15.6 C
Toronto
Thursday, September 18, 2025
spot_img
Homeਪੰਜਾਬਸ਼ਾਹ ਨੇ 'ਮੋਦੀ-ਬਾਦਲ ਵਿਕਾਸ ਜੋੜੀ' ਦੇ ਮੰਤਰ ਨਾਲ ਵਜਾਇਆ ਚੋਣ ਬਿਗਲ

ਸ਼ਾਹ ਨੇ ‘ਮੋਦੀ-ਬਾਦਲ ਵਿਕਾਸ ਜੋੜੀ’ ਦੇ ਮੰਤਰ ਨਾਲ ਵਜਾਇਆ ਚੋਣ ਬਿਗਲ

amit-shah-in-jalandhar-copy-copyਸੁਖਬੀਰ ਨੇ ਅਕਾਲੀ ਦਲ ਨੂੰ ਦੱਸਿਆ ਭਾਜਪਾ ਦਾ ਸਭ ਤੋਂ ਵਧੀਆ ਸਾਥੀ
ਜਲੰਧਰ/ਬਿਊਰੋ ਨਿਊਜ਼
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਇਥੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਕਰਵਾਏ ਭਾਜਪਾ ਬੂਥ ਵਰਕਰ ਸਮਾਗਮ ਦੌਰਾਨ ਲੋਕਾਂ ਨੂੰ ਉਮੀਦਵਾਰ ਦੇਖਣ ਦੀ ਬਜਾਏ ‘ਮੋਦੀ-ਬਾਦਲ ਦੀ ਵਿਕਾਸ ਜੋੜੀ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਭਾਜਪਾ ਪ੍ਰਧਾਨ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਏਕਤਾ ਦਾ ਪ੍ਰਤੀਕ ਦੱਸਦਿਆਂ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਐਨਡੀਏ ਦੇ ਸ਼ਾਸਨ ਨੂੰ ਦੇਸ਼ ਦੀ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗੱਠਜੋੜ ਦਾ ਜਿੱਤਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਭਾਜਪਾ ਪੂਰੇ ਦੇਸ਼ ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਡਾ. ਅੰਬੇਦਕਰ ਦੀ ਸੋਚ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀ ਹੈ। ਨੋਟਬੰਦੀ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਕਾਲਾ ਧਨ ਖ਼ਤਮ ਕਰਨ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਲਾਲ ਨੇ ਆਪਣੇ ਸੰਬੋਧਨ ਵਿਚ ਪਾਰਟੀ ਵਰਕਰਾਂ ਨੂੰ ‘ਬੂਥ ਜੀਤਾ, ਚੁਨਾਵ ਜੀਤਾ’ ਦਾ ਨਾਅਰਾ ਦਿੱਤਾ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਸਾਰੇ ਵਰਕਰ ਆਪਣੇ ਬੂਥਾਂ ਦੀਆਂ ਵੋਟਰ ਲਿਸਟਾਂ ਦੀ ਘੋਖ ਕਰਨ ਅਤੇ ਆਪਣੇ ਸਮਰਥਕ ਵੋਟਰਾਂ ਦੀ ਪਛਾਣ ਕਰਕੇ ਚੋਣਾਂ ਵਿਚ ਉਨ੍ਹਾਂ ਦੀ ਵੋਟ ਆਪਣੇ ਹੱਕ ਵਿਚ ਭੁਗਤਣੀ ਯਕੀਨੀ ਬਣਾਉਣ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਭਾਜਪਾ ਦਾ ਸਭ ਤੋਂ ਵਧੀਆ ਸਾਥੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਕੇਂਦਰ ਅਤੇ ਪੰਜਾਬ ਵਿਚ ‘ਉਨ੍ਹਾਂ ਦੀ’ ਹੀ ਸਰਕਾਰ ਹੈ। ਇਸੇ ਕਾਰਨ ਕੇਂਦਰ ਵੱਲੋਂ ਪੰਜਾਬ ਵਿਚ ਚਾਰ ਅਤੇ ਛੇ ਲੇਨ ਸੜਕਾਂ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲ ਸਕੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਦਲੇਰ ਪ੍ਰਧਾਨ ਮੰਤਰੀ ਕਰਾਰ ਦਿੱਤਾ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਵਰਕਰਾਂ ਨੂੰ ਚੋਣਾਂ ਜਿੱਤਣ ਲਈ ਡੱਟ ਕੇ ਮਿਹਨਤ ਕਰਨ ਦਾ ਸੱਦਾ ਦਿੱਤਾ। ਨੋਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦੇ ਬਾਵਜੂਦ ਲੋਕ ਇਸ ਫ਼ੈਸਲੇ ਤੋਂ ਖੁਸ਼ ਹਨ।

RELATED ARTICLES
POPULAR POSTS