ਮੁੱਖ ਮੰਤਰੀ ਭਗਵੰਤ ਮਾਨ ਸਮੇਤ 40 ਹਜ਼ਾਰ ਬੱਚੇ ਅਰਦਾਸ ’ਚ ਹੋਏ ਸ਼ਾਮਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਤਹਿਤ ਅੱਜ ਅੰਮਿ੍ਰਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਆਰੰਭ ਕੀਤੀ ਮੁਹਿੰਮ ‘ਦਿ ਹੋਪ ਇਨੀਸ਼ੀਏਟਿਵ’ ਵਿੱਚ ਸ਼ਾਮਲ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ ਦੇ 40 ਹਜ਼ਾਰ ਬੱਚਿਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੀ ਨਸ਼ਾਮੁਕਤੀ ਲਈ ਅਰਦਾਸ ਕੀਤੀ। ਇਸ ਅਰਦਾਸ ਸਮਾਗਮ ਦੇ ਚਲਦਿਆਂ ਏਸ਼ੀਆ ਬੁੱਕ ਆਫ਼ ਰਿਕਾਰਡ, ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਗੋਲਡਨ ਬੁੱਕ ਆਫ਼ ਰਿਕਾਰਡ ਅੰਮਿ੍ਰਤਸਰ ਦੇ ਨਾਮ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ 11 ਵਜੇ ਅੰਮਿ੍ਰਤਸਰ ਵਿਖੇ ਪਹੁੰਚੇ ਅਤੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ‘ਦ ਹੋਪ, ਅਰਦਾਸ, ਸਹੁੰ ਅਤੇ ਖੇਡ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹ ਕੋਈ ਵੀ ਰਾਜਨੀਤਿਕ ਬਿਆਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਥੇ ਮੌਜੂਦ ਨੌਜਵਾਨਾਂ ਨੇ ਨਸ਼ੇ ਨੂੰ ਕਦੇ ਵੀ ਹੱਥ ਨਾ ਲਗਾਉਣ ਅਤੇ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੰਗਲੇ ਪੰਜਾਬ ਵੱਲ ਵਧ ਰਹੇ ਹਾਂ ਅਤੇ ਸਾਡੇ ਨੌਜਵਾਨ ਖੇਡਾਂ ਵਿਚ ਅੱਗੇ ਵਧ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਹਿੱਸੇ ਏਸ਼ੀਆਈ ਖੇਡਾਂ ਦੌਰਾਨ 19 ਮੈਡਲ ਆਏ ਹੋਣ। ਅੱਜ ਵੀ ਅੰਮਿ੍ਰਤਸਰ ਦੇ 40 ਮੈਦਾਨਾਂ ਵਿਚ ਨੌਜਵਾਨ ਖੇਡਾਂ ਖੇਡ ਰਹੇ ਹਨ ਅਤੇ ਉਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਖੁਸ਼ੀ ਜਾਹਰ ਕੀਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਲੋਕਾਂ ’ਚ ਵਸਦਾ ਹੈ ਅਤੇ ਅੱਜ ਜਦੋਂ ਇੰਨੇ ਲੋਕ ਇਕੱਠੇ ਹੋ ਕੇ ਅਰਦਾਸ ਕੀਤੀ ਗਈ ਹੈ ਤਾਂ ਇਸ ਅਰਦਾਸ ਦਾ ਅਸਰ ਵੀ ਜ਼ਰੂਰ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ, ਗੁਰਮੀਤ ਸਿੰਘ ਮੀਤ ਹੇਅਰ, ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਪੁਲਿਸ ਕਮਿਸ਼ਨ ਨੌਨਿਹਾਲ ਸਿੰਘ ਆਦਿ ਵੀ ਮੌਜੂਦ ਸਨ।