕਾਂ ਨੇ ਜਹਾਜ਼, ਸਿੱਕਾ-ਬਾਰੂਦ ਤੇ ਜਹਾਜ਼ਾਂ ਦੀ ਕੌਕਪਿਟ ਨੂੰ ਬੜੇ ਉਤਸ਼ਾਹ ਨਾਲ਼ ਵੇਖਿਆ। ਤਕਨੀਸ਼ਨਾਂ ਨੇ ਨਿਗਰਾਨੀ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਫਲਾਈ ਪਾਸਟ ਦੀ ਅਨਾਊਂਸਮੈਂਟ ਹੋਣ ‘ਤੇ ਲੋਕ ਅੰਦਰੋਂ ਨਿਕਲ਼ ਕੇ ਹੈਂਗਰ ਦੇ ਵਿਸ਼ਾਲ ਵਰਾਂਡੇ ਅਤੇ ਨਾਲ਼ ਲਗਦੇ ਲਾਅਨ ‘ਚ ਆ ਖਲੋਏ। ਬੱਚਿਆਂ ਤੇ ਬਜੁਰਗਾਂ ਦੇ ਬੈਠਣ ਵਾਸਤੇ ਦਰੀਆਂ ਵਿਛਾਈਆਂ ਹੋਈਆਂ ਸਨ। ਜਹਾਜ਼ ਸਾਹਮਣਲੀ ਟਾਰਮਿਕ ‘ਤੇ ਲਾਈਨ ‘ਚ ਪਾਰਕ ਕੀਤੇ ਹੋਏ ਸਨ। ਫਲਾਈਂਗ-ਸੂਟਾਂ ‘ਚ ਕੱਸੇ ਪਾਇਲਟਾਂ ਦੇ ਕੌਕਪਿਟਾਂ ‘ਚ ਚੜ੍ਹਨ, ਹਰ ਜਹਾਜ਼ ਦੇ ਦੋਨੀਂ ਪਾਸੀਂ ਖਲੋਤੇ ਤਕਨੀਸ਼ਨਾਂ ਦੇ ਇਸ਼ਾਰਿਆਂ ਮੁਤਾਬਕ ਆਪਣੇ ਜਹਾਜ਼ਾਂ ਨੂੰ ਸਟਾਰਟ ਕਰਨ, ਆਪੋ ਆਪਣੀ ਵਾਰੀ ‘ਤੇ ਟਾਰਮਿਕ ‘ਚੋਂ ਨਿਕਲ਼ ਕੇ ਟੈਕਸੀਵੇਅ ‘ਤੇ ਪੈਣ ਦੇ ਐਕਸ਼ਨਾਂ ਨੂੰ ਲੋਕੀਂ ਨੀਝ ਅਤੇ ਚਾਅ ਨਾਲ਼ ਵੇਖ ਰਹੇ ਸਨ। ਟੈਕਸੀਵੇਅ ‘ਤੇ ਰੱਨਵੇਅ ਵੱਲ ਨੂੰ ਜਾ ਰਹੀ 12 ਜਹਾਜ਼ਾਂ ਦੀ ਕਤਾਰ ਦਾ ਦ੍ਰਿਸ਼ ਡਾਢਾ ਹੀ ਉਮਾਹ ਭਰਿਆ ਸੀ। ਰੱਨਵੇਅ ਭਾਵੇਂ ਫਾਸਲੇ ‘ਤੇ ਸੀ ਪਰ ਬਰੋਬਰਾਬਰ ਦੋ-ਦੋ ਜਹਾਜ਼ ਇਕੱਠੇ ਚੜ੍ਹਦੇ ਹੋਏ ਸਾਫ ਦਿਖਾਈ ਦੇ ਰਹੇ ਸਨ।
ਫਲਾਈ ਪਾਸਟਾਂ ਦੀ ਵਿਉਂਤਬੰਦੀ ਬਹੁਤ ਸੂਖਮ-ਦਰਸ਼ੀ ਹੁੰਦੀ ਹੈ। ਹਿੱਸਾ ਲੈਣ ਵਾਲ਼ੇ ਪਾਇਲਟਾਂ ਨੇ ਫਾਰਮੇਸ਼ਨ (ਤਰਤੀਬ) ‘ਚ ਬੱਝ ਕੇ ਆਪੋ ਆਪਣੇ ਜਹਾਜ਼ ਦੀ ਸਪੀਡ, ਉਚਾਈ, ਆਪਸੀ ਫਾਸਲੇ, ਫਾਰਮੇਸ਼ਨ ‘ਚੋਂ ਖਿੰਡਣ ਦੇ ਪਲ ਅਤੇ ਕੋਨਾਂ ਆਦਿ ਨੂੰ ਐਨ੍ਹ ਸਹੀ ਤਰੀਕੇ ਨਾਲ਼ ਨਿਭਾਉਣਾ ਹੁੰਦਾ ਹੈ। ਆਕਾਸ਼ ‘ਚ ਚੜਨ੍ਹ ਬਾਅਦ ਉਹ ਮਿੱਥੀ ਹੋਈ ਦੂਰੀ ‘ਤੇ ਜਾ ਕੇ ਫਾਰਮੇਸ਼ਨ ‘ਚ ਬੱਝਦੇ ਹਨ ਤੇ ਫਿਰ ਓਥੋਂ ਫਲਾਈ ਪਾਸਟ ਵਾਲ਼ੀ ਥਾਂ ਨੂੰ ਆਉਂਦੇ ਹਨ।
ਸੋ ਸਾਰੇ ਪਾਇਲਟਾਂ ਨੂੰ, ਜਹਾਜ਼ ਲੋਕਾਂ ਸਾਹਮਣੇ ਲਿਆਉਣ ਤੱਕ ਪੰਦਰਾਂ-ਵੀਹ ਮਿੰਟ ਲੱਗ ਜਾਣੇ ਸਨ। ਉਦੋਂ ਤੱਕ ਲੋਕਾਂ ਦੇ ਮਨੋਰੰਜਨ ਵਾਸਤੇ ਅਸੀਂ ਪੰਜਾਬੀ ਹਵਾਈ ਸੈਨਿਕਾਂ ਨੇ ਭੰਗੜੇ ਦੀ ਆਈਟਮ ਤਿਆਰ ਕੀਤੀ ਹੋਈ ਸੀ। ਮੈਂ ਉਦੋਂ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰ ਭੰਗੜਾ ਪਾਇਆ। ਭੰਗੜੇ ਦੌਰਾਨ ਸੁਕਆਡਰਨ ਦਾ ਸਿਰਕੱਢ ਪਾਇਲਟ ਸੁਕਆਡਰਨ ਲੀਡਰ ਕੇ.ਕੇ ਬਖਸ਼ੀ ਤੇਰ੍ਹਵਾਂ ਜਹਾਜ਼ ਲੈ ਕੇ ਰੱਨਵੇਅ ਨੂੰ ਟੁਰ ਗਿਆ।
ਭੰਗੜਾ ਖ਼ਤਮ ਹੁੰਦਿਆਂ ਹੀ ਫਲਾਈ ਪਾਸਟ ਦੇ ਚਾਰ ਜਹਾਜ਼ਾਂ ਦਾ ਪਹਿਲਾ ਜੁੱਟ ਆ ਗੂੰਜਿਆ। ਸੁਕਆਡਰਨ ਕਮਾਂਡਰ ਅਜੀਤ ਧਵਨ ਲੀਡ ਕਰ ਰਿਹਾ ਸੀ। ਉਸਦਾ ਜਹਾਜ਼ ਸਭ ਤੋਂ ਮੂਹਰੇ, ਦੂਜਾ ਉਸਦੇ ਪਿੱਛੇ, ਤੀਜਾ ਤੇ ਚੌਥਾ, ਦੂਜੇ ਦੇ ਸੱਜੇ-ਖੱਬੇ, ਬਰਾਬਰ ਨਹੀਂ ਥੋੜ੍ਹਾ ਪਿਛਾਂਹ… ਚਾਰ ਜਹਾਜ਼ਾਂ ਨੇ ਤੀਰ ਦੀ ਸ਼ਕਲ ਬਣਾਈ ਹੋਈ ਸੀ। ਲੋਕਾਂ ਸਾਹਮਣੇ ਨੀਵੇਂ ਉੱਡਣ ਬਾਅਦ ਇਕਦਮ ਉਤਾਂਹ ਵੱਲ ਜਾ ਕੇ, ਕਲਾਬਾਜ਼ੀਆਂ ਖਾਂਦੇ ਚਾਰੇ ਜਹਾਜ਼, ਆਤਿਸ਼ਬਾਜ਼ੀ ‘ਚੋਂ ਫੁੱਟਦੇ ਚੰਗਿਆੜਿਆਂ ਦੀਆਂ ਲੜੀਆਂ ਵਾਂਗ, ਵੱਖ-ਵੱਖ ਕੋਨਾਂ ਤੇ ਖਿੰਡ ਗਏ। ਮਿੱਥੇ ਹੋਏ ਫ਼ਰਕ ਨਾਲ਼ ਦੂਜੇ ਤੇ ਫਿਰ ਤੀਜੇ ਜੁੱਟ ਨੇ ਵੀ ਉਸੇ ਅੰਦਾਜ਼ ਵਿਚ ਕਰਤੱਵ ਦਿਖਾਏ ਤੇ ਫਿਰ ਆ ਧਮਕਿਆ ਤੇਰ੍ਹਵਾਂ ਜਹਾਜ਼।
