6.8 C
Toronto
Monday, November 3, 2025
spot_img
Homeਪੰਜਾਬਲਖੀਮਪੁਰ ਖੀਰੀ ਕਾਂਡ : ਕਿਸਾਨਾਂ ਨੇ ਇਨਸਾਫ਼ ਲਈ ਕੇਂਦਰ ਦੇ ਪੁਤਲੇ ਫੂਕੇ

ਲਖੀਮਪੁਰ ਖੀਰੀ ਕਾਂਡ : ਕਿਸਾਨਾਂ ਨੇ ਇਨਸਾਫ਼ ਲਈ ਕੇਂਦਰ ਦੇ ਪੁਤਲੇ ਫੂਕੇ

ਕਿਸਾਨ ਮੋਰਚੇ ਦੇ ਸੱਦੇ ‘ਤੇ ਮਨਾਇਆ ਕਾਲਾ ਦਿਵਸ; ਅਜੈ ਮਿਸ਼ਰਾ ਟੈਨੀ ਖਿਲਾਫ ਕਾਰਵਾਈ ਮੰਗੀ
ਚੰਡੀਗੜ੍ਹ : ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਤਿੰਨ ਅਕਤੂਬਰ ਦਿਨ ਮੰਗਲਵਾਰ ਨੂੰ ਕੌਮੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਲਖੀਮਪੁਰ ਖੀਰੀ ਕਤਲ ਕਾਂਡ ਦੇ ਪੂਰੇ ਇਨਸਾਫ ਲਈ ਕਾਲੇ ਦਿਵਸ ਵਜੋਂ ਸੂਬਾ ਭਰ ‘ਚ ਜ਼ਿਲ੍ਹਾ ਤੇ ਸਬ ਡਿਵੀਜ਼ਨ ਅਤੇ ਪਿੰਡ ਪੱਧਰਾਂ ਤੱਕ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਾ-ਫੂਕ ਰੋਸ ਪ੍ਰਦਰਸ਼ਨਾਂ ਰਾਹੀਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੁਖਦੇਵ ਸਿੰਘ ਕੋਕਰੀ ਕਲਾਂ, ਜਗਮੋਹਨ ਸਿੰਘ, ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਸਰਵਣ ਸਿੰਘ ਪੰਧੇਰ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਆਦਿ ਨੇ ਵੱਖੋ-ਵੱਖਰੇ ਬਿਆਨਾਂ ਰਾਹੀਂ ਦੱਸਿਆ ਕਿ ਪ੍ਰਦਰਸ਼ਨਾਂ ਵਿੱਚ ਪਿੰਡਾਂ ਅਤੇ ਕਸਬਿਆਂ ਤੋਂ ਔਰਤਾਂ ਅਤੇ ਨੌਜਵਾਨ ਸ਼ਾਮਲ ਹੋਏ। ਕੌਮੀ ਮਾਰਗਾਂ ‘ਤੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ। ਰੋਸ ਮੁਜ਼ਾਹਰਿਆਂ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 2 ਸਾਲ ਬੀਤਣ ਮਗਰੋਂ ਵੀ ਸਰਕਾਰ ਪੀੜਤਾਂ ਨੂੰ ਨਿਆਂ ਦੇਣ ਤੋਂ ਟਾਲਾ ਵੱਟ ਰਹੀ ਹੈ। ਕਿਸਾਨਾਂ ਵੱਲੋਂ ਭਾਜਪਾ ਸਰਕਾਰ ਵਿਰੁੱਧ ਮੁਜ਼ਾਹਰੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਮੰਗਾਂ ਵਾਲੇ ਬੈਨਰ ਚੁੱਕੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਦੋ ਸਾਲ ਪਹਿਲਾਂ ਇਸੇ ਦਿਨ ਲਖੀਮਪੁਰ ਖੀਰੀ (ਯੂਪੀ) ‘ਚ ਹੋਏ ਕਿਸਾਨਾਂ ਦੇ ਕਤਲੇਆਮ ਦੇ ਕਥਿਤ ਮੁੱਖ ਸਾਜਸ਼ਘਾੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜਨ ਵਾਲੇ ਉਸ ਦੇ ਲੜਕੇ ਅਸ਼ੀਸ਼ ਮਿਸ਼ਰਾ ਟੈਨੀ ਸਣੇ ਪੂਰੇ ਟੋਲੇ ਨੂੰ 5 ਕਤਲਾਂ ਲਈ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਅਜਿਹੇ ਮੁਲਜ਼ਮਾਂ ਨੂੰ ਸ਼ਰਨ ਦੇਣੀ ਬੰਦ ਕਰੇ ਨਹੀਂ ਤਾਂ 2024 ਦੀਆਂ ਚੋਣਾਂ ਵਿੱਚ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ।

RELATED ARTICLES
POPULAR POSTS