Breaking News
Home / ਪੰਜਾਬ / ਆਜ਼ਾਦੀ ਦਾ ਮੁੱਢ ਸਤਿਗੁਰੂ ਰਾਮ ਸਿੰਘ ਨੇ ਬੰਨ੍ਹਿਆ : ਮੋਹਨ ਭਾਗਵਤ

ਆਜ਼ਾਦੀ ਦਾ ਮੁੱਢ ਸਤਿਗੁਰੂ ਰਾਮ ਸਿੰਘ ਨੇ ਬੰਨ੍ਹਿਆ : ਮੋਹਨ ਭਾਗਵਤ

ਸਤਿਗੁਰੂ ਪ੍ਰਤਾਪ ਸਿੰਘ ਦੀ ਯਾਦ ਵਿੱਚ ਭੈਣੀ ਸਾਹਬਿ ‘ਚ ਸਿਮ੍ਰਤੀ ਸਮਾਗਮ ਨੂੰ ਕੀਤਾ ਸੰਬੋਧਨ
ਮਾਛੀਵਾੜਾ/ਬਿਊਰੋ ਨਿਊਜ਼ : ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਤੀਰਥ ਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਮੌਜੂਦਾ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਦੀ ਹਾਜ਼ਰੀ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਯਾਦ ਵਿੱਚ ਸਿਮ੍ਰਤੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਦਾ ਮੁੱਢ ਸਤਿਗੁਰੂ ਰਾਮ ਸਿੰਘ ਨੇ ਵਿਦੇਸ਼ੀ ਸਾਮਾਨ ਦਾ ਮੁਕੰਮਲ ਬਾਈਕਾਟ ਕਰਕੇ ਬੰਨ੍ਹਿਆ। ਅੱਜ ਮਜ਼ਬੂਤ ਭਾਰਤ ਬਣਾਉਣ ਲਈ ਸਤਿਗੁਰੂ ਜੀ ਤੋਂ ਪ੍ਰੇਰਨਾ ਲੈ ਕੇ ਵਿਦੇਸ਼ੀ ਸਾਮਾਨ ਦਾ ਮੁਕੰਮਲ ਬਾਈਕਾਟ ਕਰਨ ਦੀ ਲੋੜ ਹੈ। ਭਾਗਵਤ ਨੇ ਆਖਿਆ ਕਿ ਭਾਰਤ ਦੀ ਆਜ਼ਾਦੀ ਲਈ ਸੈਂਕੜੇ ਨਾਮਧਾਰੀ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ, ”ਸਾਨੂੰ ਭਾਰਤ ਦੀ ਤਰੱਕੀ ਲਈ ਇੱਕ-ਦੂਜੇ ਬਾਰੇ ਚੰਗਾ ਸੋਚਣਾ ਤੇ ਚੰਗੀ ਵਿਚਾਰਧਾਰਾ ਅਪਣਾਉਣ ਦੀ ਲੋੜ ਹੈ। ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨੇ ਆਖਿਆ, ”ਧਰਮ ਗਿਆਨ ਦਾ ਨਾਮ ਹੈ, ਸਾਡੇ ਰਸਤੇ ਵੱਖ-ਵੱਖ ਹੋ ਸਕਦੇ ਹਨ ਪਰ ਮੰਜ਼ਿਲ ਇੱਕ ਹੀ ਹੈ। ਉਨ੍ਹਾਂ ਦੱਸਿਆ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਹਿੰਦੋਸਤਾਨ ਦੀ ਵਾੜ ਹੈ, ਸਭ ਤੋਂ ਵੱਧ ਸ਼ਹਾਦਤਾਂ ਪੰਜਾਬੀਆਂ ਨੇ ਦਿੱਤੀਆਂ ਹਨ, ਜਿਸ ਲਈ ਪੰਜਾਬੀਆਂ ਨੂੰ ਬਣਦਾ ਮਾਣ ਮਿਲਣਾ ਚਾਹੀਦਾ ਹੈ।

ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੇ ਬਿਨਾ ਪਰਤੇ ਭਾਗਵਤ

ਆਰਐੱਸਐੱਸ ਮੁਖੀ ਦੇ ਲੁਧਿਆਣਾ ਦੌਰੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ
ਲੁਧਿਆਣਾ : ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਸ੍ਰੀ ਭੈਣੀ ਸਾਹਿਬ ਵਿੱਚ ਸਮਾਗਮ ‘ਚ ਹਿੱਸਾ ਲੈਣ ਉਪਰੰਤ ਬਿਨਾਂ ਕਿਸੇ ਭਾਜਪਾ ਆਗੂ ਨੂੰ ਮਿਲੇ ਪਰਤ ਗਏ। ਮੋਹਨ ਭਾਗਵਤ ਫਿਰੋਜ਼ਪੁਰ ਰੋਡ ‘ਤੇ ਸਥਿਤ ਮਾਧਵ ਭਵਨ ਪੁੱਜੇ ਸਨ। ਜ਼ਿਲ੍ਹਾ ਪੁਲਿਸ ਵੱਲੋਂ ਉਨ੍ਹਾਂ ਦੀ ਫੇਰੀ ਨੂੰ ਦੇਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਹ ਸੱਚਖੰਡ ਐਕਸਪ੍ਰੈੱਸ ਰੇਲਗੱਡੀ ਰਾਹੀਂ ਲੁਧਿਆਣਾ ਆਏ ਅਤੇ ਉਨ੍ਹਾਂ ਨੂੰ ਸੁਰੱਖਿਆ ਛਤਰੀ ਹੇਠ ਮਾਧਵ ਭਵਨ ਲਿਆਂਦਾ ਗਿਆ ਜਿੱਥੇ ਉਹ ਰਾਤ ਰੁਕੇ ਅਤੇ ਸੋਮਵਾਰ ਸਵੇਰੇ ਸ੍ਰੀ ਭੈਣੀ ਸਾਹਿਬ ਪਹੁੰਚੇ ਸਨ। ਉਹ ਸ੍ਰੀ ਭੈਣੀ ਸਾਹਿਬ ਤੋਂ ਵਾਪਸ ਆ ਕੇ ਕੁੱਝ ਸਮੇਂ ਲਈ ਮੁੜ ਮਾਧਵ ਭਵਨ ਪਹੁੰਚੇ ਅਤੇ ਫਿਰ ਰੇਲਵੇ ਸਟੇਸ਼ਨ ਰਵਾਨਾ ਹੋ ਗਏ। ਭਾਗਵਤ ਦੇ ਲੁਧਿਆਣਾ ਦੌਰੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਜਦਕਿ ਪ੍ਰਬੰਧਕਾਂ ਨੂੰ ਸਿਰਫ਼ ਐਨਾ ਹੀ ਦੱਸਿਆ ਗਿਆ ਸੀ ਕਿ ਦਿੱਲੀ ਤੋਂ ਕਿਸੇ ਵੱਡੇ ਆਗੂ ਨੇ ਆਉਣਾ ਹੈ ਅਤੇ ਇੱਥੇ ਰਾਤ ਨੂੰ ਰੁਕਣਾ ਹੈ। ਪੁਲਿਸ ਵੱਲੋਂ ਮਾਧਵ ਭਵਨ ਦੇ ਸਾਰੇ ਇਲਾਕੇ ਨੂੰ ਸੀਲ ਕੀਤਾ ਗਿਆ ਸੀ ਅਤੇ ਭਵਨ ਨੇੜੇ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਸੀ। ਇਸ ਦੌਰਾਨ ਇੱਕ ਭਾਜਪਾ ਆਗੂ ਨੇ ਦੱਸਿਆ ਕਿ ਮੋਹਨ ਭਾਗਵਤ ਸ੍ਰੀ ਭੈਣੀ ਸਾਹਿਬ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਚੇਚੇ ਤੌਰ ‘ਤੇ ਪੁੱਜੇ ਸਨ ਅਤੇ ਉਨ੍ਹਾਂ ਵੱਲੋਂ ਇੱਥੇ ਕਿਸੇ ਵੀ ਮੀਟਿੰਗ ਦਾ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ ਸੀ।

 

Check Also

ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕੱਢੀ ਭੜਾਸ

ਨਸ਼ਿਆਂ ਦੇ ਮੁੱਦੇ ’ਤੇ ਦੋਵਾਂ ਆਗੂਆਂ ਨੇ ਮੁੱਖ ਮੰਤਰੀ ਨੂੰ ਘੇਰਿਆ ਜਲੰਧਰ/ਬਿਊਰੋ ਨਿਊਜ਼ ਪੰਜਾਬ ਭਾਜਪਾ …