ਬਖਸ਼ੀ ਵੱਲੋਂ ਕਦੀ ਜਹਾਜ਼ ਨੂੰ ਭੰਬੀਰੀ ਵਾਂਗ ਘੁਮਾਉਂਦਿਆਂ ਸਿੱਧਾ ਉੱਪਰ ਨੂੰ ਲਿਜਾਣ, ਜਹਾਜ਼ ਨੂੰ ਕਦੀ ਸੱਜੀ ਤੇ ਕਦੀ ਖੱਬੀ ਵੱਖੀ ਪਰਨੇ ਟੇਢਾ ਕਰਨ, ਕਦੀ ਇਕਦਮ ਹਿਠਾਂਹ ਤੇ ਫਿਰ ਇਕਦਮ ਉਤਾਂਹ ਲਿਜਾਣ ਅਤੇ ਕਦੀ ਜਹਾਜ਼ ਨੂੰ ਐਨ੍ਹ ਉਲਟਾ ਕਰਕੇ ਉਡਾਉਣ ਦੀਆਂ ਕਲਾਬਾਜ਼ੀਆਂ ਲੋਕਾਂ ਨੇ ਸਾਹ ਰੋਕ ਕੇ ਵੇਖੀਆਂ। ਲੋਕਾਂ ਮੂੰਹੋਂ ਪ੍ਰੋਗਰਾਮ ਦੀ ਹਰ ਆਈਟਮ ਦੀਆਂ ਸਿਫਤਾਂ ਸੁਣਾਈ ਦੇ ਰਹੀਆਂ ਸਨ।
ਸ਼ਾਮ ਨੂੰ ਕੌੜੇ ਪਾਣੀ ਵਾਲ਼ੀ ਡਿਨਰ ਪਾਰਟੀ ਵਿਚ ਖੂਬ ਰੌਣਕਾਂ ਲੱਗੀਆਂ। ਪੁਣੇ ਹਵਾਈ ਅੱਡੇ ਦੇ ਸਟੇਸ਼ਨ ਕਮਾਂਡਰ ਏਅਰ ਕਮੋਡੋਰ ਲਾਤੀਫ ਨੇ ਐਨਿਵਰਸਰੀ ਦੇ ਵਧੀਆ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸੁਕਆਡਰਨ ਕਮਾਂਡਰ, ਸੁਕਆਡਰਨ ਦੇ ਪਾਇਲਟਾਂ, ਤਕਨੀਸ਼ਨਾਂ ਤੇ ਬਾਕੀ ਦੇ ਸਟਾਫ ਨੂੰ ਵਧਾਈ ਦਿੱਤੀ। ਏਅਰ ਹੈੱਡਕੁਆਟਰ ਤੇ ਕਮਾਂਡ ਹੈੱਡਕੁਆਟਰ ਨੇ ਸੌ ਪ੍ਰਤੀਸ਼ਤ ਉਡਣਯੋਗਤਾ ਦੀ ਪੁਜ਼ੀਸ਼ਨ ਲਈ ਸੁਕਆਡਰਨ ਨੂੰ ਪ੍ਰਸ਼ੰਸਾ-ਪੱਤਰ ਭੇਜੇ ਸਨ।
ਐਨਿਵਰਸਰੀ ਤੋਂ ਮਹੀਨਾ ਕੁ ਬਾਅਦ ਪੰਜਾਬ ਜਾਣ ਦਾ ਸਬੱਬ ਬਣ ਗਿਆ। ਹਵਾਈ ਤੇ ਜ਼ਮੀਨੀ ਫੌਜ ਦੀਆਂ ਜੰਗੀ ਮਸ਼ਕਾਂ ਵਾਸਤੇ ਸਾਡੇ ਸੁਕਆਡਰਨ ਨੂੰ ਵੀ ਸੱਦਿਆ ਗਿਆ ਸੀ। ਜਹਾਜ਼ ਸਾਰੇ ਨਹੀਂ ਥੋੜ੍ਹੇ ਹੀ ਗਏ ਸਨ। ਅਸੀਂ ਚੰਡੀਗੜ ਤੋਂ ਓਪਰੇਟ ਕੀਤਾ। ਆਸਿਓਂ-ਪਾਸਿਓਂ ਕਈ ਹੋਰ ਸੁਕਆਡਰਨਾਂ ਨੇ ਵੀ ਭਾਗ ਲਿਆ। ਮਸ਼ਕਾਂ ਤੋਂ ਬਾਅਦ ਤਕਨੀਸ਼ਨਾਂ ਦੀ ਪੁਣੇ ਨੂੰ ਵਾਪਸੀ, ਰੇਲ ਰਾਹੀਂ ਸੀ। ਵਾਪਸੀ ਤੋਂ ਪਹਿਲਾਂ ਸਾਨੂੰ ਪੰਜਾਬੀ ਹਵਾਈ ਸੈਨਿਕਾਂ ਨੂੰ, ਘਰੀਂ ਜਾਣ ਵਾਸਤੇ ਚਾਰ-ਚਾਰ ਦਿਨ ਦੀ ਛੁੱਟੀ ਦਿੱਤੀ ਗਈ। ਮੈਂ ਪਹਿਲਾਂ ਹੀ ਘਰ ਨੂੰ ਚਿੱਠੀ ਪਾਈ ਹੋਈ ਸੀ ਕਿ ਬਾਪੂ ਜੀ ਤੇ ਬੀਬੀ ਮੇਰੇ ਨਾਲ਼ ਪੁਣੇ ਨੂੰ ਜਾਣ ਲਈ ਤਿਆਰ ਰਹਿਣ। ਪੁਣੇ ਤੋਂ ਹਜ਼ੂਰ ਸਾਹਿਬ ਲਾਗੇ ਪੈਂਦਾ ਸੀ। ਮੇਰਾ ਫੁਰਨਾ ਉਨ੍ਹਾਂ ਨੂੰ ਯਾਤਰਾ ਕਰਵਾਉਣ ਦਾ ਸੀ। ਪਰ ਪਰਿਵਾਰਕ ਰੁਝੇਵਿਆਂ ਕਾਰਨ ਬਾਪੂ ਜੀ ਦਾ ਜਾਣਾ ਹੀ ਸੰਭਵ ਹੋ ਸਕਿਆ।
ਪੁਣੇ ਪਹੁੰਚ ਕੇ ਹਫ਼ਤੇ ਦੀ ਕੈਯੂਅਲ ਛੁੱਟੀ ਲੈ ਕੇ ਮੈਂ, ਬਾਪੂ ਜੀ, ਕੁਲਵੰਤ ਤੇ ਹਰਪ੍ਰੀਤ ਹਜ਼ੂਰ ਸਾਹਿਬ ਚਲੇ ਗਏ। ਆਪਣੇ ਟਰੱਕ ਲੈ ਕੇ ਯਾਤਰਾ ਕਰਨ ਗਏ ਸਾਡੇ ਪੰਜਾਬੀ ਵੀਰ, ਉਨ੍ਹਾਂ ਟਰੱਕਾਂ ‘ਤੇ ਸੰਗਤ ਨੂੰ ਵੀ ਆਲੇ-ਦੁਆਲੇ ਦੇ ਗੁਰਦਵਾਰਿਆਂ ਦੇ ਦਰਸ਼ਨ ਕਰਵਾ ਲਿਆਉਂਦੇ। ਉਹ ਟਰੱਕ ਆਮ ਤੌਰ ‘ਤੇ ਬਾਬਾ ਨਿਧਾਨ ਸਿੰਘ ਦੇ ਗੁਰਦਵਾਰੇ ਤੋਂ ਚਲਦੇ ਸਨ। ਅਸੀਂ ਵੀ ਉਨ੍ਹਾਂ ਟਰੱਕਾਂ ਰਾਹੀਂ ਸਾਰੇ ਗੁਰਦਵਾਰਿਆਂ ਦੀ ਯਾਤਰਾ ਕੀਤੀ। ਉਦੋਂ ਗੁਰਦਵਾਰਾ ਸ਼ਿਕਾਰ ਘਾਟ ਅਜੇ ਉਸਾਰੀ ਅਧੀਨ ਸੀ। ਯਾਤਰਾ ਤੋਂ ਮੁੜ ਕੇ ਬਾਪੂ ਜੀ ਸਾਡੇ ਕੋਲ਼ ਦੋ ਮਹੀਨੇ ਰਹੇ।
(ਇਹ ਆਰਟੀਕਲ ਇਥੇ ਸਮਾਪਤ ਹੁੰਦਾ ਹੈ)
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …